ਜ਼ਿਮਨੀ ਚੋਣ ਲੋਕ ਸਭਾ 2022 - ਹੁਣ ਤੱਕ ਸੀ-ਵਿਜਿਲ ਐਪ 'ਤੇ  ਆਈਆਂ 05 ਸ਼ਿਕਾਇਤਾਂ

ਪੰਜੇ ਸਿਕਾਇਤਾਂ ਦਾ ਸਮਾਂਬੱਧ ਨਿਪਟਾਰਾ, ਬਾਕੀ 03 ਟੈਸਟ ਸਿਕਾਇਤਾਂ ਰੱਦ -ਜ਼ਿਲ੍ਹਾ ਚੋਣ ਅਫ਼ਸਰ

ਚੋਣ ਜ਼ਾਬਤੇ ਦੀ ਉਲੰਘਣਾ ਤੇ ਚੋਣਾਂ ਨਾਲ ਸਬੰਧਿਤ ਮਾਮਲਿਆਂ ਲਈ ਜ਼ਿਲ੍ਹੇ 'ਚ ਪ੍ਰਤੀਬੱਧ ਸ਼ਿਕਾਇਤ ਸੈੱਲ ਸਰਗਰਮ

 ਮਲੇਰਕੋਟਲਾ 13 ਜੂਨ   (ਰਣਜੀਤ ਸਿੱਧਵਾਂ)  : ਜ਼ਿਲ੍ਹਾ ਪ੍ਰਸ਼ਾਸਨ ਮਲੇਰਕੋਟਲਾ ਦਾ ਇੱਕੋ-ਇੱਕ ਏਜੰਡਾ ਜ਼ਿਮਨੀ ਚੋਣ ਅਮਲ ਦੌਰਾਨ ਕਿਸੇ ਵੀ ਤਰ੍ਹਾਂ ਦੇ ਚੋਣ ਜ਼ਾਬਤੇ ਦੀ ਉਲੰਘਣਾ ਨੂੰ ਰੋਕ ਕੇ ਹਰੇਕ ਪਾਰਟੀ ਵਾਸਤੇ ਬਰਾਬਰ ਦੇ ਮੌਕੇ ਪ੍ਰਦਾਨ ਕਰਨਾ, ਵੋਟਰਾਂ ਨੂੰ ਭਰਮਾਉਣ ਦੀ ਕਿਸੇ ਵੀ ਤਰ੍ਹਾਂ ਦੀ ਕੋਸ਼ਿਸ਼ ਨੂੰ ਰੋਕਣਾ, ਉਨ੍ਹਾਂ ਵਿੱਚ ਭਰੋਸੇ, ਨਿੱਡਰਤਾ ਅਤੇ ਨਿਰਪੱਖਤਾ ਦਾ ਮਾਹੌਲ ਸਿਰਜਣਾ ਹੈ। ਇਸ ਲਈ ਵੱਖ-ਵੱਖ ਚੋਣ ਟੀਮਾਂ 24 ਘੰਟੇ ਕਾਰਜਸ਼ੀਲ ਹਨ ।ਸਹਾਇਕ ਜ਼ਿਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਸ੍ਰੀ ਸੁਖਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਜ਼ਿਮਨੀ ਚੋਣ ਲੋਕ ਸਭਾ ਦੇ ਆਦਰਸ਼ ਚੋਣ ਜ਼ਾਬਤੇ ਦੇ ਲਾਗੂ ਹੋਣ ਬਾਅਦ ਚੋਣ ਅਮਲ ਨਾਲ ਸਬੰਧਿਤ ਸ਼ਿਕਾਇਤਾਂ/ਮਾਮਲਿਆਂ ਲਈ ਪ੍ਰਤੀਬੱਧ ਪ੍ਰਣਾਲੀ ਕੰਮ ਕਰ ਰਹੀ ਹੈ ਤਾਂ ਜੋ ਚੋਣ ਅਮਲ ਨੂੰ ਨਿਰਪੱਖ, ਸੁਤੰਤਰ, ਸ਼ਾਂਤਮਈ ਤੇ ਨਿਰਵਿਘਨ ਬਣਾਇਆ ਜਾ ਸਕੇ। ਜ਼ਿਮਨੀ ਚੋਣ ਲੋਕ ਸਭਾ ਦੇ ਮੱਦੇਨਜ਼ਰ ਹਲਕਾ-105 ਮਾਲੇਰਕੋਟਲਾ ਵਿਖੇ ਇੱਕ ਸੀ ਵਿਜਿਲ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਜੋ ਕਿ ਚੋਣ ਅਮਲ ਨਾਲ ਸਬੰਧਤ ਸਿਕਾਇਤਾਂ ਦੇ ਨਿਪਟਾਰੇ ਲਈ 24 ਘੰਟੇ ਕੰਮ ਕਰ ਰਿਹਾ ਹੈ, ਜਿੱਥੇ ਪ੍ਰਾਪਤ ਹੋਈ ਹਰੇਕ ਸ਼ਿਕਾਇਤ ਨੂੰ ਬੜੀ ਹੀ ਗੰਭੀਰਤਾ ਨਾਲ ਲੈ ਕੇ ਸਬੰਧਤ  ਰਿਟਰਨਿੰਗ ਅਫ਼ਸਰ ਨੂੰ ਭੇਜਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸੀ-ਵਿਜਿਲ ਜੋ ਕਿ ਐਂਡਰਾਇਡ/ਆਈ.ਓ.ਐਸ ਪਲੇਟਫ਼ਾਰਮ ਅਧਾਰਿਤ ਆਨਲਾਈਨ ਸ਼ਿਕਾਇਤ ਪ੍ਰਣਾਲੀ ਹੈ, ਰਾਹੀਂ ਪਿਛਲੇ ਹੁਣ ਤੱਕ ਆਈਆਂ 08 ਸ਼ਿਕਾਇਤਾਂ ਵਿੱਚੋਂ 05 ਸ਼ਿਕਾਇਤਾਂ ਦਾ ਸਮਾਂਬੱਧ ਨਿਪਟਾਰਾ ਕੀਤਾ ਗਿਆ ਹੈ ਅਤੇ ਬਾਕੀ ਤਿੰਨ ਟੈਸਟ ਸਿਕਾਇਤਾ ਰੱਦ ਕਰ ਦਿੱਤੀ ਗਈਆ ਹਨ। ਜਿਆਦਾ ਤਰ ਸਿਕਾਇਤਾ ਸਰਕਾਰੀ ਇਮਾਰਤਾਂ ਤੇ ਪੋਸਟਰ/ਬੈਨਰ  ਲੱਗਣ ਦੀਆ ਪ੍ਰਾਪਤ ਹੋਇਆ ਸਨ । ਨੋਡਲ ਅਫ਼ਸਰ ਸੀ-ਵਿਜਿਲ ਸ੍ਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਸੀ-ਵਿਜਿਲ ਐਪ 'ਤੇ ਆਉਂਦੀ ਸ਼ਿਕਾਇਤ ਨੂੰ ਪ੍ਰਾਪਤ ਹੋਣ ਦੇ ਪੰਜ ਮਿੰਟ 'ਚ ਹੀ ਫਲਾਇੰਗ ਸਕੂਐਡ ਟੀਮ ਨੂੰ ਸੌਂਪ ਦਿੱਤਾ ਜਾਂਦਾ ਹੈ। ਟੀਮ 15 ਮਿੰਟ 'ਚ ਸਬੰਧਿਤ ਥਾਂ 'ਤੇ ਪਹੁੰਚਦੀ ਹੈ। ਉਸ ਤੋਂ ਬਾਅਦ 30 ਮਿੰਟ 'ਚ ਉਸ ਸ਼ਿਕਾਇਤ ਦੇ ਤੱਥ ਜਾਂਚ ਕੇ, ਉਸ ਦੇ ਸਹੀ ਜਾਂ ਗ਼ਲਤ ਹੋਣ ਬਾਰੇ ਸਬੰਧਿਤ ਹਲਕੇ ਦੇ ਰਿਟਰਨਿੰਗ ਅਫ਼ਸਰ ਨੂੰ ਅਗਲੇਰੀ ਕਾਰਵਾਈ ਲਈ ਭੇਜ ਦਿੱਤੀ ਜਾਂਦੀ ਹੈ। ਰਿਟਰਨਿੰਗ ਅਫ਼ਸਰ ਉਸ ਸ਼ਿਕਾਇਤ 'ਤੇ ਅਗਲੇ 50 ਮਿੰਟ 'ਚ ਆਪਣੇ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਕਰਕੇ ਇਸ ਦਾ ਨਿਪਟਾਰਾ ਕਰ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਕੇਵਲ 100 ਮਿੰਟ 'ਚ ਸ਼ਿਕਾਇਤ ਨੂੰ ਹੱਲ ਕਰਨਾ ਯਕੀਨੀ ਬਣਾਇਆ ਜਾਂਦਾ ਹੈ।