ਸਮਰਪਿਤ ਸੰਤ ਕਬੀਰ ਜੀ ਨੂੰ ✍️ ਸਲੇਮਪੁਰੀ ਦੀ ਚੂੰਢੀ

 ਅੱਜ ਉਸ ਮਹਾਨ ਰਹਿਬਰ ਸੰਤ ਕਬੀਰ ਜੀ ਦਾ ਪ੍ਰਕਾਸ਼ ਉਤਸਵ ਹੈ, ਜਿਨ੍ਹਾਂ ਨੇ ਉਸ ਸਮੇਂ ਜਦੋਂ ਭਾਰਤੀ ਸਮਾਜ ਵਿਚ ਜਾਤ-ਪਾਤ ਅਤੇ ਊਚ - ਨੀਚ ਦਾ ਬਹੁਤ ਬੋਲਬਾਲਾ ਸੀ, ਦੇ ਦੌਰਾਨ ਬ੍ਰਾਹਮਣਵਾਦ/ ਮਨੂੰਵਾਦ ਅਤੇ ਪੂੰਜੀਵਾਦ ਦੇ ਵਿਰੁੱਧ ਨਿਧੜਕ ਹੋ ਕੇ ਅਵਾਜ ਬੁਲੰਦ ਕਰਦਿਆਂ ਸਮਾਜ ਵਿਚ ਮਾਨਵਤਾ ਦੀ ਬਹਾਲੀ ਲਈ ਆਪਣੀ ਜਿੰਦਗੀ ਅਰਪਣ ਕਰ ਦਿੱਤੀ। ਉਨ੍ਹਾਂ ਬ੍ਰਾਹਮਣਵਾਦੀ / ਮਨੂੰਵਾਦੀ ਲੋਕਾਂ ਨੂੰ ਵੰਗਾਰਦਿਆਂ ਕਿਹਾ ਕਿ ਜੇ ਉਹ ਆਪਣੇ ਆਪ ਨੂੰ ਸੱਭ ਤੋਂ ਉੱਚਾ ਮੰਨਦੇ ਹਨ ਤਾਂ ਫਿਰ ਉਹ ਕਿਸੇ ਹੋਰ ਰਸਤੇ ਪੈਦਾ ਕਿਉਂ ਨਹੀਂ ਹੋਏ? ਸੰਤ ਕਬੀਰ ਜੀ ਲਿਖਦੇ ਹਨ ਕਿ -
ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ॥
ਤਉ ਆਨ ਬਾਟ ਕਾਹੇ ਨਹੀ ਆਇਆ॥੨॥
ਤੁਮ ਕਤ ਬ੍ਰਾਹਮਣ ਹਮ ਕਤ ਸੂਦ॥
ਹਮ ਕਤ ਲੋਹੂ ਤੁਮ ਕਤ ਦੂਧ॥3॥
ਕਹੁ ਕਬੀਰ ਜੋ ਬ੍ਰਹਮੁ ਬੀਚਾਰੈ॥
ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ॥੪॥੭॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੩੨੪)
ਉਹ ਇੱਕ ਅਜਿਹੇ ਕ੍ਰਾਂਤੀਕਾਰੀ ਸੰਤ ਸਨ, ਜਿਨ੍ਹਾਂ ਨੇ ਸਮਾਜ ਨੂੰ ਪਾਖੰਡਵਾਦ ਅਤੇ ਵਹਿਮਾਂ ਭਰਮਾਂ ਤੋਂ ਮੁਕਤੀ ਦਿਵਾਉਣ ਲਈ ਸੰਘਰਸ਼ ਕੀਤਾ। ਉਹ ਨਿੱਡਰ ਹੋ ਕੇ ਰੱਬ ਦੇ ਉਨ੍ਹਾਂ ਪਾਖੰਡੀ ਭਗਤਾਂ ਨੂੰ ਫਿਟਕਾਰਾਂ ਮਾਰਦੇ ਸਨ, ਜਿਹੜੇ ਉੱਚੀ ਉੱਚੀ ਅਵਾਜਾਂ ਮਾਰ ਕੇ ਰੱਬ ਨੂੰ ਬੁਲਾਉਂਦੇ ਸਨ। ਸੰਤ ਕਬੀਰ ਜੀ ਲਿਖਦੇ ਹਨ ਕਿ 'ਰੱਬ ਬੋਲਾ ਨਹੀਂ ਹੈ, ਜਿਸ ਨੂੰ ਉੱਚੀ ਉੱਚੀ ਅਵਾਜਾਂ ਮਾਰ ਕੇ ਬੁਲਾਉਂਦੇ ਹੋ'। ਉਨ੍ਹਾਂ ਨੇ ਭੋਲੇ ਭਾਲੇ ਲੋਕਾਂ ਦੀ ਲੁੱਟ-ਖਸੁੱਟ ਅਤੇ ਗੈਰ-ਮਾਨਵਤਾਵਾਦੀ ਢਾਂਚੇ ਨੂੂੰ ਨਕਾਰਦਿਆਂ ਆਰਥਿਕ ਅਤੇ ਸਮਾਜਿਕ ਬਰਾਬਰਤਾ ਦਾ ਨਾਅਰਾ ਦਿੱਤਾ। ਉਨ੍ਹਾਂ ਦਾ ਸੰਦੇਸ਼ ਹੈ ਕਿ ਮਨੁੱਖ ਨੂੰ ਹਮੇਸ਼ਾ ਆਪਣੇ ਹੱਥਾਂ ਦੀ ਕਿਰਤ ਕਮਾਈ ਖਾਣੀ ਚਾਹੀਦੀ ਹੈ ਅਤੇ ਇਸੇ ਕਰਕੇ ਉਨ੍ਹਾਂ ਨੇ  ਸਾਰੀ ਜਿੰਦਗੀ ਖੁਦ ਆਪਣੇ ਹੱਥੀਂ ਕੰਮ ਕਰਨ ਨੂੰ ਧਰਮ ਮੰਨਦਿਆਂ ਨੇਕ ਕਮਾਈ ਕੀਤੀ।
ਉਹ ਬਹੁਤ ਹੀ ਨਿੱਡਰ, ਨਿਧੜਕ, ਕ੍ਰਾਂਤੀਕਾਰੀ, ਜੁਝਾਰੂ ਅਤੇ ਯੁੱਗ ਪਲਟਾਊ ਸੁਭਾਅ ਦੇ ਮਾਲਕ ਹੋਣ ਕਰਕੇ ਆਖਦੇ ਸਨ ਕਿ ਬਹਾਦਰ ਅਤੇ ਸੂਰਮੇ  ਉਹ ਲੋਕ ਹੁੰਦੇ ਹਨ, ਜਿਹੜੇ ਸਮਾਜ ਵਿਚ ਆਰਥਿਕ, ਸਮਾਜਿਕ, ਅਤੇ ਰਾਜਨੀਤਿਕ ਤਬਦੀਲੀ ਲਿਆਉਣ ਦੇ ਨਾਲ ਨਾਲ ਆਪਣੇ ਹੱਕਾਂ ਅਤੇ ਹਿੱਤਾਂ ਲਈ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਮੈਦਾਨ-ਏ-ਜੰਗ ਜਾ ਕੇ ਲੜਦੇ ਹਨ ਅਤੇ ਅੰਗ-ਅੰਗ ਕੱਟੇ ਜਾਣ 'ਤੇ ਵੀ ਮੈਦਾਨ ਨਹੀਂ ਛੱਡਦੇ। ਸੰਤ ਕਬੀਰ ਜੀ ਲਿਖਦੇ ਹਨ ਕਿ -
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੧੧੦੫)
ਅੱਜ ਬਹੁਤ ਹੀ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਹਾਂ ਜਾਂ ਫਿਰ ਢੌਂਗ ਕਰਦੇ ਹਾਂ, ਜਦ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੰਤ ਕਬੀਰ ਜੀ ਵਰਗੇ ਜਿਹੜੇ ਮਹਾਪੁਰਸ਼ਾਂ ਦੀ ਬਾਣੀ ਦਰਜ ਹੈ, ਨੂੰ ਗੁਰੂ ਮੰਨਣ ਤੋਂ ਹਿਚਕਚਾਹਟ ਮਹਿਸੂਸ ਕਰ ਰਹੇ ਹਾਂ, ਹਾਲਾਂਕਿ ਗੁਰੂ ਅਰਜਨ ਦੇਵ ਜੀ ਨੇ ਬਿਨਾਂ ਕਿਸੇ ਪੱਖਪਾਤ ਅਤੇ ਵਿਤਕਰੇ ਤੋਂ ਉਨ੍ਹਾਂ ਸਾਰਿਆਂ ਮਹਾਂਪੁਰਸ਼ਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤੀ, ਜਿਨ੍ਹਾਂ ਦੀ ਬਾਣੀ ਮਾਨਵਤਾ ਦੇ ਭਲੇ ਲਈ ਹਿੱਕ ਠੋਕ ਕੇ ਲੁਟੇਰਿਆਂ ਵਿਰੁੱਧ ਖੜ੍ਹਦੀ ਹੈ ਅਤੇ ਸਮਾਜ ਨੂੰ ਸਹੀ ਸੇਧ ਪ੍ਰਦਾਨ ਕਰਦੀ ਹੈ।
ਸੰਤ ਕਬੀਰ ਜੀ ਲਿਖਦੇ ਹਨ ਕਿ ਸਮਾਜ ਵਿਚ ਕੋਈ ਵੀ ਵਿਅਕਤੀ ਨਾ ਤਾਂ ਵੱਡਾ- ਛੋਟਾ ਹੁੰਦਾ ਹੈ ਅਤੇ ਨਾ ਹੀ ਉੱਚਾ-ਨੀਵਾਂ ਹੁੰਦਾ ਹੈ। ਸੰਸਾਰ ਵਿੱਚ ਸਭ ਲੋਕ ਇੱਕ ਸਮਾਨ ਹਨ। ਸੰਤ ਕਬੀਰ ਜੀ ਇੱਕ ਬਹੁਤ ਵੱਡੇ ਸਮਾਜ ਸੁਧਾਰਕ ਸਨ , ਇਸੇ ਲਈ ਉਹ ਲਿਖਦੇ ਹਨ ਕਿ -
'ਅਵਲਿ ਅਲਹ ਨੂਰ ਉਪਾਇਆ,
ਕੁਦਰਤ ਕੇ ਸਭ ਬੰਦੇ!!
ਏਕ ਨੂਰ ਤੇ ਸਭ ਜਗੁ ਉਪਜਿਆ,
ਕਉਨ ਭਲੇ ਕੋ ਮੰਦੇ!!
ਸੰਤ ਕਬੀਰ ਜੀ ਆਖਦੇ ਹਨ ਕਿ ਸਮਾਜ ਦਾ ਹਰੇਕ ਬੰਦਾ ਕੁਦਰਤ ਦੀ ਉਪਜ ਹੈ, ਫਿਰ ਸਮਾਜ ਵਿਚ ਜਾਤਾਂ-ਪਾਤਾਂ ਅਤੇ ਧਰਮਾਂ ਦੇ ਵਿਤਕਰੇ ਕਿਉਂ?
ਸੰਤ ਕਬੀਰ ਜੀ ਪਾਖੰਡੀਆਂ ਦੇ ਪਾਖੰਡ ਵਿਰੁੱਧ ਲਿਖਦੇ ਹਨ ਕਿ ਗੰਗਾ /ਗੋਮਤੀ 'ਤੇ ਜਾ ਕੇ ਇਸ਼ਨਾਨ ਕਰਨ ਦਾ ਕੋਈ ਫਾਇਦਾ ਨਹੀਂ, ਜੇ ਅੰਦਰ ਹੀ ਮੈਲ ਭਰੀ ਪਈ ਹੋਵੇ!
ਨੋਟ - ਗੁਰਬਾਣੀ ਦੀ ਕਿਸੇ ਤੁਕ ਵਿਚ ਜੇ ਸ਼ਬਦ-ਜੋੜ ਗਲਤ ਲਿਖਿਆ ਗਿਆ ਹੋਵੇ ਤਾਂ ਅਣਜਾਣ ਸਮਝ ਕੇ ਮੁਆਫ ਕਰਨਾ।
-ਸੁਖਦੇਵ ਸਲੇਮਪੁਰੀ
09780620233
14 ਜੂਨ, 2022.