ਪੰਜਾਬੀ ਸਿਨੇਮਾਂ ਖਿੱਤੇ ਨੂੰ ਪ੍ਰਭਾਵੀ ਮੁਹਾਂਦਰਾ ਦੇਣ ‘ਚ ਅਹਿਮ ਭੂਮਿਕਾ ਨਿਭਾ ਰਿਹਾ ਨੌਜ਼ਵਾਨ ਨਿਰਦੇਸ਼ਕ - 'ਮਨਜੋਤ ਸਿੰਘ'    

ਪਲੇਠੀ ਲਘੂ ਅਤੇ ਅਰਥ ਭਰਪੂਰ ਫ਼ਿਲਮ ‘ਮੁਲਾਕਾਤ’ ਨਾਲ ਚੁਫ਼ੇਰਿਓ ਕਰ ਰਿਹਾ ਹੈ ਸਲਾਹੁਤਾ , ਸਨੇਹ ਹਾਸਿਲ ।
ਪੰਜਾਬੀ ਸਿਨੇਮਾਂ ਨੂੰ ਸੋਹਣਾ ਅਤੇ ਕਹਾਣੀ, ਕੰਟੈਂਟ ਪੱਖੋਂ ਪ੍ਰਭਾਵਸ਼ਾਲੀ ਮੁਹਾਂਦਰਾ ਦੇਣ ਵਿਚ ਅੱਜਕੱਲ ਨਵੀਆਂ ਪ੍ਰਤਿਭਾਵਾਂ ਅਹਿਮ ਭੂਮਿਕਾ ਨਿਭਾ ਰਹੀਆਂ ਹਨ, ਜਿੰਨ੍ਹਾਂ ਵਿਚੋਂ ਹੀ ਆਪਣੇ ਮਾਣਮੱਤੇ ਨਾਂਅ ਦਾ ਸ਼ੁਮਾਰ ਕਰਵਾਉਣ ਵਿਚ ਸਫ਼ਲ ਰਿਹਾ ਹੈ, ਨੌਜਵਾਨ ਫ਼ਿਲਮਕਾਰ 'ਮਨਜੋਤ ਸਿੰਘ' , ਜੋ ਹਾਲ ਹੀ ਵਿਚ , ਵੱਡੇ ਪੰਜਾਬੀ , ਓਟੀਟੀ ਪਲੇਟਫਾਰਮ ਚੁਪਾਲ ਵੱਲੋਂ ਰਿਲੀਜ਼ ਕੀਤੀ ਗਈ ਆਪਣੀ ਪਲੇਠੀ ਲਘੂ ਅਤੇ ਅਰਥ ਭਰਪੂਰ ਫ਼ਿਲਮ ‘ਮੁਲਾਕਾਤ’ ਨਾਲ ਇੰਨ੍ਹੀ ਦਿਨ੍ਹੀ ਚੁਫ਼ੇਰਿਓ ਸਲਾਹੁਤਾਾ , ਸਨੇਹ ਹਾਸਿਲ ਕਰ ਰਿਹਾ ਹੈ।  
      ਪੰਜਾਬ ਦੀ ਇਤਿਹਾਸਿਕ ਅਤੇ ਧਾਰਮਿਕ ਨਗਰੀ ਵਜੋਂ ਜਾਂਣੇ ਜਾਂਦੇ 'ਸ੍ਰੀ ਅੰਮ੍ਰਿਤਸਰ ਸਾਹਿਬ', ਨਾਲ ਸਬੰਧਤ , ਇਸ ਹੋਣਹਾਰ ਨਿਰਦੇਸ਼ਕ ਨੇ 'ਮੁੰਬਈ' ਮਾਇਆ ਨਗਰੀ ਦੇ ਅਨੇਕਾਂ ਨਾਮੀਂ  ਗਿਰਾਮੀ ਫ਼ਿਲਮਕਾਰਾਂ ਦੀ ਸੋਹਬਤ ਮਾਣਨ ਅਤੇ ਉਨਾਂ ਨਾਲ ਬਤੌਰ ਅਸੋਸੀਏਟ ਨਿਰਦੇਸ਼ਕ ਕੰਮ ਕਰਨ ਦਾ ਸਿਹਰਾ ਹਾਸਿਲ ਕੀਤਾ ਹੈ। ਜਿਸ ਦੌਰਾਨ , ਕਈ ਸਾਲਾਂ ਦੇ ਤਜੁਰਬੇ ਬਾਅਦ , ਉਸ ਵੱਲੋਂ ਅਜਾਦ ਨਿਰਦੇਸ਼ਕ ਵਜੋਂ ਆਪਣੀ ਸ਼ੁਰੂਆਤ ਆਪਣੇ ਮਾਂ ਬੋਲੀ ਨਾਲ ਜੁੜੀਆਂ ਫ਼ਿਲਮਾਂ ਤੋਂ ਹੀ ਕਰਨ ਦਾ ਫ਼ੈਸਲਾ ਲਿਆ ਗਿਆ ਹੈ।
     ਪੰਜਾਬੀ ਫ਼ਿਲਮਜ਼ ਖੇਤਰ  ‘ਚ ਮਿਆਰੀ ਲੇਖਣ ਵਜੋਂ , ਨਵੇਂ ਦਿਸਹਿੱਦੇ ਸਿਰਜ਼ ਰਹੇ ‘ਪੰਜਾਬੀ ਸ਼ਕਰੀਨ’ ਮੈਗਜ਼ੀਨ ਨੂੰ ਪਿਛਲੇ ਕਈ ਵਰਿਅ੍ਹਾਂ ਤੋਂ ਸਫ਼ਲਤਾ ਪੂਰਵਕ ਸੰਚਾਲਿਤ ਕਰਦੇ ਆ ਰਹੇ ਅਤੇ ਇਸੇ ਖੇਤਰ ਵਿਚ ਵਿਲੱਖਣ ਪਹਿਚਾਣ ਅਤੇ ਵਜੂਦ ਰੱਖਦੇ, 'ਦਲਜੀਤ ਸਿੰਘ ਅਰੋੜ੍ਹਾ' ਦੇ ਪ੍ਰਤਿਭਾਸ਼ਾਲੀ ਫ਼ਰਜ਼ੰਦ 'ਮਨਜੋਤ' ਨੂੰ ਕਲਾ ਦੀ ਗੁੜਤੀ ਆਪਣੇ ਪਰਿਵਾਰ ’ਚੋ ਹੀ ਮਿਲੀ।, ਜਿਸ ਵੱਲੋਂ ਆਪਣੇ ਥੋੜ ਅਰਸੇ ਦੇ ਫ਼ਿਲਮ ਕੈਰੀਅਰ ਦੌਰਾਨ ਹੀ ਅਭਿਨੈ ਅਤੇ ਵੀਡਿਓ ਐਡੀਟਿੰਗ ’ਚ ਮੁਹਾਰਤ ਹਾਸਲ ਕਰਨ ਦਾ ਮਾਣ ,ਆਪਣੀ ਝੋਲੀ ਪਾ ਲਿਆ ਗਿਆ।
    ਉਪਰੰਤ ਪੜਾਅ ਦਰ ਪੜਾਅ , ਆਪਣੇ ਕੰਮ ਵਿਚ ਹੋਰ ਮੁਹਾਰਤ ਹਾਸਿਲ ਕਰਦਿਆਂ , ਉਸ ਵੱਲੋਂ , ਜਿੱਥੇ 2009 ਤੋਂ ਲੈ ਕੇ ਹਾਲੀਆਂ ਸਮੇਂ ਦੌਰਾਨ ਤੱਕ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾਂ’, ਐਮ ਟੀ.ਵੀ ਦੇ ‘ਗਰਲਜ਼ ਆਨ ਟਾਪ’ ਕਲਰਜ਼ ਟੀ.ਵੀ ਦਾ ‘ਕਸਮ ਤੇਰੇ ਪਿਆਰ ਕੀ’, ਸੋਨੀ ਟੀ.ਵੀ ਦੇ ‘ਕ੍ਰਾਇਮ ਪੈਟਰੋਲ’, ਵੈਬ ਸੀਰੀਜ਼ ‘ਲਵਲੀ ਦਾ ਢਾਬਾ’ ਜਿਹੇ ਕਈ ਮਸ਼ਹੂਰ ਸੀਰਿਅਲਜ਼ ਅਤੇ ਵੈਬਸੀਰੀਜ਼ ਵਿਚ ਆਪਣੇ ਸ਼ਾਨਦਾਰ ਅਭਿਨੈ ਦੀ ਧਾਂਕ ਜਮਾਈ ਗਈ ਹੈ, ਉਥੇ ਇਸੇ ਮਹਾਨਗਰ ਅਤੇ ਪਾਲੀਵੁੱਡ ’ਚ ,ਉਸ ਨੇ 'ਫਰੀਦਾ ਜਲਾਲ' ਦੇ ਲੜੀਵਾਰ ‘ਅੰਮਾ ਜੀ ਕੀ ਗਲੀ’ ਤੋਂ ਇਲਾਵਾ  ‘ਮਨੀਬੈਨ ਡਾਟਕਾਮ’, ‘ਹਰ ਮਰਦ ਕਾ ਦਰਦ’ ਅਤੇ ਫ਼ਿਲਮਾਂ ‘ਦਿਲ ਪਰਦੇਸੀ ਹੋ ਗਿਆ’, ‘ਪਗੜੀ ਸਿੰਘ ਦਾ ਤਾਜ’, ‘ਪ੍ਰੇਸ਼ਾਨਪੁਰ’, ‘ਸੰਤਾ ਸੰਤਾ ਪ੍ਰਾਈਵੇਟ ਲਿਮਟਿਡ’, ’ਬਲੈਕੀਆ’, ‘ਸਲਿਊਟ’, ਆਦਿ ਲਈ ਅਸੋਸੀਏਟ ਨਿਰਦੇਸ਼ਕ  ਵਜੋਂ ਵੀ, ਆਪਣੀਆਂ ਅਨੂਠੀਆਂ ਨਿਰਦੇਸ਼ਨ ਸਮਰੱਥਾਵਾਂ ਦੀ ਧਾਂਕ ਜਮਾਈ ਹੈ।  ਹਿੰਦੀ ਸਿਨੇਮਾਂ ਤੋਂ ਬਾਅਦ ਪੰਜਾਬੀ ਸਿਨੇਮਾਂ ਖੇਤਰ ’ਚ ਗੂੜੀਆਂ ਪੈੜ੍ਹਾ ਸਥਾਪਿਤ ਕਰਨ ਵੱਲ ਵਧ ਰਹੇ , 'ਮਨਜੋਤ' ਵੱਲੋਂ ਹੀ ਨਿਰਦੇਸ਼ਤ ਕੀਤੀ ਗਈ ਪੰਜਾਬੀ ਫ਼ਿਲਮ ‘ਜੱਟੂ ਨਿਖੱਟੂ’ ਵੀ ਵੱਡੇ ਪਲੇਟਫਾਰਮਜ਼ ਤੇ ਜਾਰੀ ਹੋਣ ਜਾ ਰਹੀ ਹੈ। ਜਿਸ ਦਾ ਨਿਰਮਾਣ ‘ਐਮ ਐਮ ਮੂਵੀਜ਼’ ਦੇ ਬੈਨਰ ਹੇਠ ਨਾਮਵਰ ਨਿਰਮਾਤਾ 'ਮਨਮੋਹਨ ਸਿੰਘ' ਵਲੋਂ ਕੀਤਾ ਗਿਆ ਹੈ। ਫ਼ਿਲਮ ਦੀ ਕਹਾਣੀ ਵੀ 'ਮਨਮੋਹਨ ਸਿੰਘ' ਦੀ ਹੈ, ਅਤੇ ਪਟਕਥਾ-ਸੰਵਾਦ ਦੇ ਲੇਖਕ ਪ੍ਰਸਿੱਧ 'ਨਾਟਕਕਾਰ ਜਗਦੀਸ਼ ਸਚਦੇਵਾ' ਹਨ। ਆਮੀਨ
                                  ਸਿਵਨਾਥ ਦਰਦੀ
                         ਸੰਪਰਕ:- 9855155392