ਆਪ ਸਰਕਾਰ' ਨੇ ਜੇਕਰ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕੀਤੀ ਤਾਂ ਕਰਾਂਗੇ ਵਿਰੋਧ : ਗੁਰਜੰਟ ਸਿੰਘ  

ਜਗਰਾਉਂ  21 ਜੂਨ (ਰਣਜੀਤ ਸਿੱਧਵਾਂ) : ਪੰਜਾਬ ਵਿਧਾਨ ਸਭਾ ਵਿੱਚ 27 ਜੂਨ ਨੂੰ ਪੇਸ਼ ਕੀਤੇ ਜਾਣ ਵਾਲੇ ਬਜਟ ਵਿਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਆਮ ਆਦਮੀ ਪਾਰਟੀ ਦੇ ਚੋਣ ਮੈਨੀਫੈਸਟੋ ਵਿੱਚ ਜਨਵਰੀ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਕੀਤਾ ਗਿਆ ਚੋਣ ਵਾਅਦਾ ਪੂਰਾ ਨਾ ਕੀਤਾ ਗਿਆ ਤਾਂ 28 ਜੂਨ ਨੂੰ ਪੰਜਾਬ ਵਿਧਾਨ ਸਭਾ ਵੱਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਜਥੇਬੰਦੀ ਦੇ ਸੂਬਾ ਕਨਵੀਨਰ ਗੁਰਜੰਟ ਸਿੰਘ ਕੋਕਰੀ ਕਲਾਂ, ਕਨਵੀਨਰ ਰਣਦੀਪ ਸਿੰਘ ਸ੍ਰੀ ਫਤਹਿਗਡ਼੍ਹ ਸਾਹਿਬ, ਟਹਿਲ ਸਿੰਘ ਸਰਾਭਾ,ਕਮਲਜੀਤ ਸਿੰਘ ਰੋਪੜ ਮੀਡੀਆ ਇੰਚਾਰਜ, ਜਸਵਿੰਦਰ ਸਿੰਘ ਨਿਹਾਲ ਸਿੰਘ ਵਾਲਾ ਵੱਲੋਂ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਜਨਵਰੀ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਲਾਗੂ ਕਾਨਟ੍ਰੀਬਿਊਟਰੀ ਪੈਨਸ਼ਨ ਸਕੀਮ ਰਾਹੀਂ ਮੁਲਾਜ਼ਮਾਂ ਤੋਂ 10 ਫੀਸਦੀ ਦੀ ਦਰ ਨਾਲ ਅਤੇ ਸਰਕਾਰ ਦਾ ਸ਼ੇਅਰ 14 ਫੀਸਦੀ ਦੀ ਦਰ ਨਾਲ ਕਟੌਤੀ ਕਰਕੇ ਇਕੱਠੀ ਕੀਤੀ ਗਈ ਕਰੋੜਾਂ ਰੁਪਏ ਦੀ ਰਕਮ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਦਿੱਤੀ ਗਈ ਹੈ । ਸ਼ੇਅਰ ਮਾਰਕੀਟ ਵਿੱਚ ਆ ਰਹੀ ਮੰਦੀ ਦਾ ਪ੍ਰਭਾਵ ਇਨ੍ਹਾਂ ਨਵੇਂ ਲੱਖਾਂ ਮੁਲਾਜ਼ਮਾਂ ਤੇ ਬੁਰੀ ਤਰ੍ਹਾਂ ਪਵੇਗਾ। ਆਗੂਆਂ ਨੇ ਦੱਸਿਆ ਕਿ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਜਥੇਬੰਦੀ ਵੱਲੋਂ ਮੋਗਾ ਵਿਖੇ ਸੂਬਾ ਕਨਵੈਨਸ਼ਨ ਕਰਨ ਤੋਂ ਬਾਅਦ ਪੰਜਾਬ ਵਿੱਚ ਚਾਰ ਜ਼ੋਨਲ ਕਨਵੈਨਸ਼ਨਾਂ ਕੀਤੀਆਂ ਜਾ ਚੁੱਕੀਆਂ ਹਨ  । ਉਨ੍ਹਾਂ ਕਿਹਾ ਕਿ 9 ਅਤੇ 10 ਜੂਨ ਨੂੰ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਵਿੱਚੋਂ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਨਾਂ ਮੰਗ ਪੱਤਰ ਭੇਜੇ ਜਾ ਚੁੱਕੇ ਹਨ। ਆਗੂਆਂ ਨੇ ਸਮੂਹਿਕ ਰੂਪ ਵਿੱਚ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਾਗਜ਼ੀ ਕਾਰਵਾਈ ਬੰਦ ਕਰਕੇ ਚੋਣ ਮੈਨੀਫੈਸਟੋ ਦੇ ਵਾਅਦੇ ਤੇ ਰਾਜਸਥਾਨ ਅਤੇ ਛੱਤੀਸਗੜ੍ਹ ਸਰਕਾਰਾਂ ਦੇ ਪੈਟਰਨ ਤੇ ਤੁਰੰਤ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨੀ ਚਾਹੀਦੀ ਹੈ। ਆਗੂਆਂ ਨੇ ਉਮੀਦ ਪ੍ਰਗਟਾਈ ਕਿ ਪੰਜਾਬ ਸਰਕਾਰ ਆਪਣੇ ਬਜਟ ਵਿਚ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਕੀਤਾ ਚੋਣ ਵਾਅਦਾ ਪੂਰਾ ਕਰੇਗੀ । ਜੇਕਰ ਅਜਿਹਾ ਕੁਝ ਨਾ ਵਾਪਰਿਆ ਤਾਂ ਬਜਟ ਸੈਸ਼ਨ ਦੇ ਤੀਜੇ ਦਿਨ 28  ਜੂਨ ਨੂੰ ਮੁਲਾਜ਼ਮ ਪੰਜਾਬ ਵਿਧਾਨ ਸਭਾ ਵੱਲ ਰੋਸ ਮਾਰਚ ਕਰਕੇ ਪੰਜਾਬ ਸਰਕਾਰ ਤੋਂ ਮੰਗ ਕਰਨਗੇ ਕਿ ਪੁਰਾਣੀ ਪੈਨਸ਼ਨ ਸਕੀਮ ਤੁਰੰਤ ਬਹਾਲ ਕੀਤੀ ਜਾਵੇ  । ਇਸ ਐਕਸ਼ਨ ਸਬੰਧੀ ਸੂਚਨਾ ਪੰਜਾਬ ਸਰਕਾਰ ਨੂੰ ਜਥੇਬੰਦੀ ਵੱਲੋਂ ਭੇਜ ਦਿੱਤੀ ਗਈ ਹੈ। ਇਸ ਸੰਬੰਧੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ ਲਈ ਮਿਤੀ 14/06 /2022  ਨੂੰ ਸਾਂਝੇ ਮੋਰਚੇ ਵੱਲੋਂ ਫੈਸਲਾ ਲਿਆ ਗਿਆ ਸੀ । ਜਗਰਾਉਂ ਬ੍ਰਾਂਚ ਇਸ ਐਕਸ਼ਨ ਵਿੱਚ ਵੱਧ ਤੋਂ ਵੱਧ ਸਾਥੀਆਂ ਨਾਲ ਸ਼ਾਮਲ ਹੋਣਗੇ  । ਇਸ ਮੌਕੇ ਪੰਜਾਬ ਰੋਡਵੇਜ਼ ਜਗਰਾਉਂ ਬ੍ਰਾਂਚ ਆਗੂ ਜਗਸੀਰ ਸਿੰਘ ਪ੍ਰਧਾਨ, ਕੁਲਦੀਪ ਸਿੰਘ ਖਹਿਰਾ, ਅੰਮ੍ਰਿਤਪਾਲ ਸਿੰਘ ਸੈਕਟਰੀ, ਨਿਰਮਲ ਸਿੰਘ, ਐਨੀ ਜੁਨੇਜਾ, ਇੰਦਰਜੀਤ ਸਿੰਘ, ਅਵਤਾਰ ਸਿੰਘ, ਅਮਰਜੀਤ ਸਿੰਘ ਅਤੇ ਪੈਨਸ਼ਨ ਆਗੂ ਅਵਤਾਰ ਸਿੰਘ ਗਗੜਾ, ਪਰਮਜੀਤ ਸਿੰਘ ਆਦਿ ਹਾਜ਼ਰ ਸਨ।