ਹਾਈ ਕਮਿਸ਼ਨ ਵਲੋਂ ਭਾਰਤੀ ਮੂਲ ਦੇ ਲੋਕਾਂ ਦੀ ਮਦਦ ਲਈ 10 ਮੈਂਬਰੀ ਇਕਾਈ ਦਾ ਗਠਨ

ਲੰਡਨ, ਅਗਸਤ 2019 - (ਗਿਆਨੀ ਰਾਵਿਦਰਪਾਲ ਸਿੰਘ)- ਬਰਤਾਨੀਆ ਸਥਿਤ ਭਾਰਤੀ ਹਾਈ ਕਮਿਸ਼ਨ 'ਚ ਭਾਰਤੀ ਮੂਲ ਦੇ ਲੋਕਾਂ ਦੀ ਮਦਦ ਲਈ 10 ਮੈਂਬਰੀ ਜਨ ਪ੍ਰਤੀਕਿਰਿਆ ਇਕਾਈ ਦਾ ਗਠਨ ਕੀਤਾ ਗਿਆ ਹੈ । ਲੰਡਨ ਸਥਿਤ ਭਾਰਤੀ ਵਿੱਦਿਆ ਭਵਨ 'ਚ 72ਵੇਂ ਆਜ਼ਾਦੀ ਦਿਵਸ ਸਮਾਗਮ ਨੂੰ ਸੰਬੋਧਨ ਕਰਦਿਆਂ ਭਾਰਤੀ ਹਾਈ ਕਮਿਸ਼ਨਰ ਰੁਚੀ ਘਣਸ਼ਿਆਮ ਨੇ ਕਿਹਾ ਕਿ ਜਨ ਪ੍ਰਤੀਕਿਰਿਆ ਇਕਾਈ ਦਾ ਗਠਨ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਕੀਤਾ ਗਿਆ ਹੈ । ਜੇਕਰ ਸੰਭਵ ਹੋਇਆ ਤਾਂ ਫ਼ੋਨ 'ਤੇ ਹੀ ਤੁਹਾਡਾ ਮਸਲਾ ਹੋ ਜਾਵੇਗਾ ।ਤੁਹਾਡਾ ਹਾਈ ਕਮਿਸ਼ਨਰ ਇਕ ਫ਼ੋਨ ਕਾਲ ਦੀ ਦੂਰੀ 'ਤੇ ਹੈ । ਅਸੀਂ ਚਾਹੁੰਦੇ ਹਾਂ ਕਿ ਲੋਕਾਂ ਦੇ ਦਰਵਾਜ਼ਿਆਂ ਤੱਕ ਸਾਡੀਆਂ ਸੇਵਾਵਾਂ ਲਿਜਾਈਆਂ ਜਾਣ । ਘਣਸ਼ਿਆਮ ਨੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਵੀ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਨੂੰ ਇਕ ਨਵੀਂ ਦਿਸ਼ਾ ਦਿੱਤੀ । ਵਿਦੇਸ਼ ਮੰਤਰੀ ਰਹਿੰਦਿਆਂ ਸੁਸ਼ਮਾ ਨੇ ਸਾਨੂੰ ਲੋਕਾਂ ਨੂੰ ਬਿਹਤਰ ਸੇਵਾਵਾਂ ਦੇਣ ਦੀ ਪ੍ਰੇਰਣਾ ਦਿੱਤੀ ਇਸ ਮੌਕੇ ਸੁਸ਼ਮਾ ਸਵਰਾਜ ਦੀ ਯਾਦ 'ਚ ਇਕ ਮਿੰਟ ਦਾ ਮੌਨ ਰੱਖਿਆ । ਭਾਰਤੀ ਵਿੱਦਿਆ ਭਵਨ ਦੇ ਸੰਯੁਕਤ ਸਕੱਤਰ ਸ਼ਾਂਤਾ ਰੂਪਾਰੇਲ ਨੇ ਕਿਹਾ ਕਿ ਭਾਰਤ ਦੀ ਪਛਾਣ ਦੁਨੀਆ ਦੇ ਸਨਮਾਨਿਤ ਦੇਸ਼ਾਂ 'ਚ ਹੁੰਦੀ ਹੈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਤਾ 'ਚ ਆਉਣ ਦੇ ਬਾਅਦ ਭਾਰਤ ਨੇ ਦੁਨੀਆ 'ਚ ਵਿਸ਼ੇਸ਼ ਸਥਾਨ ਹਾਸਲ ਕੀਤਾ ਹੈ । ਬਰਤਾਨਵੀ ਸੰਸਦ ਦੇ ਉੱਚ ਸਦਨ ਹਾਊਸ ਆਫ਼ ਲਾਰਡ ਦੇ ਮੈਂਬਰ ਲਾਰਡ ਰਣਬੀਰ ਸਿੰਘ ਸੂਰੀ ਨੇ ਵੀ ਇਸ ਮੌਕੇ ਸੰਬੋਧਨ ਕੀਤਾ ।