ਜੋਧਾਂ-ਰਤਨ ਬਜ਼ਾਰ ‘ਚ ਲੋਕਾਂ ਵੱਲੋਂ ਰੋਹ ਭਰਪੂਰ ਰੋਸ ਪ੍ਰਦਰਸ਼ਨ 

“ਮਾਮਲਾ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਨੂੰ ਬਣਵਾਉਣ ਦਾ”

16 ਨਵੰਬਰ ਨੂੰ ਸ਼ਹੀਦੀ ਦਿਹਾੜੇ ਤੋਂ ਪਹਿਲਾ ਸੜਕ ਦਾ ਮੁੜ ਨਿਰਮਾਣ ਨਾ ਕੀਤਾ ਤਾਂ ਵਿਢਾਂਗੇ ਵੱਡਾ ਸੰਘਰਸ਼ : ਆਗੂ

ਜੋਧਾਂ /ਸਰਾਭਾ 24 ਸਤੰਬਰ (ਦਲਜੀਤ ਸਿੰਘ ਰੰਧਾਵਾ / ਰਾਜੀ ਦੋਲੋ) ਲੁਧਿਆਣਾ ਤੋਂ ਰਾਏਕੋਟ ਵਾਇਆ ਜੋਧਾਂ-ਸਰਾਭਾ ਨੂੰ ਜਾਂਦੀ ਸੜਕ ਜਿਸ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਹੈ। ਇਸ ਸੜਕ ਦੀ ਹਾਲਤ ਖਸਤਾ ਹੋ ਚੁੱਕੀ ਹੈ। ਸੜਕ ਤੇ ਪਏ ਟੋਇਆਂ ਕਾਰਨ ਲੋਕਾ ਦਾ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ। ਇਸ ਸੜਕ ਬਣਵਾਉਣ ਲਈ ਇਲਾਕੇ ਦੇ ਲੋਕਾ ਵੱਲੋਂ ਵਰਦੇ ਮੀਂਹ ਵਿੱਚ ਮੀਟਿੰਗ ਕਰਕੇ ਕੁੰਭਕਰਨੀ ਨੀਂਦ ਸੁੱਤੀ ਪਈ ਕੇਂਦਰ ਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਸ਼ਹੀਦ ਸਰਾਭਾ ਤੇ ਉਹਨਾਂ ਦੇ ਸਾਥੀਆਂ ਦੇ 16 ਨਵੰਬਰ ਨੂੰ ਸ਼ਹੀਦੀ ਦਿਹਾੜੇ ਤੋਂ ਪਹਿਲਾ ਸੜਕ ਦਾ ਮੁੜ ਨਿਰਮਾਣ ਨਾ ਕੀਤਾ ਤਾਂ ਵੱਡਾ ਐਕਸ਼ਨ ਕੀਤਾ ਜਾਵੇਗਾ। ਜਿਸ ਦੀ ਜ਼ੁੰਮੇਵਾਰੀ ਕੇਂਦਰ ਤੇ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੀਟਿੰਗ ਵਿੱਚ ਹਾਜਰ ਪੰਚਾਇਤਾਂ, ਸਪੋਰਟਸ ਕਲੱਬਾਂ, ਜਨਤਕ ਜਥੇਬੰਦੀਆਂ, ਸਮਾਜਸੇਵੀ ਤੇ ਧਾਰਮਿਕ ਸੰਗਠਨਾਂ, ਬਜ਼ਾਰ ਦੇ ਦੁਕਾਨਦਾਰਾਂ ਨੇ ਸ਼ਹੀਦ ਸਰਾਭਾ ਮਾਰਗ ਬਣਵਾਉਣ ਲਈ ਰਤਨ-ਜੋਧਾਂ ਬਜ਼ਾਰ ਵਿਖੇ ਸਥਿਤ ਸ਼ਹੀਦ ਭਗਤ ਸਿੰਘ ਦੇ ਬੁੱਤ ਅਸਥਾਨ ਤੇ ਪੰਜਾਬ ਤੇ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ ਤੇ ਸਰਕਾਰ ਵਿਰੁੱਧ ਜੰਮ ਕੇ ਨਾਹਰੇਬਾਜ਼ੀ ਕੀਤੀ। ਅੱਜ ਦੀ ਮੀਟਿਗ ਦੀ ਪ੍ਰਧਾਨਗੀ ਜਮਹੂਰੀ ਕਿਸਾਨ ਸਭਾ ਦੇ ਆਗੂ ਸੁਰਜੀਤ ਸਿੰਘ ਸੀਲੋ, ਜਨਵਾਦੀ ਇਸਤਰੀ ਸਭਾ ਦੀ ਆਗੂ ਸੁਖਵਿੰਦਰ ਕੌਰ ਸੁੱਖੀ ਜੋਧਾ, ਡਾਕਟਰ ਅਜੀਤ ਰਾਮ ਸ਼ਰਮਾ ਨੇ ਕੀਤੀ। ਇਸ ਮੌਕੇ ਤੇ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਜਿਲ੍ਹਾ ਸਕੱਤਰ ਰਘਵੀਰ ਸਿੰਘ ਬੈਨੀਪਾਲ, ਹਰਨੇਕ ਸਿੰਘ ਗੁੱਜਰਵਾਲ, ਡਾਕਟਰ ਪ੍ਰਦੀਪ ਜੋਧਾਂ, ਗੁਰਉਪਦੇਸ਼ ਸਿੰਘ ਘੁੰਗਰਾਣਾ ਨੇ ਕਿਹਾ ਕਿ ਮਹਾਨ ਸ਼ਹੀਦ ਸਰਾਭਾ ਦੇ ਨਾਮ ਤੇ ਬਣੀ ਇਹ ਸੜਕ ਬਣਨ ਸਾਰ ਹੀ ਟੁੱਟਣੀ ਸੁਰੂ ਹੋ ਗਈ ਸੀ ਹੁਣ ਇਸ ਵਿੱਚ ਡੂੰਘੇ-ਡੂੰਘੇ ਟੋਏ ਪੈ ਚੁੱਕੇ ਹਨ। ਜਿਸ ਕਾਰਨ ਹਰ ਰੋਜ ਹਾਦਸੇ ਹੋ ਰਹੇ ਹਨ। ਪਰ ਕੇਂਦਰ ਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਵੱਲੋਂ ਇਸ ਸੜਕ ਦੀ ਸਾਰ ਨਹੀਂ ਲਈ। ਉਹਨਾਂ ਕਿਹਾ ਕਿ ਸੜਕ ਨੂੰ ਬਣਵਾਉਣ ਲਈ ਇਲਾਕੇ ਦੇ ਨਗਰਾਂ ਦੀਆਂ ਪੰਚਾਇਤਾਂ, ਲੋਕਾ ਦੇ ਦਸਤਖਤ ਕਰਵਾਕੇ ਸੜਕ ਬਣਵਾਉਣ ਦੀ ਮੁਹਿੰਮ ਚਲਾਈ ਜਾਵੇਗੀ। ਜੇ ਕਰ ਸਰਕਾਰ ਨੇ ਗੱਲ ਨਾ ਸੁਣੀ ਤਾਂ ਅੰਦੋਲਨ ਸੁਰੂ ਕੀਤਾ ਜਾਵੇਗਾ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਆਗੂ ਅਮਰਜੀਤ ਸਿੰਘ ਸਹਿਜਾਦ, ਗੁਰਉਪਦੇਸ਼ ਸਿੰਘ ਘੁੰਗਰਾਣਾ, ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਓਮ ਪ੍ਰਕਾਸ਼ ਸਾਬਕਾ ਪੰਚ ਜੋਧਾਂ, ਦਵਿੰਦਰ ਸਿੰਘ, ਜਨਵਾਦੀ ਇਸਤਰੀ ਸਭਾ ਦੀ ਜਿਲ੍ਹਾ ਪ੍ਰਧਾਨ ਪਰਮਜੀਤ ਕੌਰ ਕਿਲ੍ਹਾ ਰਾਏਪੁਰ, ਕਰਮਜੀਤ ਕੌਰ ਗਰੇਵਾਲ਼, ਡਾ. ਕਮਲ ਰਤਨ, ਸੁਖਵਿੰਦਰ ਕੌਰ ਸੁੱਖੀ ਜੋਧਾਂ, ਅਮਨਦੀਪ ਕੌਰ, ਰਜਿੰਦਰ ਕੌਰ, ਹਰਵਿੰਦਰ ਕੌਰ ਗਰੇਵਾਲ਼, ਮੋਨਿਕਾ ਢਿੱਲੋ, ਪਰਮਜੀਤ ਕੌਰ, ਰਤਨ-ਜੋਧਾਂ ਬਜ਼ਾਰ ਦੇ ਆਗੂ ਜਸਵੰਤ ਸਿੰਘ, ਜੁਝਾਰ ਸਿੰਘ, ਬਲਦੇਵ ਸਿੰਘ ਦੇਵ ਸਰਾਭਾ, ਡਾ.ਜਸਮੇਲ ਸਿੰਘ ਗਿੱਲ, ਡਾ. ਸੰਤੋਖ ਸਿੰਘ ਮਨਸੂਰਾਂ, ਗੁਲਜ਼ਾਰ ਸਿੰਘ ਜੜਤੌਲੀ, ਮੋਹਣਜੀਤ ਸਿੰਘ, ਨੱਛਤਰ ਸਿੰਘ, ਮੱਘਰ ਸਿੰਘ ਖੰਡੂਰ, ਰਕੇਸ਼ ਕੁਮਾਰ, ਆਦਿ ਹਾਜ਼ਰ ਸਨ।