ਗੁਰੂ ਕਾਸ਼ੀ ਸਾਹਿਤ ਸਭਾ ਤਲਵੰਡੀ ਸਾਬੋ ਦਾ 19ਵਾਂ ਜਨਮ ਦਿਵਸ ਮਨਾਇਆ

ਮੀਂਹ ਦੇ ਬਾਵਜੂਦ ਕਵੀ ਕਵੀਸ਼ਰਾਂ ਨੇ ਲਾਏ ਚਾਰ ਚੰਨ

"ਸ਼ੇਖਪੁਰੀਏ ਦੇ ਸਲੋਕ" ਤੇ ਸਨੇਹੀ ਦੀ "ਵਿਰਲਾਪ" ਪੁਸਤਕਾਂ ਕੀਤੀਆਂ ਗਈਆਂ ਭੇਂਟ

ਤਲਵੰਡੀ ਸਾਬੋ, 24 ਸਤੰਬਰ (ਗੁਰਜੰਟ ਸਿੰਘ ਨਥੇਹਾ)-  ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ "ਬਵੰਜਾ ਕਵੀਆਂ" ਨੂੰ ਸਮਰਪਿਤ ਗੁਰੂ ਕਾਸ਼ੀ ਸਾਹਿਤ ਸਭਾ (ਰਜਿ:) ਤਲਵੰਡੀ ਸਾਬੋ ਵੱਲੋਂ ਮਿੰਨੀ ਚੱਠਾ ਪੈਲੇਸ ਵਿਖੇ ਆਪਣਾ 19ਵਾਂ ਜਨਮ ਦਿਵਸ ਮਨਾਇਆ ਗਿਆ, ਜਿਸ ਵਿੱਚ ਭਾਰੀ ਬਾਰਿਸ਼ ਦੇ ਬਾਵਜੂਦ ਕਵੀ ਕਵੀਸ਼ਰਾਂ ਨੇ ਆਪਣੇ ਆਪਣੇ ਕਵਿਤਾ ਕਲਾਮ ਗਾ ਕੇ ਸਮਾਗਮ ਨੂੰ ਚਾਰ ਚੰਨ ਲਾਏ। ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਦੇ ਚੇਅਰਮੈਨ ਪ੍ਰਿੰਸੀਪਲ ਬਲਵੀਰ ਸਿੰਘ ਸਨੇਹੀ, ਸੰਸਥਾਪਕ ਪ੍ਰਧਾਨ ਡਾ. ਹਰਗੋਬਿੰਦ ਸਿੰਘ ਸ਼ੇਖਪੁਰੀਆ, ਗੁਰਦੁਆਰਾ ਸੰਤਪੁਰੀ ਸਾਹਿਬ ਦੇ ਮੁਖੀ ਸੰਤ ਬਾਬਾ ਜ਼ੋਰਾ ਸਿੰਘ ਸੰਚਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਹਿਲਵਾਨੀ ਅਖਾੜਾ ਤਲਵੰਡੀ ਸਾਬੋ, ਗੁਰੂ ਕਾਸ਼ੀ ਸਾਹਿਤ ਸਭਾ (ਰਜਿ:) ਦੇ ਪ੍ਰਧਾਨ ਦਰਸ਼ਨ ਸਿੰਘ ਚੱਠਾ, ਸਰਪ੍ਰਸਤ ਚੇਤਾ ਸਿੰਘ ਮਹਿਰਮੀਆ, ਕਵੀਸ਼ਰੀ ਵਿਕਾਸ ਮੰਚ ਦੇ ਪ੍ਰਧਾਨ ਰੇਵਤੀ ਪ੍ਰਸ਼ਾਦ ਤੇ ਸਕੱਤਰ ਦਰਸ਼ਨ ਭੰਮੇ, ਸਹਾਰਾ ਕਲੱਬ ਤਲਵੰਡੀ ਸਾਬੋ ਦੇ ਪ੍ਰਧਾਨ ਸੁਖਦੇਵ ਸਿੰਘ, ਉੱਘੇ ਸਮਾਜ ਸੇਵੀ ਗੁਰਦੀਪ ਸਿੰਘ ਬੀਹਲਾ ਗੋਂਦਾਰਾ ਦੇ ਪ੍ਰਧਾਨਗੀ ਮੰਡਲ ਅਧੀਨ ਹੋਏ ਕਵੀ ਕਵੀਸ਼ਰੀ ਦਰਬਾਰ ਵਿਚ ਸਭ ਤੋਂ ਪਹਿਲਾਂ ਗਾਇਕ ਸੁਖਵਿੰਦਰ ਯਮਲਾ ਨੇ ਆਪਣੀ ਤੂੰਬੀ ਦੀ ਟੁਣਕਾਰ ਤੇ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਦਾ ਅਸ਼ੀਰਵਾਦ ਲੈਣ ਲਈ ਗਾਈਆਂ ਦੋ ਧਾਰਮਿਕ ਰਚਨਾਵਾਂ ਨਾਲ ਰੰਗ ਬੰਨ੍ਹਿਆ, ਜਦੋਂ ਕਿ ਬਠਿੰਡਾ ਤੋਂ ਉਚੇਚੇ ਤੌਰ 'ਤੇ ਪਹੁੰਚੇ ਨਛੱਤਰ ਸਿੰਘ ਝੁੱਟੀਕਾ ਨੇ ਆਪਣੇ ਸੰਦੇਸ਼ ਆਤਮਕ ਹਾਸ ਵਿਅੰਗ ਟੋਟਕੇ ਸੁਣਾ ਸੁਣਾ ਕੇ ਜਿੱਥੇ ਹਾਜ਼ਰੀਨ ਨੂੰ ਹਸਾਇਆ, ਉਥੇ ਆਪਣੇ ਦੋ ਕਲਾਮ ਕਵਿਤਾਵਾਂ ਸੁਣਾਈਆਂ। ਜਾਗਰ ਸਿੰਘ ਨਿਹੰਗ ਸਿੰਘ ਨੇ ਪਹਿਲੀ ਪਉੜੀ ਦਾ ਪਾਠ ਉੱਚੀ ਸੁਰ ਵਿੱਚ ਕਰ ਕੇ ਗੁਰੂ ਦਾ ਆਸ਼ੀਰਵਾਦ ਲਿਆ ਜਦੋਂ ਕਿ ਦਰਸ਼ਨ ਸਿੰਘ ਚੱਠਾ ਅਤੇ ਭਾਈ ਮਾਨ ਸਿੰਘ ਲਿਖਾਰੀ ਬੁੱਢਾ ਦਲ ਨੇ "ਕਲਗੀਧਰ ਦੀਆਂ ਫੌਜਾਂ ਚੜ੍ਹਦੀ ਕਲਾ 'ਚ ਰਹਿਣਗੀਆਂ" ਸਮੇਤ ਹੋਰ ਧਾਰਮਿਕ ਰਚਨਾਵਾਂ ਦਾ ਪਾਠ ਕੀਤਾ। ਮਾ. ਰੇਵਤੀ ਪ੍ਰਸ਼ਾਦ ਨੇ ਆਉਣ ਵਾਲੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਸਬੰਧੀ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਦੀ ਇਕ ਰਚਨਾ ਸੁਣਾਈ ਜਦੋਂ ਕਿ ਦਰਸ਼ਨ ਭੰਮੇ ਨੇ ਵੀ ਆਪਣੀ ਕਵੀਸ਼ਰੀ ਦਾ ਗਾਇਨ ਕੀਤਾ। ਇਸ ਮੌਕੇ ਸਹਾਰਾ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਨੇ ਵੀ ਦਿਲ ਹਲੂਣਵੀਂ ਕਵਿਤਾ ਬੋਲ ਕੇ ਆਪਣੀ ਹਾਜ਼ਰੀ ਲਵਾਈ। ਇਕ ਛੋਟੇ ਬੱਚੇ ਸੋਇਲ ਖਾਨ ਨੇ ਬੜੀ ਹੀ ਅਜੀਬ ਭਾਸ਼ਾ ਵਿੱਚ ਆਪਣੀ ਕਵਿਤਾ ਬੋਲੀ, ਸਮਾਜ ਸੇਵੀ ਬੀਹਲਾ ਗੋਦਾਰਾ ਨੇ ਕਿਸਾਨੀ ਬਾਰੇ ਕਵਿਤਾ ਕਹੀ। ਪ੍ਰਧਾਨਗੀ ਕਰ ਰਹੇ ਪ੍ਰਿੰਸੀਪਲ ਬਲਵੀਰ ਸਿੰਘ ਸਨੇਹੀ ਨੇ ਆਪਣੀ ਪੁਸਤਕ "ਵਿਰਲਾਪ" ਚੋਂ ਗ਼ਜ਼ਲਾਂ ਦਾ ਪਾਠ ਕੀਤਾ ਜਦੋਂ ਕਿ ਹਰਗੋਬਿੰਦ ਸਿੰਘ ਸ਼ੇਖਪੁਰੀਆ ਨੇ "ਸ਼ੇਖਪੁਰੀਏ ਦੇ ਸਲੋਕ" ਸੁਖਵਿੰਦਰ ਯਮਲੇ ਦੀ ਤੂੰਬੀ ਦੀ ਸਹਾਇਤਾ ਨਾਲ ਗਾਏ ਅਤੇ ਦੋਵੇਂ ਪੁਸਤਕਾਂ ਸੱਤ ਸੱਤ ਸ਼ਖ਼ਸੀਅਤਾਂ ਨੂੰ ਭੇਂਟ ਕੀਤੀਆਂ ਗਈਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬਾ ਜੋਰਾ ਸਿੰਘ ਦੇ ਫਰਜ਼ੰਦ ਪਹਿਲਵਾਨ ਅੰਮ੍ਰਿਤਜੋਤ ਸਿੰਘ, ਬਾਬਾ ਗੋਰਾ ਸਿੰਘ, ਕਵੀਸ਼ਰੀ ਦੇ ਰਸੀਏ ਬਾਬਾ ਬਲਦੇਵ ਸਿੰਘ ਚਹਿਲ ਆਦਿ ਸ਼ਖਸੀਅਤਾਂ ਹਾਜ਼ਰ ਸਨ। ਪ੍ਰਧਾਨਗੀ ਕਰ ਰਹੇ ਪ੍ਰਿੰਸੀਪਲ ਬਲਵੀਰ ਸਿੰਘ ਸਨੇਹੀ ਨੇ ਸਭਾ ਨੂੰ ਆਪਣੇ ਵੱਲੋਂ ਗਿਆਰਾਂ ਸੌ ਰੁਪਏ ਦੇਣ ਦਾ ਐਲਾਨ ਕੀਤਾ।