ਜੋਧਾਂ 15 ਜਨਵਰੀ (ਦਲਜੀਤ ਸਿੰਘ ਰੰਧਾਵਾ) ਦ੍ਰਿਸ਼ਟੀ ਡਾ.ਆਰਸੀ ਜੈਨ ਇਨੋਵੇਟਿਵ ਪਬਲਿਕ ਸਕੂਲ ਨਾਰੰਗਵਾਲ ਵਿਖੇ ਲੋਹੜੀ ਦੇ ਤਿਉਹਾਰ ਸਬੰਧੀ 'ਵਿਹੜਾ ਖੁਸ਼ੀਆਂ ਦਾ' ਸਮਾਗਮ ਕਰਵਾਇਆ ਗਿਆ। ਸਕੂਲ ਦੇ ਵਿਦਿਆਰਥੀਆਂ ਵੱਲੋਂ 'ਦੁੱਲਾ ਭੱਟੀ' ਦੀ ਲੋਕ ਗਾਥਾ ਤੇ ਅਧਾਰਿਤ ਪੰਜਾਬੀ ਗੀਤਾਂ,ਨਾਚਾਂ ਅਤੇ ਨਾਟਕਾਂ ਦੀ ਪੇਸ਼ਕਾਰੀ ਦਾ ਵੱਡੀ ਗਿਣਤੀ ਵਿੱਚ ਇਕੱਤਰ ਪਤਵੰਤਿਆਂ ਨੇ ਖੂਬ ਆਨੰਦ ਮਾਣਿਆ। ਪੰਜਾਬ ਦੇ ਵਿਰਾਸਤੀ ਪਹਿਰਾਵੇ ਵਿੱਚ ਸਜ ਧਜ ਕੇ ਆਪਣੇ ਮਾਪਿਆਂ ਨਾਲ ਸਕੂਲ ਦੇ ਵਿਹੜੇ ਆਏ ਬੱਚਿਆਂ ਨੇ ਸਕੂਲ ਵੱਲੋਂ ਵਿਸ਼ੇਸ਼ ਤੌਰ ਤੇ ਲਗਾਈਆਂ ਖੇਡਾਂ ਅਤੇ ਸਟੇਸ਼ਨਰੀ ਵਗੈਰਾ ਦੀਆਂ ਸਟਾਲਾਂ ਤੇ ਖ਼ੂਬ ਖਰੀਦੋ ਫਰੋਖਤ ਕੀਤੀ ਤੇ ਵੱਖ ਵੱਖ ਖਾਣਿਆ ਦਾ ਆਨੰਦ ਮਾਣਿਆ । ਇਸ ਮੌਕੇ ਬੱਚਿਆਂ ਨੇ ਮਜ਼ੇਦਾਰ ਖੇਡਾਂ ਟੋਂਗਾ ਰਾਈਡ ਅਤੇ ਸੈਲਫੀ ਕਾਰਨਰ ਦਾ ਵੀ ਆਨੰਦ ਮਾਣਿਆ। ਇਸ ਮੌਕੇ ਲੱਕੀ ਡਰਾਅ ਲਈ ਵੱਧ ਟਿਕਟਾਂ ਵੇਚਣ ਵਾਲੇ ਵਿਦਿਆਰਥੀ ਹਰਸ਼ਿਤ ਕੁਮਰਾ ਨੂੰ ਵਧੀਆ ਪ੍ਰਚਾਰ ਹੁਨਰ ਲਈ ਸਕੂਲ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਕੂਲ ਵੱਲੋਂ ਬੱਚਿਆਂ ਅਤੇ ਮਾਪਿਆਂ ਦੀ ਹਾਜ਼ਰੀ ਵਿੱਚ ਕੱਢੇ ਗਏ ਲੱਕੀ ਡਰਾਅ ਦੌਰਾਨ ਜੇਤੂਆਂ ਨੂੰ 32" ਇੰਚੀ ਐਲ ਈ ਡੀ ,ਮੋਬਾਈਲ ਫੋਨ, ਇੰਡਕਸ਼ਨ ਸਟੋਵ,ਇਲੈਕਟ੍ਰੀਕਲ ਕੇਤਲੀ ਅਤੇ ਬਲੈਂਡਰ ਦੇ ਕੇ ਸਨਮਾਨਿਤ ਕੀਤਾ ਗਿਆ।ਸਮਾਗਮ ਦੀ ਸਮਾਪਤੀ ਤੇ ਪ੍ਰਿੰਸੀਪਲ ਡਾ ਮਨੀਸ਼ਾ ਗੰਗਵਾਰ ਨੇ ਸਮਾਗਮ ਦੀ ਸਫਲਤਾ ਲਈ ਆਏ ਮਹਿਮਾਨਾਂ, ਮਾਪਿਆਂ ਅਤੇ ਬੱਚਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਬੱਚਿਆਂ ਦਾ ਆਤਮਵਿਸ਼ਵਾਸ ਵਧਾਉਣ ਅਤੇ ਉਨ੍ਹਾਂ ਨੂੰ ਆਪਣਾ ਹੁਨਰ ਤੇ ਪ੍ਰਤਿਭਾ ਦਿਖਾ ਕੇ ਅੱਗੇ ਵਧਣ ਦਾ ਹੌਂਸਲਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਲੋਹੜੀ ਮੇਲੇ ਦੌਰਾਨ ਵਿਦਿਆਰਥੀਆਂ ਵੱਲੋਂ ਕਮਾਇਆ ਜਾਣ ਵਾਲਾ ਮੁਨਾਫਾ ਸਮਾਜ ਭਲਾਈ ਦੇ ਕਾਰਜਾਂ ਲਈ ਵਰਤਿਆ ਜਾਵੇਗਾ।