17 ਸਾਲਾ ਸੁਖਮਨੀ ਬਰਾੜ ਵੱਲੋਂ ਲਿਖੀ ਅੰਗਰੇਜ਼ੀ ਕਾਵਿ-ਪੁਸਤਕ 'ਫਸਾਡ' ਰਿਲੀਜ਼

ਡੀ.ਸੀ. ਸੁਰਭੀ ਮਲਿਕ, ਸੀ.ਪੀ. ਮਨਦੀਪ ਸਿੰਘ ਸਿੱਧੂ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵੀ.ਸੀ. ਡਾ.ਐਸ.ਪੀ. ਸਿੰਘ ਦੀ ਹਾਜ਼ਰੀ 'ਚ ਕੀਤੀ ਗਈ ਪੁਸਤਕ ਰਿਲੀਜ਼

ਲੁਧਿਆਣਾ, 19 ਜਨਵਰੀ (ਗੁਰਭਿੰਦਰ ਗੁਰੀ) 17 ਸਾਲਾ ਸੁਖਮਨੀ ਬਰਾੜ ਵੱਲੋਂ ਲਿਖੀ ਅੰਗਰੇਜ਼ੀ ਕਾਵਿ ਪੁਸਤਕ 'ਫਸਾਡ' ਨੂੰ ਡਿਪਟੀ ਕਮਿਸ਼ਨਰ ਸੁਰਭੀ ਮਲਿਕ, ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ.ਐਸ.ਪੀ. ਸਿੰਘ ਅਤੇ ਉੱਘੇ ਪੰਜਾਬੀ ਕਵੀ ਪ੍ਰੋ: ਗੁਰਭਜਨ ਸਿੰਘ ਗਿੱਲ ਦੀ ਹਾਜ਼ਰੀ ਵਿੱਚ ਸਥਾਨਕ ਸਰਕਟ ਹਾਊਸ ਵਿਖੇ ਰੀਲੀਜ ਕੀਤਾ ਗਿਆ। ਇਹ ਸੁਖਮਨੀ ਦੀ ਦੂਜੀ ਕਾਵਿ-ਪੁਸਤਕ ਹੈ,  ਪਹਿਲੀ ਪੁਸਤਕ ਦਾ ਸਿਰਲੇਖ 'ਲੌਸਟ ਇਨ ਦ ਨਾਈਟ ਸਕਾਈ' ਸੀ।

ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵਲੋਂ ਸੁਖਮਨੀ ਦੇ ਮਾਪਿਆਂ ਦੀ ਵੀ ਸ਼ਲਾਘਾ ਕੀਤੀ ਗਈ ਜਿਨ੍ਹਾਂ ਆਪਣੀ ਬੱਚੀ ਨੂੰ ਦੂਜੀ ਪੁਸਤਕ ਰਾਹੀਂ ਆਪਣੇ ਵਿਚਾਰ ਪ੍ਰਗਟ ਕਰਨ ਲਈ ਉਤਸ਼ਾਹਤਿ ਕੀਤਾ। ਉਨ੍ਹਾਂ ਕਿਹਾ ਕਿ ਇਹ ਇੱਕ ਡੂੰਘੀ ਅਤੇ ਵਿਚਾਰਨ ਵਾਲੀ ਪੁਸਤਕ ਹੈ ਜੋ ਲੋਕਾਂ ਦੇ ਮਨਾਂ ਅੰਦਰ ਦੀਆਂ ਆਵਾਜ਼ਾਂ ਬਾਰੇ ਅਮਿੱਟ ਛਾਪ ਛੱਡੇਗੀ। ਸੁਰਭੀ ਮਲਿਕ ਨੇ ਸੁਖਮਨੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੋਸ਼ਲ ਮੀਡੀਆ ਦੇ ਯੁਗ ਵਿੱਚ ਇੱਕ ਅਦੁੱਤੀ ਕਿਤਾਬ ਲਿਖੀ ਹੈ ਅਤੇ ਉਮੀਦ ਕੀਤੀ ਕਿ ਉਹ ਨੌਜਵਾਨ ਪੀੜ੍ਹੀ ਨੂੰ ਸਾਹਿਤ ਵੱਲ ਪ੍ਰੇਰਿਤ ਕਰੇਗੀ।

ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਹੋਰ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਆਪਣੇ ਬੱਚਿਆਂ ਨੂੰ ਆਪਣੀ ਊਰਜਾ ਨੂੰ ਸਹੀ ਦਿਸ਼ਾ ਵਿੱਚ ਚਲਾਉਣ ਲਈ ਪ੍ਰੇਰਿਤ ਕਰਨ। ਉਨ੍ਹਾਂ ਸੁਖਮਨੀ ਬਰਾੜ ਨੂੰ ਦੂਜੀ ਪੁਸਤਕ ਲਿਖਣ ਲਈ ਵੀ ਵਧਾਈ ਦਿੱਤੀ।

ਡਾ.ਐਸ.ਪੀ.ਸਿੰਘ ਨੇ ਆਸ ਪ੍ਰਗਟਾਈ ਕਿ ਸੁਖਮਨੀ ਭਵਿੱਖ ਵਿੱਚ ਵੀ ਅਜਿਹੀਆਂ ਹੋਰ ਪੁਸਤਕਾਂ ਵਿੱਚ ਯੋਗਦਾਨ ਪਾਉਣਗੇ।

ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਗਿੱਲ ਨੇ ਕਿਹਾ ਕਿ ਸੁਖਮਨੀ ਦਾ ਪਰਿਵਾਰ ਮੂਲ ਰੂਪ ਵਿੱਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭਾਗਸਰ ਦਾ ਰਹਿਣ ਵਾਲਾ ਹੈ ਅਤੇ ਉਸ ਨੇ ਆਪਣੇ ਵਿਚਾਰਾਂ ਨੂੰ ਇਸ ਸੁਚੱਜੇ ਅਤੇ ਸਿਰਜਣਾਤਮਕ ਢੰਗ ਨਾਲ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਹੋਰ ਬੇਕਾਰ ਕੰਮਾਂ ਵਿੱਚ ਆਪਣਾ ਸਮਾਂ ਬਰਬਾਦ ਕਰਨ ਦੀ ਬਜਾਏ, ਉਸਨੇ ਇਸ ਕਿਤਾਬ ਨੂੰ ਲਿਖਣਾ ਚੁਣਿਆ।

ਸੁਖਮਨੀ ਨੇ ਇਸ ਪੁਸਤਕ ਲਈ ਉਸ ਨੂੰ ਪ੍ਰੇਰਿਤ ਕਰਨ ਲਈ ਆਪਣੇ ਪਿਤਾ, ਇੰਸਪੈਕਟਰ ਅਮਨਦੀਪ ਸਿੰਘ ਬਰਾੜ, ਮਾਤਾ ਹਰਪ੍ਰੀਤ ਕੌਰ ਬਰਾੜ ਅਤੇ ਵੱਡੀ ਭੈਣ ਨਾਨਕੀ ਬਰਾੜ ਦਾ ਵੀ ਧੰਨਵਾਦ ਕੀਤਾ।