You are here

ਅੰਤਰਰਾਸ਼ਟਰੀ ਪੱਧਰ ਦੇ ਮਸ਼ਹੂਰ ਕਬੱਡੀ ਪ੍ਰਮੋਟਰ ਜਸਦੇਵ ਗੋਲਾ ਦੀ ਹਾਦਸੇ ’ਚ ਦਰਦਨਾਕ ਮੌਤ

ਸਮਰਾਲਾ ,10 ਮਾਰਚ -(ਜਨ ਸ਼ਕਤੀ ਨਿਊਜ਼ ਬਿਊਰੋ )-  ਅੰਤਰਰਾਸ਼ਟਰੀ ਪੱਧਰ ਦੇ ਮਸ਼ਹੂਰ ਕਬੱਡੀ ਪ੍ਰਮੋਟਰ ਅਮਰੀਕਾ ਰਹਿੰਦੇ ਪਰਵਾਸੀ ਭਾਰਤੀ ਜਸਦੇਵ ਸਿੰਘ ਗੋਲਾ ਦੀ ਦੇਰ ਰਾਤ ਸਮਰਾਲਾ ਨੇੜੇ ਸੜਕ ਹਾਦਸੇ 'ਚ ਮੌਤ ਹੋ ਗਈ। ਪਵਾਤ ਪਿੰਡ ਦੇ ਨਹਿਰ ਪੁਲ਼ ’ਤੇ ਉਨ੍ਹਾਂ ਦੀ ਗੱਡੀ ਅੱਗੇ ਕੋਈ ਅਵਾਰਾ ਪਸ਼ੂ ਅਚਾਨਕ ਆ ਜਾਣ ਕਾਰਨ ਪਿੱਛੋਂ ਆ ਰਹੇ ਟਰੱਕ ਨਾਲ ਹੋਈ ਟੱਕਰ ਦੌਰਾਨ ਭਿਆਨਕ ਸੜਕ ਹਾਦਸਾ ਵਾਪਰਿਆ।  ਪਿੰਡ ਝਾੜ ਸਾਹਿਬ ਦੇ ਰਹਿਣ ਵਾਲੇ ਜਸਦੇਵ ਸਿੰਘ ਗੋਲਾ ਖੁੱਦ ਅੰਤਰਰਾਸ਼ਟਰੀ ਪੱਧਰ ਦੇ ਮਸ਼ਹੂਰ ਕਬੱਡੀ ਖਿਡਾਰੀ ਰਹਿ ਚੁੱਕੇ ਹਨ। ਪੰਜਾਬ ਦੀਆਂ ਵਿਰਾਸਤੀ ਖੇਡਾਂ ਖਾਸਕਰ ਮਾਂ ਖੇਡ ਕਬੱਡੀ ਨੂੰ ਪ੍ਰਮੋਟ ਕਰਨ ਵਿੱਚ ਉਨਾਂ ਦਾ ਬਹੁਤ ਵੱਡਾ ਯੋਗਦਾਨ ਮੰਨਿਆ ਜਾਂਦਾ ਹੈ। ਉਹ ਕਰੀਬ 20 ਦਿਨ ਪਹਿਲਾ ਹੀ ਮਾਲਵੇ ਦੇ ਮਸ਼ਹੂਰ ਖੇਡ ਮੇਲੇ ਵਿੱਚ ਮੇਜ਼ਬਾਨੀ ਕਰਨ ਲਈ ਭਾਰਤ ਪਰਤੇ ਸਨ। ਉਹ ਇਸ ਮਾਲਵਾ ਖੇਡ ਮੇਲੇ ਦੇ ਮੁੱਖ ਪ੍ਰਬੰਧਕਾਂ ਵਿੱਚੋਂ ਇੱਕ ਸਨ ਅਤੇ ਹਰ ਸਾਲ ਹੀ ਇਸ ਖੇਡ ਮੇਲੇ ਵਿੱਚ ਸ਼ਿਰਕਤ ਕਰਨ ਲਈ ਉੱਚੇਚੇ ਤੌਰ ’ਤੇ ਇੱਥੇ ਪੁੱਜਦੇ ਸਨ।  ਜਸਦੇਵ ਗੋਲਾ ਦੀ ਮੌਤ ਨਾਲ ਖੇਡ ਪ੍ਰੇਮੀਆਂ ਅਤੇ ਖਿਡਾਰੀਆਂ ਵਿੱਚ ਡੂੰਘੇ ਸੋਗ ਦੀ ਲਹਿਰ ਫੈਲ ਗਈ ਹੈ।