ਕਦੇ-ਕਦੇ (ਕਵਿਤਾ) ✍️ ਰਣਬੀਰ ਸਿੰਘ ਪ੍ਰਿੰਸ

ਰਾਤੀਂ ਪਿੰਡ ਦੀ ਯਾਦ,

ਖ਼ਾਬ ਵਿੱਚ ਪੁੱਛ ਬੈਠੀ,

ਕਹਿੰਦੀ ਮੇਰੀ

ਯਾਦ ਨਹੀਂ ਆਉਂਦੀ

ਮੈਂ ਕਿਹਾ ਆਉਂਦੀ ਐ,

ਪਰ ਕਦੇ ਕਦੇ,

 

ਕਹਿੰਦੀ ਛੱਪੜ ਕੰਢੇ ਬੋਹੜ ਉੱਤੇ

ਹੁਣ ਦਿਲ ਨਹੀਂ ਕਰਦਾ,

ਪੀਂਘ ਪੁਲਾਂਘਾਂ ਖੇਡਣ ਦਾ

ਮੈਂ ਕਿਹਾ ਕਰਦਾ ਹੈ

ਪਰ ਕਦੇ ਕਦੇ,

 

ਬੇਬੇ ਦੀਆਂ ਗਾਲ਼ਾਂ

ਬਾਪੂ ਦੀਆਂ ਝਿੜਕਾਂ

ਭੈਣ ਦਾ ਲਾਡ

ਸਮਝ ਹੁਣ ਆਉਂਦਾ,

ਮੈਂ ਕਿਹਾ ਆਉਂਦਾ

ਪਰ ਕਦੇ ਕਦੇ ,

 

ਕਹਿੰਦੀ ਉਹ ਕਮਲੀ ਵੀ ਯਾਦ ਹੈ,

ਜੋ ਕਦੇ ਚੋਰੀ ਤੱਕੀ ਸੀ,

ਤੇਰੇ ਭੋਲੇਪਣ ਤੇ,

ਜੋ ਥੋੜ੍ਹਾ ਜਿਹਾ ਹੱਸੀ ਸੀ,

ਮੈਂ ਕਿਹਾ ਯਾਦ ਹੈ

ਪਰ ਕਦੇ ਕਦੇ

 

ਫਿਰ ਮੈਂ ਸਮਝਾਇਆ ਕਮਲੀ ਨੂੰ,

ਮਸਾਂ ਡੌਕੀਆਂ ਲਾ ਕੇ ਆਇਆ ਹਾਂ,

ਮੈਕਸੀਕੋ ਦੇ ਜੰਗਲ ਪਨਾਮਾ ਅੰਦਰ,

ਸਭ ਕੁਝ ਹੀ ਦਫ਼ਨਾਇਆ ਹੈ,

 

ਏਸੇ ਲਈ ਕਮਲੇ ਦਿਲ ਤਾਈਂ

ਪ੍ਰਿੰਸ ਪੱਥਰ ਵਾਂਗ ਬਣਾਇਆ ਹੈ,

ਚੇਤੇ ਤਾਂ ਸਭ ਕੁਝ ਅੱਜ ਵੀ ਹੈ,

ਪਰ ਗਰਜ਼ਾਂ ਦੇ ਕਰਜ਼ਾਂ,

ਹੇਠ ਦਬਾਇਆ ਹੈ ,

 

ਰਣਬੀਰ ਸਿੰਘ ਪ੍ਰਿੰਸ

ਸ਼ਾਹਪੁਰ ਕਲਾਂ ਆਫ਼ਿਸਰ ਕਾਲੋਨੀ

ਸੰਗਰੂਰ 9872299613