ਪੰਜਾਬ ਰਾਜ ਖੇਡਾਂ ਅੰਡਰ-14 ਲੁਧਿਆਣਾ ਵਿਖੇ ਧੂਮ ਧੜੱਕੇ ਨਾਲ ਸ਼ੁਰੂ

 

ਕੌਂਸਲਰ ਮਮਤਾ ਆਸ਼ੂ ਨੇ ਕੀਤਾ ਉਦਘਾਟਨ, ਖੇਡ ਭਾਵਨਾ ਨਾਲ ਖੇਡਣ ਦਾ ਸੱਦਾ

ਲੁਧਿਆਣਾ, ਅਗਸਤ 2019( ਮਨਜਿੰਦਰ ਗਿੱਲ )-ਖੇਡ ਵਿਭਾਗ, ਪੰਜਾਬ ਵੱਲੋਂ 'ਮਿਸ਼ਨ ਤੰਦਰੁਸਤ ਪੰਜਾਬ' ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਰਾਜ ਖੇਡਾਂ 21 ਤੋਂ 23 ਅਗਸਤ ਤੱਕ ਲੁਧਿਆਣਾ ਵਿਖੇ ਕਰਵਾਈਆਂ ਜਾ ਰਹੀਆਂ ਹਨ, ਜੋ ਕਿ ਅੱਜ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਸ਼ੁਰੂ ਹੋ ਗਈਆਂ। ਇਨਾਂ ਖੇਡਾਂ ਦਾ ਉਦਘਾਟਨ ਅੱਜ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਵੱਲੋਂ ਕੀਤਾ ਗਿਆ। ਖੇਡਾਂ ਦਾ ਉਦਘਾਟਨ ਕਰਦਿਆਂ ਸ੍ਰੀਮਤੀ ਆਸ਼ੂ ਨੇ ਖ਼ਿਡਾਰੀਆਂ ਨੂੰ ਸੱਦਾ ਦਿੱਤਾ ਕਿ ਉਹ ਖੇਡ ਭਾਵਨਾ ਦਾ ਪ੍ਰਗਟਾਵਾ ਕਰਦਿਆਂ ਇਨਾਂ ਖੇਡਾਂ ਵਿੱਚ ਭਾਗ ਲੈਣ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਲਿਜਾਣ ਲਈ ਉਨਾਂ ਨੂੰ ਖੇਡਾਂ ਨਾਲ ਜੋੜਿਆ ਜਾ ਰਿਹਾ ਹੈ। ਇਸੇ ਕਰਕੇ ਹੀ ਸੂਬੇ ਭਰ ਵਿੱਚ ਖੇਡਾਂ ਦਾ ਇੱਕ ਦੌਰ ਸ਼ੁਰੂ ਕੀਤਾ ਗਿਆ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਖੇਡ ਸੱਭਿਆਚਾਰ ਸਿਰਜਣ ਅਤੇ ਖ਼ਿਡਾਰੀਆਂ ਦੀ ਬਿਹਤਰੀ ਲਈ ਹਰ ਸੰਭਵ ਯਤਨ ਕਰਨ ਲਈ ਦ੍ਰਿੜ ਸੰਕਲਪ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਖੇਡ ਅਫ਼ਸਰ ਰਵਿੰਦਰ ਸਿੰਘ ਨੇ ਦੱਸਿਆ ਕਿ ਅੰਡਰ-14 ਵਰਗ ਦੀਆਂ ਇਨਾਂ ਖੇਡਾਂ ਵਿੱਚ ਸੂਬੇ ਦੇ ਸਾਰੇ ਜ਼ਿਲਿਆਂ ਦੇ 3000 ਤੋਂ ਵਧੇਰੇ ਖ਼ਿਡਾਰੀ ਅਤੇ 300 ਤੋਂ ਵਧੇਰੇ ਆਫੀਸ਼ੀਅਲ ਭਾਗ ਲੈ ਰਹੇ ਹਨ। ਇਹ ਖੇਡਾਂ ਸਥਾਨਕ ਗੁਰੂ ਨਾਨਕ ਸਟੇਡੀਅਮ, ਮਲਟੀਪਰਪਜ਼ ਹਾਲ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਬੀ. ਵੀ. ਐੱਮ. ਸਕੂਲ, ਲਈਅਰ ਵੈਲੀ ਕਲੱਬ, ਖਾਲਸਾ ਕਾਲਜ (ਲੜਕੀਆਂ) ਅਤੇ ਜੀ. ਐੱਚ. ਜੀ. ਖਾਲਸਾ ਕਾਲਜ ਗੁਰੂਸਰ ਸੁਧਾਰ ਦੇ ਖੇਡ ਮੈਦਾਨਾਂ ਵਿੱਚ ਕਰਵਾਏ ਜਾਣਗੇ। ਉਨਾਂ ਕਿਹਾ ਕਿ ਇਨਾਂ ਖੇਡਾਂ ਦੌਰਾਨ ਅਥਲੈਟਿਕਸ, ਬਾਸਕਿਟਬਾਲ, ਬੈਡਮਿੰਟਨ, ਟੇਬਲ ਟੈਨਿਸ, ਬਾਕਸਿੰਗ, ਕੁਸ਼ਤੀ, ਜਿਮਨਾਸਟਿਕ, ਵਾਲੀਬਾਲ, ਖੋਹ-ਖੋਹ, ਹਾਕੀ, ਹੈਂਡਬਾਲ, ਫੁੱਟਬਾਲ, ਤੈਰਾਕੀ, ਜੂਡੋ, ਚੈੱਸ, ਰੋਲਰ ਸਕੇਟਿੰਗ, ਫੈਂਸਿੰਗ, ਕਬੱਡੀ ਨੈਸ਼ਨਲ ਸਟਾਈਲ, ਕਬੱਡੀ ਸਰਕਲ ਸਟਾਈਲ ਅਤੇ ਆਰਚਰੀ ਦੇ ਮੁਕਾਬਲੇ ਕਰਵਾਏ ਜਾਣਗੇ। ਉਨਾਂ ਦੱਸਿਆ ਕਿ ਵੱਖ-ਵੱਖ ਜ਼ਿਲਿਆਂ ਤੋਂ ਆਉਣ ਵਾਲੇ ਖ਼ਿਡਾਰੀਆਂ ਅਤੇ ਅਧਿਕਾਰੀਆਂ ਦੇ ਰਹਿਣ, ਖਾਣ-ਪੀਣ ਅਤੇ ਆਵਾਜਾਈ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨਾਂ ਖ਼ਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਇਨਾਂ ਖੇਡਾਂ ਦੌਰਾਨ ਖੇਡ ਭਾਵਨਾ ਨਾਲ ਖੇਡਣ ਤਾਂ ਜੋ ਖੇਡਾਂ ਦੇ ਖੇਤਰ ਵਿੱਚ ਸੂਬੇ ਦਾ ਨਾਮ ਉੱਚਾ ਕੀਤਾ ਜਾ ਸਕੇ। ਇਸ ਮੌਕੇ ਜਿਮਨਾਸਟਿਕ ਸ਼ੋਅ ਅਤੇ ਗਿੱਧੇ ਦੀ ਪੇਸ਼ਕਾਰੀ ਵੀ ਕੀਤੀ ਗਈ। ਇਸ ਮੌਕੇ ਖੇਡ ਖੇਤਰ ਨਾਲ ਜੁੜੀਆਂ ਵੱਖ-ਵੱਖ ਸਖ਼ਸ਼ੀਅਤਾਂ ਅਤੇ ਵੱਡੀ ਗਿਣਤੀ ਵਿੱਚ ਖ਼ਿਡਾਰੀ ਹਾਜ਼ਰ ਸਨ।