ਸ਼ਹੀਦ ਭਗਤ ਸਿੰਘ ਦੇ ਬਲੀਦਾਨ ਦਿਵਸ ਨੂੰ ਸਮਰਪਿਤ ✍️ ਅਮਰਜੀਤ ਸਿੰਘ ਜੀਤ

23 ਮਾਰਚ ਦਾ ਅਹਿਮ 

ਭਾਰਤ ਦੇ ਇਤਿਹਾਸ ਵਿੱਚ 23 ਮਾਰਚ ਦਾ ਅਹਿਮ ਦਿਹਾੜਾ ਹਮੇਸ਼ਾ ਲਈ ਬਲੀਦਾਨ ਦਿਵਸ ਵਜੋਂ ਜਾਣਿਆ ਜਾਂਦਾ ਰਹੇਗਾ। ਇਸ ਦਿਨ ਦੇਸ਼ ਭਰ 'ਚ  ਨੌਜਵਾਨ 'ਤੇ ਵਤਨ ਪ੍ਰਸਤ ਨਾਗਰਿਕ ਬਸੰਤੀ ਦਸਤਾਰਾਂ ਸਜਾ ਕੇ 'ਇਨਕਲਾਬ ਜਿੰਦਾਬਾਦ' 'ਭਾਰਤ ਮਾਤਾ ਕੀ ਜੈ' ਅਤੇ 'ਬੰਦੇ ਮਾਤਰਮ' ਦੇ ਆਕਾਸ਼ ਗੁੰਜਾਊ ਨਾਰਿਆਂ ਨਾਲ ਆਪਣੇ ਹਰਮਨ ਪਿਆਰੇ ਆਦਰਸ਼ 'ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ, ਸ਼ਿਵਰਾਮ ਹਰੀ ਰਾਜਗੁਰੂ ਅਤੇ ਸੁਖਦੇਵ ਥਾਪਰ ਦੀ ਕੁਰਬਾਨੀ ਚੇਤੇ ਕਰਦਿਆਂ ਸ਼ਰਧਾਂਜਲੀ ਭੇਂਟ ਕਰਦੇ ਹਨ। ਸਦੀਆਂ ਤੋਂ ਵਿਦੇਸ਼ੀ ਜਰਵਾਣਿਆਂ ਦੀਆਂ ਜੰਜ਼ੀਰਾਂ ਵਿੱਚ ਜਕੜੀ ਭਾਰਤ ਮਾਤਾ ਦੇ ਗਲੋਂ ਗੁਲਾਮੀ ਦਾ ਜੂਲਾ ਲਾਹਉਣ ਲਈ 23 ਮਾਰਚ 1931 ਨੂੰ ਵਤਨ ਦੇ ਮਹਾਨ ਸਪੂਤਾਂ ਨੇ ਹੱਸ ਕੇ ਫਾਂਸੀ ਦੇ ਰੱਸੇ ਚੁੰਮ ਲਏ ਸਨ। ਭਗਤ ਸਿੰਘ ਦੇ ਸਾਥੀ ਸ਼ਿਵਰਾਮ ਹਰੀ ਰਾਜਗੁਰੂ ਦਾ ਜਨਮ ਪਿਤਾ ਹਰੀ ਨਰਾਇਣ ਰਾਜਗੁਰੂ ਦੇ ਘਰ ਮਾਤਾ ਸ੍ਰੀ ਮਤੀ ਪਾਰਵਤੀ ਬਾਈ ਦੀ ਕੁੱਖੋਂ 24 ਅਗਸਤ 1908 ਨੂੰ ਮਹਾਂਰਾਸ਼ਟਰ ਦੇ ਜ਼ਿਲ੍ਹਾ ਪੂਨਾ ਦੇ ਇੱਕ ਪਿੰਡ ਖੁੱਡ ਵਿਖੇ ਹੋਇਆ। ਬਚਪਨ ਵਿਚ ਪਿਤਾ ਦੀ ਮੌਤ ਉਪਰੰਤ ਆਪ ਜੀ ਦਾ ਪਾਲਣ ਪੋਸ਼ਣ ਮਾਤਾ ਤੇ ਵੱਡੇ ਭਰਾ ਦੇ ਹੱਥਾਂ ਵਿਚ ਹੋਇਆ। ਦੂਸਰੇ ਸਾਥੀ ਸੁਖਦੇਵ ਥਾਪਰ ਦਾ ਜਨਮ ਵਿਚ ਪਿਤਾ ਸ੍ਰੀ ਰਾਮਲਾਲ ਥਾਪਰ ਮਾਤਾ ਸ਼੍ਰੀਮਤੀ ਰੱਲੀ ਦੇਵੀ ਦੀ ਕੁੱਖੋਂ ਪੰਜਾਬ ਦੇ ਨਗਰ ਲੁਧਿਆਣਾ ਵਿਖੇ ਹੋਇਆ। ਆਪ ਜੀ ਦੇ ਜਨਮ ਤੋਂ 3 ਮਹੀਨੇ ਪਹਿਲਾਂ ਹੀ ਪਿਤਾ ਦੀ ਮੌਤ ਹੋ ਗਈ ਸੀ। ਆਪ ਦਾ ਪਾਲਣ ਪੋਸ਼ਣ ਮਾਤਾ ਅਤੇ ਤਾਇਆ ਅਚਿੰਤ ਰਾਮ ਥਾਪਰ ਦੀ ਦੇਖ ਰੇਖ 'ਚ ਹੋਇਆ। ਸ੍ਰ. ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਪਿਤਾ ਸ੍ਰੀ ਕਿਸ਼ਨ ਸਿੰਘ ਦੇ ਘਰ ਮਾਤਾ ਵਿਦਿਆਵਤੀ ਦੀ ਕੁੱਖਾਂ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਲਾਇਲਪੁਰ (ਫੈਸਲਾਬਾਦ), ਪਿੰਡ ਬੰਗਾ ਚੱਕ ਨੰਬਰ105 ਵਿਖੇ ਹੋਇਆ। ਭਗਤ ਸਿੰਘ ਦੇ ਪੁਰਖਿਆਂ ਦਾ ਜੱਦੀ ਪਿੰਡ ਨਾਰਲੀ ਜਿਲਾ ਅਮ੍ਰਿਤਸਰ (ਹੁਣ ਤਰਨਤਾਰਨ) ਹੈ। ਜਿੱਥੋਂ ਉਹਨਾ ਦੇ ਵਡੀਕੇ ਖੱਟਕੜ ਕਲਾਂ ਆ ਵਸੇ ਸਨ। ਭਗਤ ਸਿੰਘ ਦੇ ਦਾਦਾ ਅਰਜਨ ਸਿੰਘ ਨੂੰ 25 ਏਕੜ ਜਮੀਨ, ਲਾਇਲਪੁਰ ਦੇ ਪਿੰਡ ਚੱਕ ਬੰਗਾ ਵਿਖੇ ਅਲਾਟ ਹੋਣ ਕਾਰਣ 1898 ਦੇ ਨੇੜੇ ਸਾਰਾ ਪਰਿਵਾਰ ਖੱਟਕੜ ਕਲਾਂ ਤੋਂ ਬੰਗੇ ਜਾ ਵਸਿਆ ਸੀ। ਭਗਤ ਸਿੰਘ ਦੇ ਜਨਮ ਵੇਲੇ, ਉਸ ਦੇ ਪਿਤਾ ਜੀ 'ਤੇ ਦੋਵੇਂ ਚਾਚਿਆਂ ਦੀ, ਜੋ ਕਿਸਾਨ ਸੰਘਰਸ਼ "ਪਗੜੀ ਸੰਭਾਲ  ਜੱਟਾ" ਚਲਾਉਣ ਕਾਰਣ ਜੇਲੀਂ ਡੱਕੇ ਹੋਏ ਸਨ,  ਰਿਹਾਈ ਹੋਈ ਸੀ। ਜਿਸ ਕਾਰਣ ਦਾਦੀ ਜੈ ਕੁਰ ਨੇ ਉਸਦਾ ਨਾਂ 'ਭਾਗਾਂ ਵਾਲਾ' ਰੱਖਿਆ ਸੀ। ਬਾਅਦ ਵਿਚ  ਭਾਗਾਂ ਵਾਲੇ ਤੋਂ ਬਦਲ ਕੇ ਭਗਤ ਸਿੰਘ ਹੋ ਗਿਆ। ਅਜੇ ਉਹ ਮਾਸੂਮ ਹੀ ਸੀ ਜਦੋਂ ਅੰਗਰੇਜ ਹਕੂਮਤ ਨੇ ਪਰਿਵਾਰ ਉੱਤੇ ਹੱਦੋਂ ਵੱਧ ਸਖਤੀ ਕਰ ਦਿੱਤੀ, ਜਿਸ ਕਰਕੇ ਵੱਡੇ ਚਾਚਾ ਅਜੀਤ ਸਿੰਘ ਨੂੰ ਦੇਸ਼ ਛੱਡ ਕੇ ਜਾਣਾ ਪਿਆ। ਉਹ ਚਾਰ ਦਹਾਕਿਆਂ ਤੱਕ ਜਲਾਵਤਨ ਰਹੇ।ਪਿੱਛੇ ਸਵਰਨ ਸਿੰਘ ਦੀ ਜੇਲ ਤੋਂ ਰਿਹਾਈ ਉਪਰੰਤ ਜੇਲ 'ਚ ਝੱਲੇ ਤਸ਼ੱਦਦ ਕਾਰਨ ਸਿਹਤ ਠੀਕ ਨਾ ਰਹੀ ਤਪਦਿਕ ਦੀ ਲਾਗ ਕਾਰਨ, ਦੋ ਡੇਢ ਸਾਲ ਬਿਮਾਰੀ ਨਾਲ ਜੂਝਦਿਆਂ 1910 'ਚ ਮੌਤ ਹੋ ਗਈ। ਹੌਲੀ-ਹੌਲੀ ਭਗਤ ਸਿੰਘ ਦੇ ਬਾਲ ਮਨ 'ਚ ਗੋਰਿਆਂ ਲਈ ਰੋਸ ਪੈਦਾ ਹੋਣ ਲੱਗ ਪਿਆ। ਇਕ ਵਾਰੀ ਕਿਸ਼ਨ ਸਿੰਘ ਖੇਤਾਂ ਵਿਚ ਕਲਮਾਂ ਲਾ ਰਹੇ ਸਨ ਤਾਂ ਪਿਤਾ ਨੂੰ ਕਲਮਾਂ ਲਾਉਂਦੇ ਵੇਖ ਭਗਤ ਸਿੰਘ ਵੀ ਡੱਕੇ ਜਿਹੇ ਭੋਏਂ 'ਚ ਗੱਡਣ ਲੱਗ ਪਿਆ ਇਹ ਦੇਖ ਕੇ ਮਹਿਤਾ ਨੰਦ ਕਿਸ਼ੋਰ ਜੋ ਉੱਥੇ ਮੌਜੂਦ ਸਨ ਨੇ ਪੁੱਛਿਆ ਬੇਟੇ ਇਹ ਤੂੰ ਕੀ ਕਰ ਰਿਹਾ ਏਂ, ਅੱਗੋਂ ਭਗਤ ਸਿੰਘ ਕਹਿੰਦਾ ਦੰਬੂਕਾਂ ਬੀਜ ਰਿਹਾ ਹਾਂ। ਨੰਦ ਕਿਸ਼ੋਰ ਨੇ ਕਿਹਾ ਬੰਦੂਕਾਂ ਕਿਉਂ ਬੀਜ ਰਿਹਾ ਏਂ, ਭਗਤ ਸਿੰਘ ਕਹਿੰਦਾ ਅੰਗਰੇਜਾਂ ਨੂੰ ਭਜਾਉਣ ਲਈ। ਇਹ ਸੁਣ ਕੇ ਸਾਰੇ ਹੱਸ ਪਏ। ਨੰਦ ਕਿਸ਼ੋਰ ਤੇ ਕਿਸ਼ਨ ਸਿੰਘ ਨੂੰ ਅਹਿਸਾਸ ਹੋ ਗਿਆ ਸੀ ਕਿ ਹੁਣ ਆਜਾਦੀ ਬਹੁਤੀ ਦੂਰ ਨਹੀਂ। ਭਗਤ ਸਿੰਘ ਜਦੋਂ ਪੰਜ ਕੁ ਸਾਲ ਦਾ ਹੋਇਆ ਤਾਂ ਉਸ ਨੂੰ ਉਸਦੇ ਵੱਡੇ ਭਰਾ ਜਗਤ ਸਿੰਘ ਨਾਲ ਬੰਗੇ ਦੇ ਪ੍ਰਾਇਮਰੀ ਸਕੂਲ ਵਿਚ ਪੜ੍ਹਨ ਲਾ ਦਿੱਤਾ। ਜਿੱਥੋਂ ਉਸਨੇ ਮੁੱਢਲੀ ਵਿਦਿਆ ਪ੍ਰਾਪਤ ਕੀਤੀ। ਬੇਸ਼ੱਕ ਅਜੇ ਉਹ ਛੋਟਾ ਹੀ ਸੀ ਉਸ ਨੂੰ ਆਲੇ ਦੁਆਲੇ ਵਾਪਰਦੀਆਂ ਅਹਿਮ ਘਟਨਾਵਾਂ ਬਾਰੇ ਥੋੜੀ ਬਹੁਤੀ ਸੂਝ ਜਰੂਰ ਸੀ। ਓਹਨੀ ਦਿਨੀਂ ਕਰਤਾਰ ਸਿੰਘ ਸਰਾਭਾ ਤੇ ਸਾਥੀਆਂ ਦਾ ਕੇਸ ਅਦਾਲਤ ਵਿਚ ਸੀ। ਕਹਿੰਦੇ ਹਨ ਜਦੋਂ ਕੇਸ ਦੀ ਸੁਣਵਾਈ ਹੋ ਰਹੀ ਸੀ ਤਾਂ ਸਰਾਭੇ ਦੀ 19 ਕੁ ਸਾਲ ਦੀ ਉਮਰ ਦੇਖ ਕੇ ਜੱਜ ਦੇ ਮਨ 'ਚ ਕੁੱਝ ਮਨੁੱਖੀ ਭਾਵਨਾ ਜਾਗ ਪਈ, ਉਹ ਸਰਾਭਾ ਨੂੰ ਕਹਿਣ ਲੱਗਾ ਤੂੰ ਆਪਣੀ ਸਫਾਈ 'ਚ ਬਚਾ ਹਿੱਤ ਜੇ ਆਪਣੇ ਬਿਆਨ ਵਿੱਚ ਕੁੱਝ ਬਦਲਾਅ ਕਰ ਲਵੇਂ ਤਾਂ ਫਾਂਸੀ ਦੀ ਸਜਾ ਤੋਂ ਬਚ ਸਕਦਾ ਹੈਂ। ਅੱਗੋਂ ਬੜੀ ਦਲੇਰੀ ਦਾ ਸਬੂਤ ਦਿੰਦੇ ਹੋਏ ਕਰਤਾਰ ਸਿੰਘ ਸਰਾਭਾ ਨੇ ਹੱਸਦਿਆਂ ਕਿਹਾ "ਤੁਸੀਂ ਆਪਣਾ ਕੰਮ ਜਾਰੀ ਰੱਖੋ ਤਾਂ ਕਿ ਮੈਂ ਜਲਦੀ ਫਾਂਸੀ ਦਾ ਰੱਸਾ ਚੁੰਮਾਂ 'ਤੇ ਦੁਬਾਰਾ ਫੇਰ ਜਨਮ ਲੈ ਕੇ ਭਾਰਤ ਮਾਤਾ ਦੀ ਆਜਾਦੀ ਲਈ ਆਪਣਾ ਰਹਿੰਦਾ ਕੰਮ ਕਰ ਸਕਾਂ"। ਇਹੋ ਜਿਹੇ ਵਾਕਿਆ ਤੇ ਸੰਵਾਦ ਦੁਨੀਆਂ ਤੇ ਵਾਰ ਵਾਰ ਨਹੀਂ ਵਾਪਰਦੇ ਤੇ ਨਾਹੀ ਦੁਹਰਾਏ ਜਾ ਸਕਦੇ ਹਨ। 16 ਨਵੰਬਰ 1915 ਨੂੰ ਕਰਤਾਰ ਸਿੰਘ ਸਰਾਭੇ ਨੂੰ ਸਾਥੀਆਂ ਸਮੇਤ ਫਾਂਸੀ  ਚੜਾ ਦਿੱਤਾ ਗਿਆ। ਇਸ ਬਹਾਦਰੀ ਦੀ ਚਰਚਾ ਪੂਰੀ ਦੁਨੀਆ ਤੇ ਹੋਈ। ਭਗਤ ਸਿੰਘ ਦੇ ਬਾਲ ਮਨ ਤੇ ਵੀ ਗਹਿਰਾ ਅਸਰ ਹੋਇਆ। ਭਗਤ ਸਿੰਘ ਤਾਂ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਆਦਰਸ਼ ਮੰਨਣ ਲੱਗ ਪਏ ਸਨ। ਉਹ ਪ੍ਰਾਈਮਰੀ ਦੀ ਪੜ੍ਹਾਈ ਉਪਰੰਤ ਪਿਤਾ ਕਿਸ਼ਨ ਸਿੰਘ ਕੋਲ ਲਾਹੌਰ ਚਲੇ ਗਏ ਜਿਥੇ ਉਸ ਨੂੰ ਡੀ ਏ ਵੀ ਸਕੂਲ ਵਿਚ ਦਾਖਲ ਕਰਵਾ ਦਿੱਤਾ।ਜਦੋਂ ਭਗਤ ਸਿੰਘ ਹਾਲੇ 12 ਕੁ ਸਾਲ ਦਾ ਸੀ। ਓਹਨੀ ਦਿਨੀਂ ਜਲ੍ਹਿਆਂ ਵਾਲੇ ਬਾਗ ਦਾ ਸਾਕਾ ਵਾਪਰ ਗਿਆ। ਇਸ ਘਟਨਾ ਦਾ ਉਸ ਦੇ ਮਨ ਤੇ ਐਨਾ ਗਹਿਰਾ ਅਸਰ ਪਿਆ ਕਿ ਉਹ ਇਕ ਦਿਨ ਘਰੋਂ ਸਿੱਧਾ ਰੇਲ ਰਾਹੀਂ ਅੰਮ੍ਰਿਤਸਰ ਪੁੱਜ ਗਿਆ। ਜਲ੍ਹਿਆਂ ਵਾਲੇ ਬਾਗ ਦਾ ਮੰਜਰ ਦੇਖ ਕੇ ਉਸ ਦਾ ਮਨ ਅੰਗਰੇਜਾਂ ਪ੍ਰਤੀ ਬੇਹੱਦ ਨਫਰਤ ਤੇ ਗੁੱਸੇ ਨਾਲ ਭਰ ਗਿਆ, ਉੱਥੋਂ ਉਹ ਲਹੂ ਰੱਤੀ ਮਿੱਟੀ ਨੂੰ ਇਕ ਸ਼ੀਸ਼ੀ ਵਿਚ ਭਰ ਕੇ ਘਰ ਲੈ ਆਇਆ, ਬਹੁਤ ਦਿਨਾਂ ਤਾਈਂ ਬੇਚੈਨ ਰਿਹਾ। ਮਿੱਟੀ ਨੂੰ ਸ਼ਰਧਾ ਨਾਲ ਨਤਮਸਤਕ ਹੁੰਦਾ ਰਿਹਾ। ਮਹਾਤਮਾ ਗਾਂਧੀ ਦੇ

ਦੇਸ਼ ਵਿਆਪੀ ਨਾ-ਮਿਲਵਰਤਨ ਅੰਦੋਲਨ ਤੋਂ ਪ੍ਰਭਾਵਿਤ ਹੋ ਕੇ, ਉਹ ਨੌਵੀਂ ਜਮਾਤ ਦੀ ਪੜ੍ਹਾਈ ਵਿੱਚੇ ਛੱਡ ਕੇ 14 ਸਾਲ ਦੀ ਉਮਰ ਵਿਚ ਹੀ ਅੰਦੋਲਨ ਨਾਲ ਜੁੜ ਗਿਆ। ਪਰ ਉਤਰ ਪ੍ਰਦੇਸ਼ ਦੇ ਚੌਰਾ-ਚੌਰੀ ਵਿਚ  ਹਿੰਸਕ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਥਾਣੇ ਨੂੰ ਘੇਰ ਕੇ ਅੱਗ ਲਾ ਦਿੱਤੀ, ਜਿਸ ਵਿਚ ਲਗਭਗ 22 ਪੁਲਿਸ ਵਾਲੇ ਮਾਰੇ ਗਏ। ਇਸ ਲਈ ਗਾਂਧੀ ਜੀ ਨੇ ਨਾ-ਮਿਲਵਰਤਨ ਲਹਿਰ ਵਾਪਸ ਲੈ ਲਈ। ਜਿਸ ਕਾਰਣ ਸਾਥੀਆਂ ਸਮੇਤ ਭਗਤ ਸਿੰਘ ਰੋਸ ਵਜੋਂ ਗਾਂਧੀ ਜੀ ਦੀਆਂ ਨੀਤੀਆਂ ਤੋਂ ਦੂਰ ਹੁੰਦੇ ਗਏ। 1921'ਚ ਹੀ ਗੁਰਦੁਆਰਾ ਸੁਧਾਰ ਲਹਿਰ ਚੱਲ ਪਈ ਸੀ ਜਿਸ ਰਾਹੀਂ ਮਹੰਤਾਂ ਦੇ ਕਬਜ਼ਿਆਂ 'ਚੋਂ ਗੁਰਦੁਆਰਿਆਂ ਨੂੰ ਮੁਕਤ ਕਰਾਉਣਾ ਸੀ। ਇਸ ਦੌਰਾਨ ਨਨਕਾਣਾ ਸਾਹਿਬ ਦਾ ਸਾਕਾ ਵਾਪਰ ਗਿਆ। ਜਿੱਥੇ 200 ਦੇ ਕਰੀਬ ਅੰਦੋਲਨਕਾਰੀ ਸ਼ਹੀਦ ਹੋ ਗਏ। ਬਾਅਦ ਵਿੱਚ ਸਰਕਾਰ ਨੂੰ ਝੁਕਣਾ ਪਿਆ। ਗੁਰਦੁਆਰਿਆਂ ਦਾ ਪ੍ਰਬੰਧ ਸਿੱਖ ਸੰਗਤ ਦੇ ਹਵਾਲੇ ਕਰਨਾ ਪਿਆ। ਇਸ ਲਹਿਰ ਦਾ ਵੀ ਕੁਝ ਪ੍ਰਭਾਵ ਭਗਤ ਸਿੰਘ 'ਤੇ ਪਿਆ।ਉਸ ਨੇ ਦਾੜੀ ਕੇਸ ਰੱਖ ਕੇ ਦਸਤਾਰ ਸਜਾਉਣੀ ਸ਼ੁਰੂ ਕਰ ਦਿੱਤੀ ਸੀ। ਭਗਤ ਸਿੰਘ ਨੇ ਅਗਲੀ ਪੜ੍ਹਾਈ ਲਈ 1923 'ਚ ਨੈਸ਼ਨਲ ਕਾਲਜ ਲਾਹੌਰ ਵਿੱਚ ਦਾਖਲਾ ਲੈ ਲਿਆ। ਇੱਥੇ ਉਸਦਾ ਮੇਲ ਸੁਖਦੇਵ ਨਾਲ ਹੋਇਆ ਜੋ ਕਿ ਉਸਦਾ ਸਹਿਪਾਠੀ ਸੀ। ਕਾਲਜ ਦੇ ਨੈਸ਼ਨਲ ਨਾਟਕ ਕੱਲਬ ਦਾ ਉਹ ਵਧੀਆ ਰੰਗ ਕਰਮੀ ਸੀ। ਉਸਦੀ ਕਲਾ ਤੋਂ ਅਧਿਆਪਕਾਂ ਸਮੇਤ ਸਾਰੇ ਵਿਦਿਆਰਥੀ ਵੀ ਪ੍ਰਭਾਵਿਤ ਸਨ। ਇੱਥੇ ਉਸ ਨੇ ਪੰਜਾਬੀ, ਉਰਦੂ, ਹਿੰਦੀ, ਅੰਗਰੇਜੀ ਅਤੇ ਸੰਸਕ੍ਰਿਤ ਦਾ ਚੰਗਾ ਗਿਆਨ ਹਾਸਲ ਕਰ ਲਿਆ ਸੀ। ਕਾਲਜ ਦੀ "ਦਵਾਰਕਾ ਦਾਸ" ਲਾਇਬ੍ਰੇਰੀ ਉਸ ਲਈ ਗਿਆਨ ਦਾ ਇਕ ਵੱਡਾ ਸੋਮਾ ਹੋ ਨਿਬੜੀ। ਇੱਥੋਂ ਉਸ ਨੇ ਉੱਚ ਪਾਏ ਦਾ ਇਨਕਲਾਬੀ ਸਾਹਿਤ ਪੜ੍ਹਿਆ। ਇੱਥੇ ਹੀ ਬਾਕੂਨਿਨ, ਮਾਰਕਸ ਅਤੇ ਅਰਾਜਕਤਾਵਾਦੀ 'ਵੇਲਾਂ' ਦੀ ਜੀਵਨੀ ਪੜੀ। ਇਤਿਹਾਸ ਦੇ ਅਧਿਆਪਕ ਜੈ ਚੰਦਰ ਵਿਦਿਆਲੰਕਾਰ ਤੇ ਪਿੰਸੀਪਲ ਛਬੀਲ ਦਾਸ ਦੀ ਪ੍ਰੇਰਣਾ ਸਦਕਾ ਹੀ ਉਹ ਪੱਕੇ ਪੈਰੀਂ ਸੰਘਰਸ਼ ਦੇ ਰਾਹ ਹੋ ਤੁਰਿਆ ਸੀ। ਇੱਥੇ ਹੀ ਉਸਦਾ ਮੇਲ ਜੈ ਚੰਦਰ ਵਿਦਿਆਲੰਕਾਰ ਦੇ ਘਰ ਬੰਗਾਲੀ ਕ੍ਰਾਂਤੀਕਾਰੀ ਸੁਚਿੰਦਰ ਨਾਥ ਸੁਨਿਯਾਲ ਨਾਲ ਹੋਇਆ। ਇੱਥੇ ਹੀ ਇਕ ਸਿਰੜੀ, ਪ੍ਰਪੱਕ ਤੇ ਇਨਕਲਾਬੀ ਵਜੋਂ ਉਸਦੀ ਸ਼ਖਸੀਅਤ ਘੜੀ ਗਈ। ਭਗਤ ਸਿੰਘ ਅਜੇ 16 ਕੁ ਸਾਲ ਦਾ ਹੀ ਸੀ ਜਦੋਂ ਉਸਦੇ ਪਰਿਵਾਰ ਵੱਲੋਂ ਉਸਤੇ ਵਿਆਹ ਲਈ ਜੋਰ ਪਾਇਆ ਜਾਣ ਲੱਗਾ। ਭਗਤ ਸਿੰਘ ਨੇ ਪਿਤਾ ਜੀ ਨੂੰ ਸਪਸ਼ਟ ਦੱਸ ਦਿੱਤਾ ਕਿ ਉਸ ਦਾ ਵਿਆਹ ਕਰਨ ਦਾ ਕੋਈ ਇਰਾਦਾ ਨਹੀਂ ਕਿਉਂ ਕਿ ਉਸਦਾ ਪੈਰ ਤਾਂ ਦੇਸ਼ ਸੇਵਾ ਦੇ ਰਾਹ ਪੈ ਚੁੱਕਿਆ ਸੀ। ਜਦੋਂ ਪਰਿਵਾਰ ਨੇ ਮਜਬੂਰ ਕਰਨਾ ਚਾਹਿਆ ਤਾਂ ਉਹ ਇਕ ਦਿਨ ਘਰੋਂ ਬਿਨਾਂ ਕਿਸੇ ਨੂੰ ਦੱਸੇ ਕਾਨਪੁਰ ਚਲਾ ਗਿਆ। ਉੱਥੇ ਉਸ ਦਾ ਮੇਲ ਬੁਟਕੇਸ਼ਵਰ ਦੱਤ, ਚੰਦਰ ਸੇਖਰ ਆਜਾਦ, ਯੋਗੇਸ਼ ਚੰਦਰ ਚੈਟਰਜੀ, ਸੁਰੇਸ਼ ਭੱਟਾਚਾਰੀਆ ਵਰਗੇ ਕ੍ਰਾਂਤੀਕਾਰੀਆਂ ਨਾਲ ਹੋਇਆ।ਭਗਤ ਸਿੰਘ ਉੱਥੇ ਸੁਚਿੰਦਰ ਨਾਥ ਸੁਨਿਯਾਲ ਅਤੇ ਸ੍ਰੀ ਰਾਮ ਪ੍ਰਸ਼ਾਦ ਬਿਸਮਿਲ ਵੱਲੋਂ ਬਣਾਈ ਹਿੰਦੁਸਤਾਨ ਰਿਪਬਲਿਕਨ ਸਭਾ ਦਾ ਮੈਂਬਰ ਬਣ ਗਿਆ। ਬਲਵੰਤ ਸਿੰਘ ਦੇ ਫਰਜੀ ਨਾਮ ਨਾਲ ਉਸ ਨੇ ਪ੍ਰਤਾਪ ਅਖਬਾਰ ਦੇ ਸੰਪਾਦਕੀ ਬੋਰਡ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇੱਕ ਵਾਰੀ ਇਨਕਲਾਬੀ ਸਰਗਰਮੀਆਂ ਚਲਾਉਣ ਲਈ ਫੰਡਾਂ ਦੀ ਘਾਟ ਨੂੰ ਦੇਖਦੇ ਹੋਏ ਡਾਕੇ ਮਾਰਨ ਦੀ ਤਜਵੀਜ਼ ਵੀ ਆਈ ਪਰ ਭਗਤ ਸਿੰਘ ਨੇ ਇਸ ਨੂੰ ਰੱਦ ਕਰ ਦਿੱਤਾ। ਕੁਝ ਸਮੇਂ ਬਾਅਦ ਪਿਤਾ ਜੀ ਤੇ ਪਰਿਵਾਰ ਵੱਲੋਂ ਇਹ ਬਚਨ ਦੇਣ ਤੇ ਕਿ ਉਸ ਨੂੰ ਵਿਆਹ ਲਈ ਮਜਬੂਰ ਨਹੀਂ ਕੀਤਾ ਜਾਵੇਗਾ ਅਤੇ ਉਹਨਾ ਦੀ ਦਾਦੀ ਜੀ ਦੇ ਜਿਆਦਾ ਬਿਮਾਰ ਹੋਣ ਕਾਰਨ ਭਗਤ ਸਿੰਘ ਨੂੰ ਵਾਪਸ ਘਰ ਆਉਣਾ ਪਿਆ। 

ਅਜੇ ਭਗਤ ਸਿੰਘ ਨੂੰ ਘਰ ਆਇਆਂ ਥੋੜੇ ਦਿਨ ਹੀ ਹੋਏ ਸਨ ਕਿ ਜੈਤੋ ਦੇ ਮੋਰਚੇ 'ਚ ਸ਼ਾਮਲ ਹੋਣ ਲਈ ਜਥੇ ਬੰਗੇ ਵਿੱਚ ਦੀ ਲੰਘ ਰਹੇ ਸਨ। ਸ੍ਰ. ਕਿਸ਼ਨ ਸਿੰਘ ਨੇ ਭਗਤ ਸਿੰਘ ਦੀ ਡਿਊਟੀ ਜਥਿਆਂ ਲਈ ਲੰਗਰ ਪਾਣੀ ਅਤੇ ਪੜਾਅ ਆਦਿ ਦੇ ਪ੍ਰਬੰਧ ਕਰਨ ਲਈ ਲਗਾ ਦਿੱਤੀ ਕਿਉਂ ਕਿ ਉਹ ਖੁਦ ਲਾਹੌਰ ਜਰੂਰੀ ਕੰਮਾਂ 'ਚ ਰੁੱਝੇ ਹੋਏ ਸਨ। ਭਗਤ ਸਿੰਘ ਪਿੰਡ ਵਾਸੀਆਂ ਦੀ ਮਦਦ ਨਾਲ ਲਗਾਤਾਰ ਤਿੰਨ ਦਿਨ ਜਥਿਆਂ ਦੀ ਸੇਵਾ ਕਰਦਾ ਰਿਹਾ। ਇਸ ਤੋਂ ਚਿੜ ਕੇ ਦਿਲਬਾਗ ਸਿੰਘ ਨਾਂ ਦੇ ਮੁਖਬਰ ਨੇ ਭਗਤ ਸਿੰਘ ਦੇ ਗ੍ਰਿਫਤਾਰੀ ਵਾਰੰਟ ਕਢਾ ਦਿੱਤੇ। ਗ੍ਰਿਫਤਾਰੀ ਤੋਂ ਬਚਣ ਲਈ ਇਕ ਵਾਰ ਫਿਰ ਰੂਪੋਸ਼ ਹੋ ਕੇ ਉਹ ਦਿੱਲੀ ਪੁੱਜ ਗਿਆ। ਜਿੱਥੇ ਉਸਨੇ ਵੀਰ ਅਰਜਨ ਅਖਬਾਰ ਦੇ ਸੰਪਾਦਕੀ ਮੰਡਲ ਵਿੱਚ ਬਲਵੰਤ ਸਿੰਘ ਦੇ ਫਰਜੀ ਨਾਮ ਹੇਠ ਕੰਮ ਕੀਤਾ। ਜਦੋਂ ਆਕਾਲੀ ਅੰਦੋਲਨ ਸਮਾਪਤ ਹੋ ਗਿਆ ਤਾਂ ਉਹ ਫਿਰ ਲਾਹੌਰ ਵਾਪਸ ਆ ਗਿਆ। ਭਗਤ ਸਿੰਘ ਨੇ ਲਾਹੌਰ ਆ ਕੇ ਆਕਾਲੀ ਅਤੇ ਕਿਰਤੀ ਅਖਬਾਰਾਂ ਲਈ ਲਿਖਣਾ ਸ਼ੁਰੂ ਕਰ ਦਿੱਤਾ। ਇਹਨਾਂ ਦਿਨਾ ਵਿਚ 9 ਮਾਰਚ 1925 ਨੂੰ ਹਿੰਦੁਸਤਾਨ ਰਿਪਬਲਿਕਨ ਸਭਾ ਦੇ ਕੁੱਝ ਸਾਥੀਆਂ ਨੇ ਪਾਰਟੀ ਸਰਗਰਮੀਆਂ ਚਲਾਉਣ ਖਾਤਰ ਫੰਡਾਂ ਦੀ ਘਾਟ ਪੂਰੀ ਕਰਨ ਹਿੱਤ, ਉੱਤਰ ਪ੍ਰਦੇਸ਼ ਦੇ ਇੱਕ ਛੋਟੇ ਜਿਹੇ ਰੇਲਵੇ ਸ਼ਟੇਸ਼ਨ ਕਾਕੋਰੀ ਨੇੜੇ ਰੇਲ ਗੱਡੀ 'ਚੋਂ ਸਰਕਾਰੀ ਖਜ਼ਾਨਾ ਲੁੱਟ ਲਿਆ ਸੀ। ਜਿਸ ਵਿਚ ਰਾਮ ਪ੍ਰਸ਼ਾਦ ਬਿਸਮਿਲ, ਅਸ਼ਫਾਕ ਉੱਲਾ ਖਾਨ ਤੇ ਹੋਰ ਬਹੁਤ ਸਾਰੇ ਸਾਥੀ ਫੜੇ ਗਏ ਸਨ। ਏਧਰ ਭਗਤ ਸਿੰਘ ਹੁਰਾਂ ਭਗਵਤੀ ਚਰਨ ਵੋਹਰਾ, ਰਾਮ ਚੰਦਰ, ਸੁਖਦੇਵ ਅਤੇ ਹੋਰ ਸਾਥੀਆਂ ਨੇ ਮਿਲ ਕੇ ਮਾਰਚ 1926 ਨੂੰ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕਰ ਦਿੱਤੀ। ਨੌਜਵਾਨ ਸਭਾ ਦਾ ਮਨੋਰਥ ਸੀ: ਨੌਜਵਾਨਾਂ 'ਤੇ ਇਸਤਰੀਆਂ ਦਾ ਸੁਤੰਤਰਤਾ ਲਹਿਰ 'ਚ ਵੱਧ ਤੋਂ ਵੱਧ ਯੋਗਦਾਨ , ਹਿੰਦੂ-ਮੁਸਲਿਮ ਏਕਤਾ ਅਤੇ ਦੱਬੇ ਕੁਚਲੇ ਵਰਗਾਂ ਲਈ ਸਮਾਨਤਾ, ਸਮਾਜਵਾਦ ਦੀ ਸਥਾਪਤੀ ਅਤੇ ਮਜਦੂਰ ਕਿਸਾਨਾਂ ਦੇ ਆਦਰਸ਼ ਜਮਹੂਰੀਅਤ ਦੀ ਬਹਾਲੀ। ਨੌਜਵਾਨ ਭਾਰਤ ਸਭਾ ਦੀ ਸਥਾਪਤੀ ਦੇ ਨਾਲ-ਨਾਲ ਉਸ ਦੀ ਦਿਲਚਸਪੀ ਕਾਕੋਰੀ ਕੇਸ 'ਚ ਫਸੇ ਸਾਥੀਆਂ ਨੂੰ ਛੁਡਾਉਣ ਵਿਚ ਵੀ ਬਣੀ ਰਹੀ।ਬੇਸ਼ੱਕ ਉਹ ਇਸ ਵਿਚ ਕਾਮਯਾਬ ਨਹੀਂ ਹੋਏ। ਮੁਕੱਦਮੇ ਦੀ ਸੁਣਵਾਈ ਦੌਰਾਨ ਵੀ ਉਹ ਅਦਾਲਤ ਵਿੱਚ ਆਕਾਲੀ ਅਖਬਾਰ ਦੇ ਨੁਮਾਇੰਦੇ ਵਜੋਂ ਹਾਜ਼ਰ ਹੁੰਦਾ ਰਿਹਾ। ਅਦਾਲਤ ਨੇ ਰਾਮ ਪ੍ਰਸ਼ਾਦ ਬਿਸਮਿਲ 'ਤੇ ਅਸ਼ਫਾਕ ਉੱਲਾ ਖਾਨ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਭਗਤ ਸਿੰਘ ਕੀਰਤੀ ਅਖਬਾਰ ਦੇ ਸੰਪਾਦਕੀ ਮੰਡਲ ਚ ਸ਼ਾਮਲ ਹੋ ਕੇ ਆਪਣੀਆਂ ਲਿਖਤਾਂ ਸਰਕਾਰ ਦੇ ਖਿਲਾਫ ਸੇਧਤ ਕਰਦਾ ਰਿਹਾ। ਇਸੇ

ਦੌਰਾਨ 'ਕਾਕੋਰੀ ਦੇ ਵੀਰਾਂ  ਨਾਲ ਜਾਣ ਪਛਾਣ' ਇਕ ਲੇਖ ਉਸ ਨੇ ਕਿਰਤੀ ਵਿਚ ਲਿਖਿਆ। ਜਿਸ ਦੇ ਛਪਦਿਆਂ ਹੀ ਪੁਲਿਸ ਉਸ ਦੇ ਮਗਰ ਪੈ ਗਈ। ਪਹਿਲਾਂ ਹੀ ਉਸ ਨੂੰ ਗ੍ਰਿਫਤਾਰ ਕਰਨ ਲਈ ਸਾਜਿਸ਼ਾਂ ਘੜੀਆਂ ਜਾ ਰਹੀ ਸਨ। ਉਸ ਨੂੰ ਅਮ੍ਰਿਤਸਰ ਰੇਲ ਤੋਂ ਉਤਰਦਿਆਂ ਹੀ ਫੜਨ ਦੀ ਕੋਸ਼ਿਸ਼ ਕੀਤੀ। ਜਿੱਥੋਂ ਉਹ ਭੱਜ ਕੇ ਕਿਸੇ ਸਰਦੂਲ ਸਿੰਘ ਨਾਮੀਂ ਵਕੀਲ ਦੇ ਘਰ ਛੁਪ ਕੇ ਬਚ ਨਿਕਲਿਆ। ਅਗਲੇ ਦਿਨ ਉਸ ਨੂੰ ਲਾਹੌਰ ਤੋਂ ਤਾਂਗੇ ਰਾਹੀਂ ਘਰ ਜਾਂਦਿਆਂ ਫੜ ਲਿਆ ਗਿਆ। ਉਸ ਨੂੰ ਅਕਤੂਬਰ 1926 ਵਿਚ ਦੁਸਹਿਰੇ ਮੌਕੇ ਚੱਲੇ ਇਕ ਬੰਬ ਕੇਸ ਅਤੇ ਦੂਜਾ ਕਾਕੋਰੀ ਡਾਕੇ ਦੇ ਕੇਸ ਨਾਲ ਜੋੜਣ ਦੀ ਕੋਸ਼ਿਸ਼ ਕੀਤੀ ਗਈ। ਉਸ ਨੂੰ 15 ਦਿਨ ਲਾਹੌਰ ਦੇ ਕਿਲ੍ਹੇ 'ਚ ਰੱਖ ਕੇ ਭਾਰੀ ਤਸ਼ੱਦਦ ਕੀਤਾ ਗਿਆ। ਪਰ ਕੁਝ ਵੀ ਹੱਥ ਪੱਲੇ ਨਾ ਪੈਣ ਮਗਰੋਂ ਬੋਰਸਟਲ ਜੇਲ੍ਹ ਭੇਜ ਦਿਤਾ। ਬਾਦ ਵਿੱਚ ਹਾਈਕੋਰਟ ਵੱਲੋਂ 60000 ਦੀ ਜਮਾਨਤ ਤੇ ਰਿਹਾ ਕਰ ਦਿੱਤਾ। ਪਿਤਾ ਜੀ ਬੇਸ਼ੱਕ ਆਪ ਸੁਤੰਤਰਤਾ ਸੰਗਰਾਮੀ ਸਨ ਪਰ ਉਹ ਚਾਹੁੰਦੇ ਸਨ ਪੁੱਤਰ ਹਿੰਸਕ ਕਾਰਵਾਈਆਂ 'ਚ ਨਾ ਪਵੇ। ਉਹਨਾ ਨੇ ਭਗਤ ਸਿੰਘ ਦਾ ਧਿਆਨ ਘਰੇਲੂ ਕੰਮ 'ਚ ਲਾਉਣ  ਲਈ ਲਾਹੌਰ ਦੇ ਬਿਲਕੁੱਲ ਨੇੜੇ ਪਿੰਡ ਖੁਆਸਰੀਆਂ ਵਿਚ ਇਕ ਡੈਅਰੀ ਫਾਰਮ ਖੋਲ੍ਹ ਦਿੱਤਾ। ਜਿੱਥੇ ਉਹ ਜੀ ਲਾ ਕੇ ਕੰਮ ਕਰਦਾ ਰਿਹਾ ਪਰ ਦਿਨ ਢਲੇ ਹੀ ਉਸਦੇ ਦੋਸਤ ਆ ਕੇ ਮੀਟਿੰਗਾਂ ਸ਼ੁਰੂ ਕਰ ਦਿੰਦੇ। ਬਾਅਦ ਵਿੱਚ ਜਮਾਨਤ ਟੁੱਟਣ 'ਤੇ ਉਸ ਨੇ ਆਪਣੀਆਂ ਕਾਰਵਾਈਆਂ ਖੁੱਲ੍ਹ ਕੇ ਕਰਨੀਆਂ ਸ਼ੁਰੂ ਕਰ ਦਿਤੀਆਂ। ਕਾਕੋਰੀ ਕਾਂਡ ਤੋਂ ਬਾਅਦ ਹਿੰਦੁਸਤਾਨ ਰਿਪਬਲਿਕਨ ਐਸ਼ੋਸੀਏਸ਼ਨ ਨੂੰ ਮਜਬੂਤ ਕਰਨ ਲਈ 8 ਸਤੰਬਰ1928 ਨੂੰ ਫਿਰੋਜ਼ਸ਼ਾਹ ਕੋਟਲਾ ਦੇ ਪੁਰਾਣੇ ਕਿਲ੍ਹੇ 'ਚ ਸੁਖਦੇਵ, ਸ਼ਿਵ ਵਰਮਾ, ਭਗਤ ਸਿੰਘ, ਵਿਜੇ ਕੁਮਾਰ ਸਿਨਹਾ 'ਤੇ ਸਾਥੀਆਂ ਨੇ ਲੰਬੀ ਕਸ਼ਮਕਸ਼ ਤੋਂ ਬਾਦ ਪਾਰਟੀ ਦਾ ਪੁਨਰਗਠਨ ਕਰਨ ਦਾ ਫੈਸਲਾ ਕੀਤਾ। ਪਾਰਟੀ ਦਾ ਨਵਾਂ ਨਾਂ 'ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸ਼ੋਸੀਏਸ਼ਨ' ਕਰ ਦਿੱਤਾ ਇਸ ਦਾ ਮੁਖੀ ਚੰਦਰ ਸੇਖਰ ਆਜਾਦ ਨੂੰ  ਨਿਯੁਕਤ ਕਰ ਲਿਆ, ਭਗਤ ਸਿੰਘ ਦੀ ਡਿਊਟੀ ਸਾਰੇ ਸੂਬਿਆਂ ਚ ਤਾਲਮੇਲ ਰੱਖਣ ਦੀ ਲਾਈ ਗਈ। ਇਸ ਔਖੇ ਕੰਮ ਲਈ ਉਸ ਨੇ ਫਿਰੋਜ਼ਪੁਰ 'ਚ 15 ਸਤੰਬਰ 1928 ਨੂੰ ਕੇਸ ਕਟਾ ਕੇ ਹੁਲੀਆ ਬਦਲ ਲਿਆ। ਇੱਥੋਂ ਉਹ ਦਿੱਲੀ, ਕਾਨਪੁਰ, ਕਲਕੱਤਾ ਅਤੇ ਆਗਰੇ ਚਲਾ ਗਿਆ। ਭਾਰਤ ਵਿਚ ਲੋਕਰਾਜੀ ਰਾਜ ਸਥਾਪਿਤ ਕਰਨ ਦੀਆਂ ਸੰਭਾਵਨਾਵਾਂ ਸਬੰਧੀ ਹੋਰ ਸੁਧਾਰ ਕਰਨ ਹਿੱਤ ਇਕ ਕਮਿਸ਼ਨ ਬਣਾਇਆ ਜਾਣਾ ਸੀ। ਸਰਕਾਰ ਨੇ ਸਰ ਜੋਹਨ ਸਾਈਮਨ ਦੀ ਪ੍ਰਧਾਨਗੀ 'ਚ ਇਹ ਕਮਿਸ਼ਨ ਸਮੇਂ ਤੋਂ ਪਹਿਲਾਂ ਹੀ ਬਣਾ ਦਿੱਤਾ, ਜਿਸ ਦੇ ਸਾਰੇ ਦੇ ਸਾਰੇ ਮੈਂਬਰ ਅੰਗਰੇਜ ਸਨ। ਇਸ ਲਈ ਪੂਰੇ ਭਾਰਤ ਵਿੱਚ ਇਸ ਦਾ ਵਿਰੋਧ ਹੋਇਆ। ਸਾਇਮਨ ਕਮਿਸ਼ਨ ਜਦ 30 ਅਕਤੂਬਰ ਨੂੰ ਲਾਹੌਰ ਰੇਲਵੇ ਸਟੇਸ਼ਨ ਤੇ ਪਹੁੰਚਿਆ ਤਾਂ ਲਾਲਾ ਲਾਜਪਤ ਰਾਏ ਦੀ ਅਗਵਾਈ ਵਿਚ ਕਿਸ਼ਨ ਸਿੰਘ, ਭਗਤ ਸਿੰਘ ਅਤੇ ਨੌਜਵਾਨ ਭਾਰਤ ਸਭਾ ਦੇ ਕਾਰਕੁੰਨਾਂ ਨੇ ਵੱਡਾ ਇਕੱਠ ਕਰਕੇ ਜੋਰਦਾਰ ਵਿਰੋਧ ਕੀਤਾ। 'ਸਾਇਮਨ ਕਮਿਸ਼ਨ ਗੋ ਬੈਕ' ਦੇ ਨਾਅਰਿਆਂ ਨਾਲ ਆਸਮਾਨ ਗੂੰਜ ਰਿਹਾ ਸੀ। ਐਸ ਪੀ ਸਕਾਟ ਦੇ ਹੁਕਮ ਨਾਲ ਸਾਂਡਰਸ ਨੇ ਵਿਖਾਵਾਕਾਰੀਆਂ ਤੇ ਲਾਠੀਚਾਰਜ ਕਰ ਦਿੱਤਾ। ਸਭ ਤੋਂ ਮਾੜੀ ਗੱਲ ਇਹ ਹੋਈ ਕਿ ਸਾਂਡਰਸ ਨੇ ਖੁਦ ਲਾਲਾ ਲਾਜਪਤ ਰਾਏ ਦੇ ਲਾਠੀਆਂ ਮਾਰੀਆਂ ਜਿਸ ਕਾਰਣ ਉਹ ਧਰਤੀ ਡਿੱਗ ਪਏ। ਬਾਅਦ ਵਿੱਚ ਜਖਮੀ ਹਾਲਤ ਵਿੱਚ ਲਾਲਾ ਜੀ ਨੇ ਕਿਹਾ ਸੀ ਕਿ 'ਮੇਰੇ ਜਿਸਮ ਤੇ ਵੱਜੀ ਇਕ ਇਕ ਲਾਠੀ ਫਰੰਗੀਆਂ ਦੀ ਹਕੂਮਤ ਦੇ ਕਫਨ 'ਚ ਕਿੱਲ ਸਾਬਤ ਹੋਵੇਗੀ' 17 ਨਵੰਬਰ ਨੂੰ ਲਾਲਾ ਲਾਜਪਤ ਰਾਏ ਜੀ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਜਿਸ ਦਾ ਦੁੱਖ ਦੇਸ਼ ਭਰ  ਮਨਾਇਆ ਗਿਆ। ਥੋੜੇ ਦਿਨਾਂ ਬਾਅਦ 13 ਦਸੰਬਰ ਨੂੰ ਨੌਜਵਾਨ ਭਾਰਤ ਸਭਾ ਦੀ ਮੀਟਿੰਗ ਹੋਈ ਜਿਸ  ਵਿੱਚ ਭਗਤ ਸਿੰਘ, ਚੰਦਰ ਸ਼ੇਖਰ, ਰਾਜ ਗੁਰੂ, ਸਖਦੇਵ ਅਤੇ ਸਾਥੀਆਂ ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਦਾ ਫੈਸਲਾ ਕੀਤਾ। 17 ਦਸੰਬਰ ਨੂੰ ਦੁਪਹਿਰੇ ਜੈ ਗੋਪਾਲ ਨੂੰ  ਲੱਗਿਆ ਕਿ ਸਕਾਟ ਆ ਰਿਹਾ ਹੈ। ਉਸਨੇ ਭਗਤ ਸਿੰਘ ਨੂੰ ਇਸ਼ਾਰਾ ਕਰ ਦਿੱਤਾ ਜਿਉਂ ਹੀ ਸਕਾਟ ਦੀ ਥਾਂ ਸਾਂਡਰਸ ਨੇੜੇ ਆਇਆ ਰਾਜਗੁਰੂ ਨੇ ਘੇਰ ਕੇ ਗੋਲੀ ਮਾਰ ਦਿੱਤੀ ਮਗਰੇ ਭਗਤ ਸਿੰਘ ਨੇ ਉਸ ਨੂੰ ਗੋਲੀਆਂ ਮਾਰ ਕੇ ਥਾਂਏ ਢੇਰੀ ਕਰ ਦਿੱਤਾ। ਉਹ ਉੱਥੋਂ ਇਨਕਲਾਬ ਜਿੰਦਾਬਾਦ ਦੇ ਨਾਅਰੇ ਲਾਉਂਦੇ ਨਿਕਲ ਗਏ। ਪਰ ਹੌਲਦਾਰ ਚੰਣਨ ਸਿੰਘ ਉਹਨਾ ਪਿੱਛਾ ਕਰਨੋਂ ਨਾ ਹਟਿਆ ਤਾਂ ਚੰਦਰ ਸੇਖਰ ਆਜਾਦ ਨੇ ਉਸ ਦੇ ਪੱਟ 'ਚ ਗੋਲੀ ਮਾਰ ਦਿੱਤੀ ਜੋ ਕੇ ਬਾਦ ਵਿੱਚ ਮਾਰਿਆ ਗਿਆ। ਉਹ ਜਾਣ ਲੱਗੇ ਪਿੱਛੇ 'ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਸੈਨਾ' ਵੱਲੋਂ  ਨੋਟਿਸ "ਨੌਕਰਸ਼ਾਹੀ ਸਾਵਧਾਨ" ਛੱਡ ਗਏ। ਪੁਲਿਸ ਕਾਤਲਾਂ ਨੂੰ ਥਾਂ ਥਾਂ ਭਾਲਦੀ  ਰਹੀ ਪਰ ਕੁਝ ਪਤਾ ਨਾ ਲੱਗਿਆ। ਇਸ ਦੌਰਾਨ 20 ਦਸੰਬਰ ਨੂੰ ਭਗਤ ਸਿੰਘ ਭੇਸ ਵਟਾ ਕੇ ਦੁਰਗਾ ਭਾਬੀ ਦੇ ਬੱਚੇ ਸਮੇਤ ਇੱਕ ਨੌਜਵਾਨ ਜੋੜੇ ਦੇ ਰੂਪ ਵਿੱਚ ਅਤੇ ਰਾਜ ਗੁਰੂ ਉਹਨਾ ਦਾ ਸੇਵਾਦਾਰ ਬਣ ਕੇ ਲਾਹੌਰ ਤੋਂ ਕੱਲਕੱਤੇ ਚਲ ਪਏ।ਉਸੇ ਗੱਡੀ 'ਚ ਚੰਦਰ ਸੇਖਰ ਵੀ ਸਾਧੂ ਬਣਕੇ ਸਾਧਾਂ ਦੀ ਮੰਡਲੀ ਸੰਗ ਸਫਰ ਕਰਦਾ ਰਿਹਾ।ਕੱਲਕੱਤੇ ਪਹੁੰਚ ਕੇ ਵੀ ਉਹਨਾ ਨੇ ਆਪਣੀਆਂ ਕ੍ਰਾਂਤੀਕਾਰੀ ਕਾਰਵਾਈਆਂ ਜਾਰੀ ਰੱਖੀਆਂ। ਅਪ੍ਰੈਲ 1929 ਵਿਚ ਸਰਕਾਰ ਨੇ ਲੋਕ ਵਿਰੋਧੀ ਦੋ ਬਿੱਲ ਪਬਲਿਕ ਸੇਫਟੀ ਅਤੇ ਟਰੇਡ ਡਿਸਪਿਊਟਸ ਲੈ ਆਂਦੇ। ਇਹਨਾਂ ਬਿੱਲਾਂ ਨੂੰ ਚੁਣੇ ਹੋਏ ਨੁਮਾਇੰਦਿਆਂ ਨੇ ਰੱਦ ਕਰ ਦਿੱਤਾ ਸੀ ਪਰ ਵਾਇਸਰਾਏ ਆਪਣੀ ਤਾਕਤ ਦੀ ਗਲਤ ਵਰਤੋਂ ਕਰਕੇ ਇਹਨਾ ਬਿੱਲਾਂ ਨੂੰ ਕਾਨੂੰਨੀ ਰੂਪ ਦੇਣ ਜਾ ਰਿਹਾ ਸੀ। ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਸੈਨਾ ਨੇ ਇਸ ਦਾ ਵਿਰੋਧ ਕੀਤਾ। ਇਸ ਲਈ ਕ੍ਰਾਂਤੀਕਾਰੀਆਂ ਨੇ ਭਗਤ ਸਿੰਘ ਤੇ ਬੁਟਕੇਸ਼ਵਰ ਦੱਤ ਦੀ ਡਿਊਟੀ ਕੇਂਦਰੀ ਐਸੰਬਲੀ 'ਚ ਬੰਬ ਸੁੱਟਣ ਦੀ ਲਾ ਦਿੱਤੀ। ਭਗਤ ਸਿੰਘ ਤੇ ਬੁਟਕੇਸ਼ਵਰ ਦੱਤ ਨੇ ਆਪਣਾ ਫਰਜ਼ 8 ਅਪ੍ਰੈਲ 1929 ਨੂੰ ਅਸੰਬਲੀ 'ਚ ਬੰਬ ਸੁੱਟ ਕੇ ਬਾਖੂਬੀ ਅੰਜਾਮ  ਦਿੱਤਾ। ਇਨਕਲਾਬ ਜਿੰਦਾਬਾਦ ਦੇ ਨਾਅਰਿਆਂ ਨਾਲ ਐਸੰਬਲੀ ਹਾਲ ਗੂੰਜਣ ਲਗ ਗਿਆ। ਉੱਥੇ ਪਰਚੇ ਵੀ ਸੱਟੇ ਗਏ ਜਿਹਨਾਂ 'ਤੇ ਲਿਖਿਆ ਗਿਆ ਸੀ 'ਬੰਬ ਬੋਲੀ ਹਕੂਮਤ ਦੇ ਕੰਨਾਂ ਤੱਕ ਆਪਣੀ ਆਵਾਜ ਪਹੁੰਚਾਉਣ ਲਈ ਸੱਟੇ ਗਏ ਹਨ, ਕਿਸੇ ਨੂੰ ਮਾਰਨ ਜਾ ਨੁਕਸਾਨ ਪਹੁੰਚਾਉਣ ਲਈ ਨਹੀਂ "ਇਨਕਲਾਬ ਜਿੰਦਾਬਾਦ, ਸਾਮਰਾਜਵਾਦ

ਮੁਰਦਾਬਾਦ" ਦੇ ਨਾਅਰੇ ਲਾਉਂਦੇ ਹੋਇਆਂ ਉਹਨਾਂ ਆਪਣੀ ਗ੍ਰਿਫਤਾਰੀ ਦੇ ਦਿੱਤੀ। ਸਰਕਾਰ ਨੇ ਜਲਦੀ ਹੀ ਹੋਰ ਬਹੁਤ ਸਾਰੇ ਕ੍ਰਾਂਤੀਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ। ਇਸ ਕੇਸ ਵਿਚ ਭਗਤ ਸਿੰਘ ਤੇ ਬੁਟਕੇਸ਼ਵਰ ਦੱਤ ਨੂੰ ਉਮਰ ਕੈਦ ਦੀ ਸਜਾ ਸੁਣਾਉਣ ਉਪਰੰਤ ਵੱਖੋ-ਵੱਖ ਜੇਲਾਂ 'ਚ ਭੇਜ ਦਿੱਤਾ ਪਰ ਵਿਛੜਨ ਤੋਂ ਪਹਿਲਾਂ ਭਗਤ ਸਿੰਘ ਨੇ ਬੁਟਕੇਸ਼ਵਰ ਦੱਤ ਨਾਲ ਜੇਲ੍ਹਾਂ ਦੇ ਸੁਧਾਰ ਲਈ 15 ਜੂਨ ਤੋਂ ਭੁੱਖ ਹੜਤਾਲ ਸ਼ੁਰੂ ਕਰਨ ਦੀ ਯੋਜਨਾ ਸਾਂਝੀ ਕਰ ਲਈ ਸੀ ਕਿਉਂਕਿ ਉਹਨਾ ਨੂੰ ਕ੍ਰਾਂਤੀਕਾਰੀਆਂ ਨਾਲ ਜੇਲ੍ਹਾਂ ਚ ਹੁੰਦੇ ਬੁਰੇ ਵਿਹਾਰ ਬਾਰੇ ਪਹਿਲਾਂ ਹੀ ਪਤਾ ਸੀ।ਮੀਆਂਵਾਲੀ ਜੇਲ੍ਹ 'ਚ ਭਗਤ ਸਿੰਘ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਸੀ ਇਸ ਦੇ ਨਾਲ ਦੂਜੇ ਭਾਰਤੀ ਕੈਦੀ ਜੋ ਬੁਰੇ ਵਿਹਾਰ ਦਾ ਸ਼ਿਕਾਰ ਹੋ ਰਹੇ ਸਨ, ਵੀ ਭੁੱਖ ਹੜਤਾਲ 'ਚ ਸ਼ਾਮਿਲ ਹੋ ਗਏ। ਜਦੋਂ ਭਗਤ ਸਿੰਘ ਹੁਰਾਂ ਤੇ ਐਸੰਬਲੀ ਬੰਬ ਧਮਾਕੇ ਦਾ ਕੇਸ ਚੱਲ ਰਿਹਾ ਸੀ, ਹਕੂਮਤ ਨੇ ਉਸ ਦੇ ਬਾਕੀ ਸਾਥੀ ਸੁਖਦੇਵ ਤੇ ਜੈ ਗੋਪਾਲ ਹੁਰੀਂ ਵੀ ਗ੍ਰਿਫਤਾਰ ਕਰ ਲਏ ਸਨ। ਇਸ ਦੌਰਾਨ ਕੁਝ ਗਦਾਰਾਂ ਕਾਰਣ ਲਾਹੌਰ ਸਾਂਡਰਸ ਕਤਲ ਕੇਸ ਦੀ ਵੀ ਪੂਰੀ ਜਾਣਕਾਰੀ ਪੁਲਸ ਹੱਥ  ਲੱਗ ਗਈ। ਲਾਹੌਰ ਸਾਜਿਸ਼ ਕੇਸ ਤਿਆਰ ਕਰ ਲਿਆ ਗਿਆ ਸੀ। ਭਗਤ ਸਿੰਘ ਨੂੰ ਇਸ ਕੇਸ ਵਿਚ ਮੁੱਖ ਦੋਸ਼ੀ ਵਜੋਂ ਨਾਮਜ਼ਦ ਕਰਕੇ ਮੀਆਂਵਾਲੀ ਜੇਲ੍ਹ ਤੋਂ ਲਾਹੌਰ ਜੇਲ੍ਹ ਤਬਦੀਲ ਕਰ ਦਿੱਤਾ ਗਿਆ ਸੀ। 10 ਜੁਲਾਈ 1929 ਨੂੰ ਜਦੋਂ ਮੁਕੱਦਮਾ ਸ਼ੁਰੂ ਹੋਇਆ ਭਗਤ ਸਿੰਘ ਤੇ ਬੁਟਕੇਸ਼ਵਰ ਦੱਤ ਦੀ ਭੁੱਖ ਹੜਤਾਲ ਕਾਰਨ ਹਾਲਤ ਐਨੀ ਨਾਜ਼ੁਕ ਹੋ ਗਈ ਸੀ ਕਿ ਉਹਨਾ ਨੂੰ ਸਟਰੇਚਰਾਂ ਤੇ ਪਾ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿਸ ਨੂੰ ਦੇਖ ਲੋਕਾਂ ਵਿੱਚ ਹਾਹਾਕਾਰ ਮੱਚ ਗਈ। ਇਸ ਦੌਰਾਨ ਜਤਿਨ ਦਾਸ ਨਾਮ ਦਾ ਇਕ ਕ੍ਰਾਂਤੀਕਾਰੀ ਭੁੱਖ ਹੜਤਾਲ ਕਾਰਨ ਹਾਲਤ ਜਿਆਦਾ ਵਿਗੜਨ ਤੇ ਸ਼ਹੀਦ ਹੋ ਗਿਆ। ਉਸਦੀ ਸ਼ਹੀਦੀ ਨੇ ਪੂਰੇ ਦੇਸ਼ ਦੇ ਲੋਕਾਂ ਵਿੱਚ ਹਕੂਮਤ ਪ੍ਰਤੀ ਬੇਹੱਦ ਰੋਸ ਭਰ ਦਿੱਤਾ। ਆਖਰ ਆਲ ਇੰਡੀਆ ਕਾਂਗਰਸ ਦੇ ਫੈਸਲੇ ਅਤੇ ਸ੍ਰ. ਕਿਸ਼ਨ ਸਿੰਘ ਦੇ ਕਹਿਣ 'ਤੇ 116 ਵੇਂ ਦਿਨ ਭੁੱਖ ਹੜਤਾਲ ਇਸ ਸ਼ਰਤ ਤੇ ਵਾਪਸ ਲੈ ਲਈ ਕਿ ਸਰਕਾਰ ਕੈਦੀਆਂ ਪ੍ਰਤੀ ਵਿਹਾਰ ਚ ਸੁਧਾਰ ਕਰੇਗੀ। ਮੁਕੱਦਮੇ ਦੌਰਾਨ ਭਗਤ ਸਿੰਘ ਤੇ ਸਾਥੀ ਇਨਕਲਾਬ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ ਦੇ ਨਾਅਰੇ ਮਾਰਦੇ ਅਤੇ ਅਦਾਲਤ ਨੂੰ ਵੀ ਆਪਣੀ ਵਿਚਾਰਧਾਰਾ ਫੈਲਾਉਣ ਦਾ ਜ਼ਰੀਆ ਹੀ ਬਣਾ ਲੈਂਦੇ ਸਨ। ਹਕੂਮਤ ਨੇ ਆਖਰ ਸਪੈਸ਼ਲ ਟ੍ਰਿਬਿਊਨਲ ਬਣਾ ਕੇ ਕੇਸ ਦਾ ਜਲਦੀ ਨਿਪਟਾਰਾ ਕਰਨ ਦੀ ਸੋਚੀ। ਉੱਥੇ ਵੀ ਭਗਤ ਸਿੰਘ ਤੇ ਸਾਥੀ ਜੱਜਾਂ ਦੀ ਬਹੁਤੀ ਪ੍ਰਵਾਹ ਨਹੀਂ ਕਰਦੇ ਸੀ ਨਾਅਰੇ ਲਾਉਂਦੇ ਰਹਿੰਦੇ, ਕੋਈ ਡਰ ਭੈਅ ਉਹਨਾ ਦੇ ਨੇੜੇ ਨਹੀਂ ਸੀ। ਅੰਤ ਟ੍ਰਿਬਿਊਨਲ ਨੇ ਉਹਨਾ ਦੀ ਗੈਰ ਹਾਜ਼ਰੀ 'ਚ ਪੰਜ ਵਾਅਦਾ ਮਾਫ ਗਵਾਹਾਂ ਜੈ ਗੋਪਾਲ, ਹੰਸਰਾਜ ਵੋਹਰਾ, ਫਨਿੰਦਰ ਨਾਥ ਘੋਸ਼, ਮਨਮੋਹਨ ਮੁਕਰਜੀ ਅਤੇ ਲਲਿਤ ਕੁਮਾਰ ਮੁਕਰਜੀ ਦੀਆਂ ਗਵਾਹੀਆਂ ਸਹਾਰੇ ਕੇਸ ਦੀ ਕਾਰਵਾਈ ਮੁਕੰਮਲ ਕਰ ਲਈ। ਭਗਤ ਸਿੰਘ, ਰਾਜ ਗੁਰੂ ਅਤੇ ਸੁਖਦੇਵ ਨੂੰ ਫਾਂਸੀ ਅਤੇ ਬਾਕੀ ਸਾਥੀਆਂ ਨੂੰ ਵੱਖੋ-ਵੱਖ ਸਜਾਵਾਂ ਦਾ ਫੈਸਲਾ ਸੁਣਾ ਦਿੱਤਾ। ਇੰਗਲੈਂਡ ਦੀ ਪ੍ਰੀਵੀ ਕੌਂਸਲ ਵਿਚ ਲੋਕ ਹਿੱਤੂ ਵਕੀਲਾਂ ਨੇ ਫੈਸਲੇ ਦੇ ਖਿਲਾਫ ਅਨੇਕਾਂ ਅਪੀਲਾਂ ਪਾਈਆਂ ਪਰ ਸਭ ਰੱਦ ਕਰ ਦਿੱਤੀਆਂ ਗਈਆਂ। ਪਰਿਵਾਰ ਨਾਲ ਆਖਰੀ ਮੁਲਾਕਾਤ ਦੌਰਾਨ ਭਗਤ ਸਿੰਘ ਨੇ ਆਪਣੀ ਮਾਤਾ ਨੂੰ ਕਿਹਾ "ਮੇਰੀ ਲਾਸ਼ ਲੈਣ ਤੁਸੀਂ ਨਈਂ ਆਉਣਾ, ਕੁਲਵੀਰ ਨੂੰ ਭੇਜ ਦੇਣਾ ਕਿਉਂ ਕਿ ਜੇ ਤੁਸੀਂ ਰੋ ਪਏ ਤਾਂ ਲੋਕਾਂ ਕਹਿਣਾ ਸ਼ਹੀਦ ਦੀ ਮਾਂ ਰੋ ਪਈ "ਇਸ ਗੱਲ ਤੋਂ ਉਸ ਦੇ ਹੌਸਲੇ, ਦਲੇਰੀ, ਉੱਚੀ ਸੁੱਚੀ ਸੋਚ ਤੇ ਪ੍ਰਪੱਕ ਵਿਚਾਰਧਾਰ ਦਾ ਪਤਾ ਲਗਦਾ ਹੈ। ਫਾਂਸੀ ਤੋਂ ਕੁਝ ਪਹਿਲਾਂ ਉਸ ਨੇ ਚਾਚੇ ਅਜੀਤ ਸਿੰਘ ਨੂੰ ਮਿਲਣ ਦੀ ਖਾਹਿਸ਼ ਵੀ ਪ੍ਰਗਟ ਕੀਤੀ ਸੀ, ਜੋ ਪੂਰੀ ਨਾ ਹੋ ਸਕੀ।ਉਸਨੇ ਪੰਜਾਬ ਦੇ ਗਵਰਨਰ ਦੇ ਨਾਂ ਚਿੱਠੀ ਲਿਖ ਕੇ ਆਪਣੇ ਤੇ ਸਾਥੀਆਂ ਲਈ, ਫਾਂਸੀ ਦੀ ਥਾਂ ਗੋਲੀ ਮਾਰ ਕੇ ਮਾਰਨ ਦੀ ਮੰਗ ਵੀ ਰੱਖੀ ਸੀ ਕਿਉਂਕਿ ਉਹ ਖੁਦ ਨੂੰ ਜੰਗੀ ਕੈਦੀ ਸਮਝਦੇ ਸਨ। ਜੇਲ ਦੇ ਦਿਨਾਂ ਵਿੱਚ ਇਕ ਰਣਧੀਰ ਸਿੰਘ ਨਾਮ ਦੇ ਗੁਰ ਸਿੱਖ ਨਾਲ ਉਹ ਕੁਝ ਸਮਾਂ ਰਿਹਾ ਪਰ ਭਗਤ ਸਿੰਘ ਉਸ ਤੋਂ ਪ੍ਰਭਾਵਿਤ ਨਾ ਹੋਇਆ। ਭਗਤ ਸਿੰਘ ਨੇ ਇਕ ਲੇਖ "ਮੈਂ ਨਾਸਤਿਕ ਕਿਉਂ ਹਾਂ" ਰਣਧੀਰ ਸਿੰਘ ਨੂੰ ਸ਼ੰਕਾ ਨਵਿਰਤ ਕਰਨ ਹਿੱਤ ਵੀ ਲਿਖਿਆ ਸੀ। ਅਖੀਰ ਫਾਂਸੀ ਵਾਲੇ ਦਿਨ ਜੇਲ ਦਾ ਵਾਰਡਨ ਚਤਰ ਸਿੰਘ ਜੋ ਕਿ ਨੇਕ ਦਿਲ ਬੰਦਾ ਸੀ, ਭਗਤ ਸਿੰਘ ਕੋਲ ਆ ਕੇ ਕਹਿਣ ਲੱਗਾ "ਪੁੱਤਰਾ ਹੁਣ ਤਾਂ ਤੇਰੇ ਜੀਵਨ ਦੇ ਆਖਰੀ ਪਲ ਹਨ, ਇਹ ਲੈ ਗੁਟਕਾ ਰੱਬ ਦਾ ਨਾਮ ਲੈ ਲੈ 'ਭਗਤ ਸਿੰਘ ਹੱਸ ਕੇ ਕਹਿੰਦਾ ਬਜ਼ੁਰਗਾ ਮੈਨੂੰ ਤੇਰੀ ਖਾਹਿਸ਼ ਪੂਰੀ ਕਰਨ 'ਚ ਕੋਈ ਦਿੱਕਤ ਨਈਂ ਪਰ ਈਸ਼ਵਰ ਨੇ ਕਹਿਣਾ 'ਮੈਂ ਮੌਤ ਤੋਂ ਡਰਦਾ ਉਸ ਨੂੰ ਯਾਦ ਕਰਨ ਲੱਗਾ ਹਾਂ ਕਿੰਨਾ ਬੁਜਦਿਲ ਤੇ ਮਤਲਬੀ ਹਾਂ 'ਇਸ ਤਰਾਂ ਉਸਦੀ ਗੱਲ ਹਾਸੇ 'ਚ ਪਾ ਕੇ ਟਾਲ ਦਿੱਤੀ। ਆਖਰ ਤੱਕ ਉਹ ਲੈਨਿਨ ਦੀ ਜੀਵਨੀ ਪੜ੍ਹਦਾ ਰਿਹਾ। ਆਖਰ 23 ਮਾਰਚ 1931 ਨੂੰ ਤਿੰਨੇ ਸਾਥੀ "ਮੇਰਾ ਰੰਗ ਦੇ ਬਸੰਤੀ ਚੋਲਾ" ਗੀਤ ਗਾਉਂਦੇ ਹੋਏ ਫਾਂਸੀ ਦੇ ਫੱਟੇ ਵੱਲ ਵਧਦੇ ਗਏ। ਇਨਕਲਾਬ ਜਿੰਦਾਬਾਦ ਦੇ ਨਾਅਰੇ ਲਾਉਂਦੇ ਹੱਸ ਕੇ ਫਾਂਸੀ ਦੇ ਰੱਸੇ ਚੁੰਮ ਗਏ।

  ਅਮਰਜੀਤ ਸਿੰਘ ਜੀਤ

 +919417287122