ਸਮਰਪਿਤ ਭਾਈ ਨਿਰਮਲ ਸਿੰਘ ਜੀ ਖਾਲਸਾ ਨੂੰ (ਸਲੇਮਪੁਰੀ ਦੀ ਚੂੰਢੀ)

ਪਦਮਸ਼੍ਰੀ ਭਾਈ ਨਿਰਮਲ ਸਿੰਘ ਜੀ ਖਾਲਸਾ
-ਭਾਈ ਨਿਰਮਲ ਸਿੰਘ ਜੀ ਖਾਲਸਾ ਕੇਵਲ ਸਿੱਖ ਕੌਮ ਜਾਂ ਪੰਜਾਬ ਦਾ ਹੀ ਨਹੀਂ ਬਲਕਿ ਸਮੁੱਚੇ ਭਾਰਤ ਦਾ ਇਕ ਉਹ ਬਹੁਮੁੱਲਾ ਹੀਰਾ ਸਨ, ਜਿਨ੍ਹਾਂ ਨੇ ਆਪਣੀ ਮਾਖਿਓਂ ਮਿੱਠੀ ਅਵਾਜ਼ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਗੁਰੂ ਸਾਹਿਬਾਨ ਵਲੋਂ ਦਰਸਾਏ ਹੋਏ ਮਾਰਗ 'ਤੇ ਚੱਲਦਿਆਂ ਕੀਰਤਨ ਦੇ ਰੂਪ ਵਿਚ 'ਗੁਰਬਾਣੀ' ਨੂੰ ਸੰਸਾਰ ਦੇ ਕੋਨੇ ਕੋਨੇ ਵਿਚ ਪਹੁੰਚਾਉਣ ਲਈ ਬਾਖੂਬੀ ਸੇਵਾਵਾਂ ਨਿਭਾਈਆਂ। 
ਭਾਈ ਨਿਰਮਲ ਸਿੰਘ ਜੀ ਖਾਲਸਾ ਦਾ ਜਨਮ 12 ਅਪ੍ਰੈਲ, 1952 ਨੂੰ ਪੰਜਾਬ ਦੇ ਜਿਲ੍ਹਾ ਫਿਰੋਜਪੁਰ ਅਧੀਨ ਪੈਂਦੇ ਪਿੰਡ ਜੰਡਵਾਲਾ ਭੀਮ ਸ਼ਾਹ ਵਿਖੇ ਇਕ ਦੱਬੇ ਕੁਚਲੇ ਸਮਾਜ ਵਿਚ ਹੋਇਆ। ਭਾਈ ਖਾਲਸਾ ਜੀ ਦੇ ਘਰ ਦੀ ਆਰਥਿਕ ਹਾਲਤ ਭਾਵੇਂ ਬਹੁਤ ਪਤਲੀ ਸੀ, ਪਰ ਉਨ੍ਹਾਂ ਨੇ  ਜਿੰਦਗੀ ਵਿੱਚ ਕੁੱਝ ਬਣਨ ਲਈ ਠਾਣ ਲਈ ਸੀ। ਸਮਾਜਿਕ ਅਤੇ ਆਰਥਿਕ ਥੜ੍ਹਾਂ ਦੇ ਚੱਲਦਿਆਂ ਉਨ੍ਹਾਂ ਨੇ 1974-76 ਵਿੱਚ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ ਤੋਂ ਗੁਰਮਤਿ ਸੰਗੀਤ ਵਿੱਚ ਡਿਪਲੋਮਾ ਕੀਤਾ, ਜਿਸ ਪਿੱਛੋਂ ਉਹ ਗੁਰਮਤਿ ਕਾਲਜ ਰਿਸ਼ੀਕੇਸ਼ ਵਿੱਚ 1977 ਵਿੱਚ ਸੰਗੀਤ ਅਧਿਆਪਕ ਰਹੇ ਅਤੇ 1978 ਵਿੱਚ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਸੰਤ ਬਾਬਾ ਫਤਹਿ ਸਿੰਘ, ਸੰਤ ਚੰਨਣ ਸਿੰਘ, ਬੁੱਢਾ ਜੌਹਰ, ਗੰਗਾ ਨਗਰ, ਰਾਜਸਥਾਨ ਵਿੱਚ ਬਤੌਰ ਸੰਗੀਤ ਅਧਿਆਪਕ ਸੇਵਾਵਾਂ ਨਿਭਾਉਂਦੇ ਰਹੇ। 1979 ਤੋਂ ਲੈ 2019 ਤੱਕ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅੰਮ੍ਰਿਤਸਰ ਵਿਚ ਬਤੌਰ ‘ਹਜ਼ੂਰੀ’ ਰਾਗੀ ਵਜੋਂ ਸੇਵਾ ਨਿਭਾਉਂਦੇ ਰਹੇ। ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਚ ਬਤੌਰ ਹਜੂਰੀ ਰਾਗੀ ਸੇਵਾਵਾਂ ਨਿਭਾਉਂਦਿਆਂ ਉਨ੍ਹਾਂ ਨੇ ਆਪਣੇ ਸਮੇਂ ਵਿਚ ਜੋ ਦਰਦ ਹੰਢਾਇਆ ਉਹ ਉਨ੍ਹਾਂ ਦੇ ਜੀਵਨ ਦਾ ਸਭ ਤੋਂ ਕੁਸੈਲਾ ਤਜਰਬਾ ਰਿਹਾ, ਨੂੰ ਵਰਨਣ ਕਰਨਾ ਉੱਚਿਤ ਨਹੀਂ ਹੈ। 
ਭਾਈ ਖਾਲਸਾ ਜੀ ਨੇ ਭਾਰਤ ਵਿਚ ਸਿੱਖ ਕੌਮ ਨਾਲ ਸਬੰਧਿਤ ਸਥਾਪਿਤ ਸਾਰੇ ਪੰਜ ਤਖ਼ਤਾਂ ਅਤੇ ਇਤਿਹਾਸਕ ਗੁਰਦੁਆਰਿਆਂ ਵਿਚ ਆਪਣੀ ਰਸਭਿੰਨੀ ਅਵਾਜ਼ ਵਿਚ ਕੀਰਤਨ ਦਾ ਉਚਾਰਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਗੁਰੂ ਸਾਹਿਬਾਨ ਦੇ ਮਾਰਗ 'ਤੇ ਚੱਲਦਿਆਂ ਉਨ੍ਹਾਂ ਨੂੰ ਸੰਸਾਰ ਭਰ ਵਿੱਚ ਉਹ ਪ੍ਰਸਿੱਧੀ ਮਿਲੀ, ਜੋ ਇਸ ਤੋਂ ਪਹਿਲਾਂ ਹੋਰ ਕਿਸੇ ਵੀ ਰਾਗੀ ਸਿੰਘ ਨੂੰ ਨਸੀਬ ਨਹੀਂ ਹੋਈ। ਉਨ੍ਹਾਂ ਦੀ ਅਵਾਜ਼ ਵਿਚ ਕੀਰਤਨ ਦਾ ਰਸ ਮਾਨਣ ਲਈ ਸੰਗਤਾਂ ਵਿਚ ਹਮੇਸ਼ਾ ਖਿੱਚ ਬਣੀ ਰਹਿੰਦੀ ਸੀ। ਇੱਕ ਦਿਨ ਵਿੱਚ ਉਨ੍ਹਾਂ ਦੇ ਕਈ ਕਈ ਪ੍ਰੋਗਰਾਮ ਹੁੰਦੇ ਸਨ। ਉਨ੍ਹਾਂ ਦਾ ਕੀਰਤਨ ਸੁਣਨ ਲਈ ਵੱਡੀ ਗਿਣਤੀ ਵਿਚ ਸੰਗਤਾਂ ਜੁੜਦੀਆਂ ਸਨ। ਉਨ੍ਹਾਂ ਨੇ ਕੇਵਲ ਭਾਰਤ ਵਿਚ ਹੀ ਨਹੀਂ ਬਲਕਿ ਸੰਸਾਰ ਦੇ ਵੱਖ ਵੱਖ 53 ਹੋਰ ਦੇਸ਼ਾਂ ਵਿੱਚ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਦਿਲਚਸਪ ਗੱਲ ਇਹ ਹੈ ਕਿ ਭਾਈ ਖਾਲਸਾ ਜੀ ਦੇ ਸੰਗੀਤ ਦੀ ਮੁਹਾਰਤ ਅੱਗੇ  ਪਾਕਿਸਤਾਨ ਦੇ ਸੰਸਾਰ ਪ੍ਰਸਿੱਧ ਗ਼ਜ਼ਲ ਗਾਇਕ ਗੁਲਾਮ ਅਲੀ ਵੀ ਸਿਰ ਝੁਕਾਉੰਦੇ ਸਨ। ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਸਾਰੇ 31 ਰਾਗਾਂ ਦਾ ਗਿਆਨ ਰੱਖਣ ਵਾਲੇ ਉੱਤਮ ਰਾਗੀਆਂ ਵਿੱਚੋਂ ਇੱਕ ਸਨ, ਜਾਣੀ ਕਿ ਉਹ ਸੰਗੀਤ ਦੇ 31 ਰਾਗਾਂ ਵਿੱਚ ਸੰਪੂਰਨ ਸਨ, ਜਿਨ੍ਹਾਂ ਨੇ ਲਗਭਗ 25 ਸਾਲ ਗੁਰਬਾਣੀ ਦਾ ਕੀਰਤਨ ਕੀਤਾ। ਭਾਈ ਸਾਹਿਬ ਜੀ ਦੀ ਸੰਗੀਤ ਵਿਚ ਮੁਹਾਰਤ ਨੂੰ ਮੁੱਖ ਰੱਖਦਿਆਂ ਭਾਰਤ ਸਰਕਾਰ ਵਲੋਂ 31 ਮਾਰਚ, 2009 ਨੂੰ ਭਾਰਤ ਦੇ ਬਹੁ-ਵੱਕਾਰੀ ਨਾਗਰਿਕ ਪੁਰਸਕਾਰ 'ਪਦਮਸ਼੍ਰੀ' ਨਾਲ ਸਨਮਾਨਿਤ ਕੀਤਾ ਗਿਆ ਸੀ। ਭਾਈ ਸਾਹਿਬ ਜੀ ਨੂੰ 'ਪਦਮਸ਼੍ਰੀ ਪੁਰਸਕਾਰ' ਮਿਲਣ 'ਤੇ ਸਮੂਹ ਰਾਗੀ ਸਿੰਘਾਂ ਨੂੰ ਸਮੁੱਚੇ ਭਾਰਤ ਵਿੱਚ ਬਹੁਤ ਵੱਡਾ ਮਾਣ ਮਹਿਸੂਸ ਹੋਇਆ।ਭਾਈ ਸਾਹਿਬ ਜੀ ਨੂੰ ਉਸ ਸਮੇਂ ਦੇ ਰਾਸ਼ਟਰਪਤੀ ਸ੍ਰੀਮਤੀ ਪ੍ਰਤਿਭਾ ਪਾਟਿਲ ਵਲੋਂ ਦਿੱਲੀ ਸਥਿਤ ਰਾਸ਼ਟਰਪਤੀ ਭਵਨ ਵਿਚ ਸਨਮਾਨਿਤ ਕੀਤਾ ਗਿਆ। 
ਪਰ ਬਹੁਤ ਹੀ ਅਫਸੋਸਜਨਕ ਘਟਨਾ ਉਸ ਸਮੇਂ ਵਾਪਰੀ ਜਦੋਂ ਸੰਸਾਰ ਵਿੱਚ ਫੈਲੇ ਨਾਮੁਰਾਦ ਵਾਇਰਸ ਕੋਵਿਡ-19 ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਉਹ ਕੋਰੋਨਾ ਦੇ ਚੱਲਦਿਆਂ ਅੰਮ੍ਰਿਤਸਰ ਸਥਿਤ ਗੁਰੂ ਨਾਨਕ ਹਸਪਤਾਲ ਵਿਚ ਜੇਰੇ ਇਲਾਜ ਸਨ, ਜਿਥੇ ਇਸ ਵਾਇਰਸ ਦੀ ਮਾਰ ਨਾ ਝੱਲਦਿਆਂ ਉਨ੍ਹਾਂ ਦਾ 2 ਅਪ੍ਰੈਲ, 2020 ਨੂੰ ਦਿਹਾਂਤ ਹੋ ਗਿਆ। ਇਸ ਹਸਪਤਾਲ ਵਿਚ ਜੇਰੇ ਇਲਾਜ ਭਾਈ ਨਿਰਮਲ ਸਿੰਘ ਜੀ ਖਾਲਸਾ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਹਸਪਤਾਲ ਦੇ ਪ੍ਰਬੰਧਕਾਂ ਅਤੇ ਡਾਕਟਰਾਂ ਉਪਰ ਗੰਭੀਰ ਦੋਸ਼ ਲਗਾਏ ਗਏ ਸਨ ਕਿ ਭਾਈ ਸਾਹਿਬ ਜੀ ਦੇ ਇਲਾਜ ਦੌਰਾਨ ਡਾਕਟਰਾਂ ਵਲੋਂ ਕਥਿਤ ਤੌਰ 'ਤੇ ਅਣਗਹਿਲੀ ਵਰਤੀ ਗਈ। 
ਭਾਈ ਸਾਹਿਬ ਜੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਅੰਤਿਮ ਸਸਕਾਰ ਨੂੰ ਲੈ ਜੋ ਮੰਦਭਾਗੀ ਘਟਨਾ ਵਾਪਰੀ ਸੀ, ਦੇ ਨਾਲ ਸਮੁੱਚੀ ਮਾਨਵਤਾ ਦਾ ਹਿਰਦਾ ਹੋਰ ਵਲੂੰਧਰਿਆ ਗਿਆ ਸੀ। 
ਬਹੁਤ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ, ਅਜਾਦੀ ਦੀ ਪੌਣੀ ਸਦੀ ਬੀਤ ਜਾਣ ਦੇ ਬਾਵਜੂਦ ਵੀ ਦੇਸ਼ ਵਿਚੋਂ ਜਾਤੀ ਸਿਸਟਮ ਦਾ ਕੋਹੜ ਨਹੀਂ ਨਿਕਲਿਆ। ਸਿੱਖ ਧਰਮ ਜੋ ਜਾਤੀ ਸਿਸਟਮ ਨੂੰ ਤੋੜਦਿਆਂ ਸਮਾਜ ਵਿਚ ਮਾਨਵਤਾ ਨੂੰ ਬਹਾਲ ਕਰਨ ਲਈ ਹੋਂਦ ਵਿਚ ਆਇਆ ਸੀ, ਦੇ ਵਿੱਚ  ਜਾਤ-ਪਾਤ ਦਾ ਕਾਇਮ ਰਹਿਣਾ ਗੂਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਤੋਂ ਬੇ-ਮੁੱਖ ਹੋਣਾ ਹੈ। ਭਾਈ ਸਾਹਿਬ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਜੀ ਵਿਚ ਬਤੌਰ ਹਜੂਰੀ ਰਾਗੀ ਸੇਵਾਵਾਂ ਨਿਭਾਉਂਦਿਆਂ ਜੋ ਜਾਤੀ ਸਿਸਟਮ ਦੀ ਮਾਰ ਝੱਲੀ, ਦੇ ਬਾਰੇ ਉਹ ਅਕਸਰ ਬਿਆਨ ਕਰਿਆ ਕਰਦੇ ਸਨ। 
ਅੱਜ ਬਰਸੀ ਉਪਰ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਸਮਾਜ ਵਿਚ ਮਾਨਵਤਾ ਨੂੰ ਕਾਇਮ ਰੱਖਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਾਰਧਾਰਾ ਨੂੰ ਅਸੀਂ ਆਪਣੀ ਜਿੰਦਗੀ ਵਿੱਚ ਮਾਰਗ ਦਰਸ਼ਕ ਬਣਾਈਏ! ਸਮਾਜ ਦੇ ਦੱਬੇ-ਕੁਚਲੇ ਲੋਕਾਂ ਨੂੰ ਭਾਈ ਸਾਹਿਬ ਜੀ ਦੇ ਸੰਘਰਸ਼ਮਈ ਜੀਵਨ ਤੋਂ ਸੇਧ ਲੈਂਦਿਆਂ ਆਪਣੇ ਬੱਚਿਆਂ ਨੂੰ ਬਾਬਿਆਂ /ਸਾਧਾਂ ਦੇ ਡੇਰਿਆਂ 'ਤੇ ਤੋਰਨ ਦੀ ਬਜਾਏ ਵਿੱਦਿਅਕ ਅਦਾਰਿਆਂ ਵਲ ਤੋਰਨਾ ਚਾਹੀਦਾ ਹੈ, ਕਿਉਂਕਿ ਬਾਬਿਆਂ ਦੇ ਡੇਰਿਆਂ 'ਤੇ ਜਾ ਕੇ ਲੱਤਾਂ ਪੈਰ ਘੁੱਟ ਕੇ ਤੇ ਜੂਠੇ ਭਾਂਡੇ ਮਾਂਜ ਕੇ ਉਨ੍ਹਾਂ ਦਾ ਭਵਿੱਖ ਉੱਜਲ ਨਹੀਂ ਬਣਨਾ, ਉੱਜਲ ਭਵਿੱਖ ਬਣਾਉਣ ਲਈ ਵਿੱਦਿਅਕ ਅਦਾਰਿਆਂ ਵਿੱਚ ਜਾ ਕੇ ਕਿਤਾਬਾਂ ਦਾ ਇਕ ਇਕ ਅੱਖਰ ਮਾਂਜਣ ਦੀ ਲੋੜ ਹੈ। ਜਿੰਦਗੀ ਵਿੱਚ ਕੁੱਝ ਬਣਨ ਲਈ ਬਾਬਿਆਂ ਕੋਲੋਂ ਨਹੀਂ ਅਧਿਆਪਕਾਂ ਤੋਂ ਸਿੱਖਿਆ ਗ੍ਰਹਿਣ ਕਰਨ ਦੀ ਲੋੜ ਹੈ। 
-ਸੁਖਦੇਵ ਸਲੇਮਪੁਰੀ
09780620233
2 ਅਪ੍ਰੈਲ, 2023.