ਔਰਤਾਂ ਨਾਲ ਚੋਣਾਂ ਤੋਂ ਪਹਿਲਾਂ ਕੀਤਾ ਕੋਈ ਵਾਅਦਾ ‘ਆਪ’ ਸਰਕਾਰ ਨੇ ਨਹੀ ਕੀਤਾ ਪੂਰਾ- ਬੀਬੀ ਹਰਗੋਬਿੰਦ ਕੌਰ

ਕਿਹਾ ਹੜ੍ਹ ਪੀੜਿਤਾਂ ਨੂੰ ਮਦੱਦ ਪਹੁੰਚਾਉਣ ਚ ਅਸਫਲ ਰਹੀ ਸਰਕਾਰ,ਸੂਬੇ ਚ ਚਿੱਟੇ ਦਾ ਪ੍ਰਕੋਪ, ਰੇਤੇ ਦੀਆਂ ਕੀਮਤਾਂ ਵਧੀਆਂ।

ਤਲਵੰਡੀ ਸਾਬੋ, 23 ਜੁਲਾਈ (ਗੁਰਜੰਟ ਸਿੰਘ ਨਥੇਹਾ)- ਵੱਡੀ ਗਿਣਤੀ ਸੂਬੇ ਦੀਆਂ ਔਰਤਾਂ ਦੀਆਂ ਵੋਟਾਂ ਨਾਲ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਸਰਕਾਰ ਨੇ ਸੋਲ੍ਹਾਂ ਮਹੀਨੇ ਬੀਤੇ ਜਾਣ ਦੇ ਬਾਵਜ਼ੂਦ ਔਰਤਾਂ ਨਾਲ ਕੀਤਾ ਇੱਕ ਵੀ ਵਾਇਦਾ ਪੂਰਾ ਨਹੀ ਕੀਤਾ, ਔਰਤਾਂ ਨੂੰ ਇੱਕ ਹਜ਼ਾਰ ਰੁਪਿਆ ਮਹੀਨਾ ਤਾਂ ਕੀ ਦੇਣਾ ਸੀ ਸਗੋਂ ਸ਼ਗਨ ਸਕੀਮ ਬੰਦ ਪਈ ਹੈ ਅਤੇ ਵਿਧਵਾ ਅਤੇ ਬੁਢਾਪਾ ਪੈਨਸ਼ਨ ਤੇ ਵੱਡੀ ਪੱਧਰ ਤੇ ਕੱਟ ਲਾਏ ਜਾ ਰਹੇ ਹਨ।ਉਕਤ ਵਿਚਾਰਾਂ ਦਾ ਪ੍ਰਗਟਾਵਾ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਨੇ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨਾਂ ਅੱਗੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਹਰ ਫਰੰਟ ਤੇ ਫੇਲ੍ਹ ਸਾਬਿਤ ਹੋਈ ਹੈ ਜਿੱਥੇ ਸੂਬੇ ਵਿੱਚ ‘ਚਿੱਟੇ’ ਨਾਲ ਅੱਜ ਵੀ ਆਏ ਦਿਨ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ ਉੱਥੇ ਰੇਤੇ ਦੀਆਂ ਕੀਮਤਾਂ ਚ ਭਾਰੀ ਵਾਧਾ ਹੋ ਗਿਆ। ਉਨਾਂ ਕਿਹਾ ਕਿ ਪੰਜਾਬ ਵਿੱਚ ਮੌਜੂਦਾ ਹੜ੍ਹਾਂ ਦੀ ਸਥਿਤੀ ਨੂੰ ਸੰਭਾਲਣ ਵਿੱਚ ਸਰਕਾਰ ਪੂਰੀ ਤਰ੍ਹਾਂ ਨਾਕਾਮਯਾਬ ਰਹੀ ਹੈ ਅਤੇ ਹੜ੍ਹ ਪੀੜਿਤ ਇਲਾਕਿਆਂ ਦੇ ਲੋਕਾਂ ਨੂੰ ਲੋੜੀਂਦੀ ਰਾਹਤ ਸਮੱਗਰੀ ਤੱਕ ਨਹੀ ਮਿਲ ਰਹੀ। ਉਨਾਂ ਦਾਅਵਾ ਕੀਤਾ ਕਿ ਪੰਜਾਬ ਦੇ ਹਰਿਆਣਾ ਨਾਲ ਲੱਗਦੇ ਕੁਝ ਹਿੱਸਿਆਂ ਵਿੱਚ ਹੜ੍ਹ ਆਉਣ ਤੇ ਬੰਨ੍ਹ ਮਾਰਨ ਲਈ ਲੋਕਾਂ ਨੂੰ ਸਰਕਾਰ ਨੇ ਜੇ.ਸੀ.ਬੀ ਮਸ਼ੀਨਾਂ ਤੱਕ ਉਪਲੱਬਧ ਨਹੀ ਕਰਵਾਈਆਂ ਅਤੇ ਮਜ਼ਬੂਰੀ ਚ ਲੋਕਾਂ ਨੂੰ ਹਰਿਆਣੇ ਚੋਂ ਕਿਰਾਏ ਤੇ ਜੇ.ਸੀ.ਬੀ ਮਸ਼ੀਨਾਂ ਮੰਗਵਾਉਣੀਆਂ ਪਈਆਂ।ਬੀਬੀ ਹਰਗੋਬਿੰਦ ਕੌਰ ਨੇ ਕਿਹਾ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਦੱਸਿਆ ਕਰਦੇ ਸਨ ਕਿ ਅਸੀਂ ਕਿੱਥੋਂ ਕਿੱਥੋਂ ਮਾਲੀਆ ਇਕੱਠਾ ਕਰਿਆ ਕਰਾਂਗੇ ਅਤੇ ਫਿਰ ਉਸ ਮਾਲੀਏ ਨਾਲ ਸੂਬੇ ਦਾ ਕਰਜ਼ਾ ਲਾਹਾਂਗੇ ਹੁਣ ਕੇਜਰੀਵਾਲ ਸਾਹਿਬ ਦੱਸਣ ਕਿ ਉਸ ਮਾਲੀਏ ਦਾ ਕੀ ਬਣਿਆ ਅਤੇ 16 ਮਹੀਨਿਆਂ 'ਚ ਉਨਾਂ ਨੇ ਸੂਬੇ ਦਾ ਕਿੰਨਾ ਕਰਜ਼ਾ ਮੋੜਿਆ ਹੈ।ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੂੰ ਵੀ ਹੁਣ ਸਮਝਣਾ ਚਾਹੀਦਾ ਹੈ ਕਿ ਉਹ ਸਟੇਜ ਨਹੀ ਸਗੋਂ ਸਟੇਟ ਚਲਾ ਰਹੇ ਹਨ ਅਤੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਇਦੇ ਪੂਰੇ ਕਰਨ।ਇਸ ਮੌਕੇ ਉਨਾਂ ਨਾਲ ਸੀ.ਅਕਾਲੀ ਆਗੂ ਚਰਨਜੀਤ ਸਿੰਘ ਬਰਾੜ,ਸ਼੍ਰੋਮਣੀ ਕਮੇਟੀ ਅੰਤ੍ਰਿਗ ਮੈਂਬਰ ਮੋਹਣ ਸਿੰਘ ਬੰਗੀ, ਪ੍ਰਕਾਸ਼ ਸਿੰਘ ਭੱਟੀ ਸਾਬਕਾ ਵਿਧਾਇਕ, ਇਕਬਾਲ ਸਿੰਘ ਬਬਲੀ ਢਿੱਲੋਂ ਆਦਿ ਆਗੂ ਮੌਜੂਦ ਸਨ।