ਲੇਖਕ ਤਰਲੋਚਨ ਸਿੰਘ ਸਮਰਾਲਾ ਦੇ ਦਿਹਾਂਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ

 ਗਾਇਕ ਬੱਬੂ ਮਾਨ ਦੀਆਂ ਦੋ ਫਿਲਮਾਂ ਹਸ਼ਰ ਤੇ ਏਕਮ ਵੀ ਲਿਖੀਆਂ ਸਨ ਤਰਲੋਚਨ ਨੇ

ਲੁਧਿਆਣਾ 11 ਅਗਸਤ (ਟੀ. ਕੇ.) ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਅਗਾਂਹਵਧੂ ਤਰਕਸ਼ੀਲ ਸੋਚ ਦੇ ਪਹਿਰੇਦਾਰ ਤੇ ਸ਼੍ਰੋਮਣੀ ਅਧਿਆਪਕ ਪੁਰਸਕਾਰ ਵਿਜੇਤਾ, ਪ੍ਰਤੀਬੱਧ ਰੰਗਕਰਮੀ, ਚੇਤੰਨ ਨਾਟਕਕਾਰ, ਕੁਸ਼ਲ ਸੰਪਾਦਕ, ਸੁਯੋਗ ਪ੍ਰਬੰਧਕ ਮਾਸਟਰ ਤਰਲੋਚਨ ਸਿੰਘ ਸਮਰਾਲਾ ਦੇ ਸੜਕ ਹਾਦਸੇ ਵਿੱਚ ਦੇਹਾਂਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।
ਸਮਰਾਲਾ ਨੇੜੇ ਪਿੰਡ ਮੱਲਮਾਜਰਾ ਦੇ ਜੰਮਪਲ ਤਰਲੋਚਨ ਸਿੰਘ ਨੇ ਜੇ ਬੀ ਟੀ ਕਰਕੇ 1979 ਵਿਚ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਨੌਕਰੀ ਦੀ ਸ਼ੁਰੂਆਤ ਕਰਕੇ ਲਗ-ਪਗ 40 ਸਾਲ
ਪੜ੍ਹਾਇਆ ਤੇ 2018 ਵਿਚ ਮੁੱਖ ਅਧਿਆਪਕ ਦੇ ਰੂਪ ਵਿਚ ਸੇਵਾ ਮੁਕਤ ਹੋਏ। ਸੇਵਾ ਮੁਕਤੀ ਉਪਰੰਤ ਆਪ ਹੁਣ ਪਹਿਲਾਂ ਤੋਂ ਵੀ ਵਧੇਰੇ ਸ਼ਕਤੀ ਨਾਲ ਰੰਗ-ਮੰਚ ਨੂੰ ਸਮਰਪਿਤ ਹੋ ਗਏ ਸਨ।ਪੰਜਾਬ ਸਰਕਾਰ ਵਲੋਂ 2014 ਵਿਚ ਆਪ ਨੂੰ 'ਸ਼੍ਰੋਮਣੀ ਅਧਿਆਪਕ ਰਾਜ
ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ। ਮਾਸਟਰ ਤਰਲੋਚਨ ਸਿੰਘ ਜੀ ਦੀਆਂ 5 ਮੌਲਿਕ ਪੁਸਤਕਾਂ ਪ੍ਰਕਾਸ਼ਿਤ ਹੋ ਚੁਕੀਆਂ ਹਨ। ਕੁਲਵੰਤ ਨੀਲੋਂ ਦੀ ਸਮੁੱਚੀ ਰਚਨਾ ਨੂੰ ਇੱਕ ਜਿਲਦ ਵਿੱਚ ਛਾਪ ਕੇ ਸਮੁੱਚੀ ਦੁਨੀਆ ਵਿੱਚ ਪਹੁੰਚਾਇਆ। ਪ੍ਰੋਃ ਰਣਧੀਰ ਸਿੰਘ (ਜੇ ਐੱਨ ਯੂ) ਦੀ ਕਾਵਿ ਪੁਸਤਕ ਰਾਹਾਂ ਦੀ ਧੂੜ ਵੀ ਆਪ ਨੇ ਹੀ ਪ੍ਰਕਾਸ਼ਿਤ  ਕੀਤੀ।
1972-73 ਵਿਚ ਭਾਅ ਜੀ ਗੁਰਸ਼ਰਨ ਸਿੰਘ ਨਾਟਕਕਾਰ ਤੋਂ ਪ੍ਰਭਾਵਿਤ ਹੋ ਕੇ ਰੰਗ-ਮੰਚ ਦਾ ਸਫ਼ਰ ਆਰੰਭ ਕੀਤਾ। 1979 ਵਿਚ 'ਲੋਕ ਕਲਾ ਮੰਚ,ਮਾਛੀਵਾੜਾ' ਅਤੇ 1990 ਵਿਚ 'ਆਰਟ ਸੈਂਟਰ,ਸਮਰਾਲਾ' ਦੀ
ਸਥਾਪਨਾ ਕਰਕੇ ਸੈਂਕੜੇ ਪੇਸ਼ਕਾਰੀਆਂ ਕਰਨ ਦੇ ਨਾਲ-ਨਾਲ ਪੇਂਡੂ ਸਕੂਲਾਂ ਵਿਚ ਰੰਗ-ਮੰਚ ਦੀ ਲਹਿਰ ਲਈ ਮਹੱਤਵਪੂਰਨ ਯੋਗਦਾਨ ਪਾਇਆ। ਆਪ ਨੇ ਨਾਟਕਕਾਰ ਸਃ ਗੁਰਸ਼ਰਨ ਸਿੰਘ ਦੀ ਪ੍ਰੇਰਨਾ ਨਾਲ 1987 ਵਿਚ ‘ਜਾਗ੍ਰਿਤੀ ਪ੍ਰਕਾਸ਼ਨ’ ਦੀ ਸਥਾਪਨਾ ਕਰਕੇ 9 ਪੁਸਤਕਾਂ ਦੀ ਪ੍ਰਕਾਸ਼ਨਾ ਤੇ ਸੰਪਾਦਨਾ ਕੀਤੀ ਜਿੰਨ੍ਹਾਂ ਵਿਚ ਕੁਲਵੰਤ ਨੀਲੋਂ ਦੀ ਸਮੁੱਚੀ ਰਚਨਾ ਬਹੁਤ ਮਹਤੱਵਪੂਰਨ ਹੈ।
ਆਪ ਨੇ ਰੰਗ-ਮੰਚੀ ਕੋਰੀਓਗ੍ਰਾਫ਼ੀ, ਪੇਂਡੂ ਬਾਲ ਰੰਗ-ਮੰਚ ਦੀ ਸਿਰਜਣਾ ਅਤੇ ਵਿਦੇਸ਼ਾਂ ਵਿਚ ਰੰਗਮੰਚੀ ਪੇਸ਼ਕਾਰੀਆਂ ਕੀਤੀਆਂ। ਆਪ ਨੂੰ ਵੱਖ-ਵੱਖ ਸੰਸਥਾਵਾਂ ਦੇ ਅਹੁਦੇਦਾਰ ਅਤੇ ਮੈਂਬਰ ਹੋਣ ਕਰਕੇ ਪੰਜਾਬ ਵਿਚ ਲਾਇਬਰੇਰੀਆਂ ਉਸਾਰਨ ਅਤੇ
ਲੋਕ ਹਿਤੂ ਸੰਸਥਾਵਾਂ ਵਿਚ ਸਰਗਰਮ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ।
 ਆਪ ਨੇ ਸਃ ਗੁਰਸ਼ਰਨ ਸਿੰਘ ਦੇ ਜੀਵਨ ਬਾਰੇ ਪ੍ਰੋਗਰਾਮ ਸੀਰੀਜ਼
ਕੀਤੀ, ਵੱਖ-ਵੱਖ ਲੇਖਕਾਂ ਦੀਆਂ ਦਸਤਾਵੇਜ਼ੀ ਫ਼ਿਲਮਾਂ, ਆਡੀਓ ਪ੍ਰਾਜੈਕਟ, ਟੈਲੀ ਫ਼ਿਲਮਾਂ, ਵੀਡੀਓ ਫ਼ਿਲਮਾਂ, ਟੀ.ਵੀ. ਸੀਰੀਅਲਜ਼, ਟੀ.ਵੀ.ਨਾਟਕ ਤੇ ਫੀਚਰ ਫ਼ਿਲਮਾਂ ਦਾ
ਲੇਖਨ ਤੇ ਅਦਾਕਾਰੀ ਕੀਤੀ। ‘
ਬੱਬੂ ਮਾਨ ਦੀਆਂ ਦੋ ਫ਼ਿਲਮਾਂ ‘ਹਸ਼ਰ’ ਅਤੇ ਏਕਮ ਦੇ ਲੇਖਕ ਵੀ ਆਪ
ਹੀ ਸਨ। ਬੱਬੂ ਮਾਨ ਮਾਸਟਰ  ਤਰਲੋਚਨ ਸਿੰਘ ਜੀ ਦੇ ਆਰਟ ਸੈਂਟਰ ਸਮਰਾਲਾ ਗਰੁੱਪ ਵਿੱਚ ਵੀ ਕਾਰਜਸ਼ੀਲ ਸਨ।
ਆਪ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ , ਪੰਜਾਬ ਲੋਕ ਸੱਭਿਆਚਾਰ ਮੰਚ ਤੇ ਤਰਕਸ਼ੀਲ ਸੋਸਾਇਟੀ ਪੰਜਾਬ ਦੇ ਵੀ ਜੀਵਨ ਮੈਬਰ ਸਨ।
ਪ੍ਰੋਃ ਗਿੱਲ ਨੇ ਕਿਹਾ ਕਿ ਆਪ ਜੀ ਦੀਆਂ ਪ੍ਰਾਪਤੀਆਂ ਅਤੇ ਲੋਕ-ਹਿਤੂ ਸਰਗਰਮੀਆਂ ਦਾ ਸਨਮਾਨ ਕਰਦਿਆਂ ਆਪ ਨੂੰ 'ਸਃ ਗੁਰਸ਼ਰਨ ਸਿੰਘ ਨਾਟਕਕਾਰ ਯਾਦਗਾਰੀ
ਪੁਰਸਕਾਰ-2021' ਪ੍ਰਦਾਨ ਕੀਤਾ ਗਿਆ ਤਾ ਆਪਣੇ ਪੂਰੇ ਪਰਿਵਾਰ ਸਮੇਤ ਪੁਰਸਕਾਰ ਪ੍ਰਾਪਤ ਕਰਨ ਆਏ।
ਮਾਸਟਰ ਤਰਲੋਚਨ ਸਿੰਘ ਸਮਰਾਲਾ ਦੇ ਜਾਣ ਤੇ ਡੂੰਘੇ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋਃ ਰਵਿੰਦਰ ਭੱਠਲ, ਮੀਤ ਪ੍ਰਧਾਨ ਸਹਿਜਪ੍ਰੀਤ ਸਿੰਘ ਮਾਂਗਟ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਪ੍ਰੋਃ ਜਸਵਿੰਦਰ ਧਨਾਨਸੂ, ਸੰਗੀਤ ਦਰਪਨ ਦੇ ਸੰਪਾਦਕ  ਤਰਨਜੀਤ ਸਿੰਘ ਕਿੰਨੜਾ, ਜੈਨਕੋ ਦੇ ਚੇਅਰਮੈਨ ਨਵਜੋਤ ਸਿੰਘ ਜਰਗ, ਖੇਡ ਲੇਖਕ ਨਵਦੀਪ ਸਿੰਘ ਗਿੱਲ, ਜਗਦੀਸ਼ਪਾਲ ਸਿੰਘ ਗਰੇਵਾਲ(ਪਿੰਡ ਦਾਦ) ਲੁਧਿਆਣਾ, ਪੀ ਏ ਯੂ ਦੇ ਡਾਇਰੈਕਟਰ ਡਾਃ ਨਿਰਮਲ ਜੌੜਾ, ਸੱਭਿਆਚਾਰਕ ਸੱਥ ਦੇ ਚੇਅਰਮੈਨ ਜਸਮੇਰ ਸਿੰਘ ਢੱਟ, ਰੰਗ ਕਰਮੀ ਡਾਃ ਅਨਿਲ ਸ਼ਰਮਾ, ਰਵਿੰਦਰ ਰੰਗੂਵਾਲ ਤੇ ਹੋਰ ਸੇਹੀਆਂ ਨੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।
ਮਾਸਟਰ ਤਰਲੋਚਨ ਸਿੰਘ ਸਮਰਾਲਾ ਦਾ ਸਸਕਾਰ ਕੱਲ੍ਹ ਮਿਤੀ 12 ਅਗਸਤ ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰ 2 ਵਜੇ ਸ਼ਮਸ਼ਾਨਘਾਟ ,ਖੰਨਾ ਰੋਡ ਸਮਰਾਲਾ (ਨਜ਼ਦੀਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ)ਵਿਖੇ ਕੀਤਾ ਜਾਵੇਗਾ।