ਕਨੇਡਾ ਵਿਖੇ ਢਾਡੀ ਛਾਪਾ ਤੇ ਸਾਥੀਆਂ ਨੇ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਦਾ ਯਤਨ ਕੀਤਾ 

ਵੈਨਕੂਵਰ/ ਮੁੱਲਾਂਪੁਰ ਦਾਖਾ15 ਸਤੰਬਰ (ਸਤਵਿੰਦਰ  ਸਿੰਘ ਗਿੱਲ) ਗੁਰੂਆਂ, ਪੀਰਾਂ, ਸ਼ਹੀਦਾਂ ਦੇ ਇਤਿਹਾਸ ਨੂੰ ਜਾਣੂ ਕਰਵਾਉਣ ਲਈ ਸਭ ਤੋਂ ਵੱਡਾ ਉਪਰਾਲਾ ਢਾਡੀ ਜਥਿਆਂ ਦਾ ਹੈ। ਜੋ ਕਿ ਦੇਸ਼ ਵਿਦੇਸ਼ ਦੀ ਧਰਤੀ ਤੇ ਸਮੁੱਚੀ ਸਿੱਖ ਕੌਮ ਦੇ ਸ਼ਾਨਾਂ ਮਤੀ ਇਤਿਹਾਸ ਨਾਲ ਸੰਗਤਾਂ ਨੂੰ ਜੋੜਦੇ ਯਤਨ ਕਰਦੇ ਹਨ। ਉਹਨਾਂ ਵਿੱਚੋਂ ਇੱਕ ਹਨ ਇੰਟਰਨੈਸ਼ਨਲ ਗੋਲਡ ਮੈਡਲਿਸਟ ਢਾਡੀ ਕਰਨੈਲ ਸਿੰਘ ਛਾਪਾ ਅਤੇ ਉਹਨਾਂ ਦੇ ਸਾਥੀ ਗੁਲਜ਼ਾਰ ਸਿੰਘ ਮਿਸ਼ਰਾ, ਸਾਥੀ ਹਰਦੇਵ ਸਿੰਘ ਦੀਵਾਨਾ ਅਤੇ ਸਾਰੰਗੀ ਮਾਸਟਰ ਰਣਜੀਤ ਸਿੰਘ ਲੱਖਾ, ਜੋ ਗੁਰਦੁਆਰਾ ਸਿੱਖ ਸੰਗਤ ਕਨੇਡਾ ਵੈਨਕੂਵਰ ਵਿਖੇ ਸੰਗਤਾਂ ਨੂੰ ਸਿੱਖ ਇਤਿਹਾਸ ਅਤੇ ਗੁਰਬਾਣੀ ਨਾਲ ਜੋੜਨ ਦਾ ਆਪਣਾ ਮੁੱਢਲਾ ਫਰਜ਼ ਨਿਭਾਅ ਰਹੇ ਹਨ। ਢਾਡੀ ਕਰਨੈਲ ਸਿੰਘ ਛਾਪਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਭਾਵੇਂ ਪੰਜਾਬ ਦੀ ਧਰਤੀ ਤੇ ਹੋਈਏ ਜਾਂ ਫਿਰ ਵਿਦੇਸ਼ਾਂ ਦੀ ਧਰਤੀ ਤੇ ਸੰਗਤਾਂ ਹਮੇਸ਼ਾ ਸਿੱਖ ਇਤਿਹਾਸ ਸੁਣਨ ਲਈ ਉਤਾਵੀਆਂ ਰਹਿੰਦੀਆਂ ਹਨ। ਸੰਗਤਾਂ ਨਿੱਤ ਨੇਮ ਦੇ ਨਾਲ ਸਵੇਰੇ ਸ਼ਾਮ ਗੁਰਬਾਣੀ ਪਾੜਦੀਆਂ ਅਤੇ ਸੁਣਦਿਆਂ ਹਨ ਅਤੇ ਆਪਣੇ ਕੰਮਕਾਰਾਂ ਤੇ ਜਾਣ ਤੋਂ ਪਹਿਲਾਂ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋਣ ਤੋਂ ਕਦੇ ਵੀ ਨਹੀਂ ਖੁੰਝ ਦੀਆਂ, ਬਾਕੀ ਕੰਮ ਕਾਰ ਬਆਦ ਵਿੱਚ ਅਰੰਭੇ ਜਾਂਦੇ ਹਨ। ਉੱਥੇ ਹੀ ਵਿਦੇਸ਼ਾਂ ਦੀ ਧਰਤੀ ਤੇ ਵੱਸਦੀਆਂ ਸੰਗਤਾਂ ਦੇ ਮਨਾਂ ਵਿੱਚ ਇੱਕ ਗੱਲ ਨੂੰ ਲੈ ਕੇ ਕਾਫੀ ਰੋਸ ਹੈ ਕਿ ਭਾਰਤ ਵਿਚ ਹੋ ਰਹੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ਵਿੱਚ ਸਰਕਾਰਾਂ ਇਨੀ ਦੇਰੀ ਕਿਉਂ ਕਰ ਰਹੀਆਂ ਹਨ। ਉੱਥੇ ਹੀ ਸਜ਼ਾ ਪੂਰੀ ਕਰ ਚੁੱਕੇ ਬੰਦੇ ਸਿੰਘਾਂ ਨੂੰ ਰਿਹਾਅ ਕਰਨ ਦੀ ਬਜਾਏ ਕਿਉਂ ਲਾਰੇ ਲੱਪੇ ਲਾ ਕੇ ਹੀ ਸਾਰ ਰਹੀਆਂ ਹਨ। ਉਹਨਾਂ ਨੇ ਅੱਗੇ ਆਖਿਆ ਕਿ ਉੱਘੇ ਪੰਥਕ ਲੇਖਕ ਮੋਹਣ ਸਿੰਘ ਮੋਮਨਾਵਾਦੀ ਦੀ ਲਿਖੀ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ "ਅਰਦਾਸ" ਜਦੋਂ ਪੇਸ਼ ਕੀਤੀ ਗਈ ਤਾਂ ਸੰਗਤਾਂ ਵੱਲੋਂ ਵੀ ਅੱਖਾਂ ਬੰਦ ਕਰਕੇ ਅਰਦਾਸ ਵਿਚ ਸ਼ਾਮਿਲ ਹੋ ਕੇ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਵਾਉਣ ਲਈ 'ਹਾਂ ਦਾ ਨਾਅਰਾ' ਮਾਰਿਆ।