ਸਰਦ ਰੁੱਤ ਵਿਚ ਖੁੰਬਾਂ ਦੀ ਕਾਸ਼ਤ ਬਾਰੇ ਸਿਖਲਾਈ ਕੋਰਸ ਕੈਂਪ ਸ਼ੁਰੂ 

ਲੁਧਿਆਣਾ 9 ਅਕਤੂਬਰ (ਟੀ. ਕੇ.) ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਪੰਜਾਬ ਦੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ ਮਾਈਕਰੋਬਾਇਲੋਜੀ ਵਿਭਾਗ ਦੇ ਸਹਿਯੋਗ ਨਾਲ ਪੰਜ ਦਿਨਾਂ ਸਰਦ ਰੁੱਤ ਦੀਆਂ ਖੁੰਬਾਂ ਦੀ ਕਾਸ਼ਤ ਬਾਰੇ ਵਿਸ਼ੇਸ਼ ਸਿਖਲਾਈ ਕੋਰਸ ਲਗਾਇਆ ਜਾ ਰਿਹਾ ਹੈ| ਇਹ ਕੋਰਸ 9 ਅਕਤੂਬਰ ਤੋਂ 13 ਅਕਤੂਬਰ ਤੱਕ ਲਾਇਆ ਜਾ ਰਿਹਾ ਹੈ ਅਤੇ ਇਸ ਕੋਰਸ ਵਿੱਚ 76 ਸਿਖਿਆਰਥੀ ਭਾਗ ਲੈ ਰਹੇ ਹਨ|  ਡਾ. ਤੇਜਿੰਦਰ ਸਿੰਘ ਰਿਆੜ, ਐਸੋਸੀਏਟ ਡਾਇਰੈਕਟਰ ਅਤੇ ਅੱਪਰ ਨਿਰਦੇਸ਼ਕ ਸੰਚਾਰ ਨੇ ਦੱਸਿਆ ਕਿ ਪੰਜ ਦਿਨਾਂ ਦੀ ਟਰੇਨਿੰਗ ਵਿਚ ਸਿਖਿਆਰਥੀਆਂ ਨੂੰ ਖੁੰਬਾਂ ਉਗਾਉਣ ਤੋਂ ਲੈ ਕੇ ਪ੍ਰੋਸੈਸਿੰਗ ਤੱਕ ਸਿਖਲਾਈ ਦਿੱਤੀ ਜਾਵੇਗੀ| ਇਸ ਦੇ ਮੰਡੀਕਰਨ ਬਾਰੇ ਅਤੇ ਬੈਂਕ ਵੱਲੋਂ  ਕਰਜ਼ਾ ਸਹੂਲਤਾਂ ਬਾਰੇ ਵੀ ਚਾਨਣਾ ਪਾਇਆ ਜਾਵੇਗਾ|  ਡਾ. ਪ੍ਰੇਰਨਾ ਕਪਿਲਾ, ਕੋਰਸ ਕੋਆਰਡੀਨੇਟਰ ਨੇ ਇਸ ਕੋਰਸ ਬਾਰੇ ਦੱਸਦਿਆਂ ਕਿਹਾ ਕਿ ਪੰਜਾਬ ਵਿਚ ਬਹੁਤ ਕਿਸਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸਿਖਲਾਈ ਲੈ ਕੇ ਖੁੰਬਾਂ ਦੀ ਖੇਤੀ ਕਰ ਰਹੇ ਹਨ ਜਿਸ ਤੋਂ ਉਹ ਚੰਗਾ ਮੁਨਾਫਾ ਕਮਾ ਰਹੇ ਹਨ ਕਿਉਂਕਿ ਇਹ ਧੰਦਾ ਘੱਟ ਪੈਸੇ ਨਾਲ ਸ਼ੁਰੂ ਕਰ ਸਕਦੇ ਹਾਂ ਅਤੇ ਚੰਗੇ ਪੈਸੇ ਕਮਾ ਸਕਦੇ ਹਾਂ |