ਪੰਜਾਬ ਮੈਡੀਕਲ ਕੌਂਸਲ ਦੇ ਮੈਂਬਰ ਨਿਯੁਕਤ ਹੋਏ ਡਾਕਟਰਾਂ ਨੂੰ ਸਨਮਾਨਿਤ ਕੀਤਾ 

ਲੁਧਿਆਣਾ, 10 ਅਕਤੂਬਰ (ਟੀ. ਕੇ.) ਡਾਕਟਰਾਂ ਦੀ ਸਿਰਮੌਰ ਜਥੇਬੰਦੀ ਆਈ ਐਮ ਏ ਸ਼ਾਖਾ ਲੁਧਿਆਣਾ ਵਲੋਂ ਲੁਧਿਆਣਾ ਨਾਲ ਸਬੰਧਿਤ ਦੋ ਡਾਕਟਰਾਂ ਨੂੰ ਪੰਜਾਬ ਮੈਡੀਕਲ ਕੌਂਸਲ ਚੰਡੀਗੜ੍ਹ ਦੀ ਮੈਂਬਰਸ਼ਿਪ ਚੋਣ ਜਿੱਤਣ 'ਤੇ ਸਨਮਾਨਿਤ ਕੀਤਾ ਗਿਆ। ਪੰਜਾਬ ਮੈਡੀਕਲ ਕੌਂਸਲ ਦੀਆਂ 10 ਅਸਾਮੀਆਂ ਲਈ ਚੋਣ ਲੜ ਰਹੇ 22 ਉਮੀਦਵਾਰਾਂ ਵਿੱਚੋਂ ਲੁਧਿਆਣਾ ਦੇ ਦੋ ਡਾਕਟਰ ਜਿਨ੍ਹਾਂ ਵਿਚ ਫਿਜ਼ੀਸ਼ੀਅਨ ਡਾ: ਕਰਮਵੀਰ ਗੋਇਲ ਅਤੇ ਸਰਜਨ ਡਾ: ਪ੍ਰਿਤਪਾਲ ਸਿੰਘ ਸ਼ਾਮਲ ਹਨ ਚੋਣ ਜਿੱਤ ਗਏ ਹਨ। ਇਸ ਜਿੱਤ ਨੂੰ ਮੱਦੇਨਜ਼ਰ ਰੱਖਦਿਆਂ  ਇੰਡੀਅਨ ਮੈਡੀਕਲ ਐਸੋਸੀਏਸ਼ਨ ਲੁਧਿਆਣਾ ਸ਼ਾਖਾ ਦੀ ਤਰਫ਼ੋਂ ਡਾ: ਕਰਮਵੀਰ ਗੋਇਲ ਅਤੇ ਡਾ: ਪ੍ਰਿਤਪਾਲ ਸਿੰਘ ਨੂੰ ਪੰਜਾਬ ਮੈਡੀਕਲ ਕੌਂਸਲ ਦੀਆਂ ਚੋਣਾਂ ਜਿੱਤਣ 'ਤੇ ਆਈ. ਐਮ. ਏ. ਹਾਊਸ ਬੀ. ਆਰ. ਐਸ. ਨਗਰ ਵਿਖੇ ਸਨਮਾਨਿਤ ਕੀਤਾ ਗਿਆ। ਆਈ.ਐਮ.ਏ ਦੇ ਪ੍ਰਧਾਨ ਡਾ.ਗੌਰਵ ਸਚਦੇਵਾ ਦੀ ਅਗਵਾਈ ਹੇਠ ਸਮੁੱਚੀ ਕਾਰਜਕਾਰਨੀ ਕਮੇਟੀ ਨੇ ਦੋਵਾਂ ਡਾਕਟਰਾਂ ਦਾ ਸਨਮਾਨ ਕੀਤਾ ਅਤੇ ਵਧਾਈ ਦਿੱਤੀ। ਇਸ ਮੌਕੇ ਡਾ: ਗੌਰਵ ਨੇ ਕਿਹਾ ਕਿ ਲੁਧਿਆਣਾ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਨ੍ਹਾਂ ਦੋਵਾਂ ਡਾਕਟਰਾਂ ਨੇ ਲਗਾਤਾਰ ਦੂਜੀ ਵਾਰ ਪੰਜਾਬ ਮੈਡੀਕਲ ਕੌਂਸਲ ਦੀ ਮੈਂਬਰਸ਼ਿਪ ਦੀ ਚੋਣ ਜਿੱਤੀ ਹੈ। ਇਸ ਦੌਰਾਨ ਆਈ.ਐਮ.ਏ ਅਤੇ ਪੰਜਾਬ ਮੈਡੀਕਲ ਕੌਂਸਲ ਦੇ ਮੈਂਬਰਾਂ ਨੇ ਪੈਟਰਨ ਡਾ: ਮਨੋਜ ਸੋਬਤੀ ਵੱਲੋਂ ਆਈ.ਐਮ.ਏ ਲੁਧਿਆਣਾ ਨੂੰ ਮਜ਼ਬੂਤ ​​ਕਰਨ ਅਤੇ ਮੈਡੀਕਲ ਫਿਟਨੈਸ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਆਈ ਐਮ ਏ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਪੰਜਾਬ ਮੈਡੀਕਲ ਕੌਂਸਲ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਰੈਗੂਲੇਟਰੀ ਬਾਡੀ ਹੈ, ਜਿਸ ਵਿੱਚ ਹਰ 5 ਸਾਲ ਬਾਅਦ 10 ਮੈਂਬਰ ਚੁਣੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਕੌਂਸਲ ਦੇ 40,000 ਤੋਂ ਵੱਧ ਡਾਕਟਰ ਵੋਟਰ ਹਨ, ਜੋ ਪੋਸਟਲ ਬੈਲਟ ਰਾਹੀਂ ਆਪਣੀ ਵੋਟ ਦਾ ਇਸਤੇਮਾਲ ਕਰਦੇ ਹਨ। ਇਸ ਵਾਰ ਆਈ.ਐਮ.ਏ ਪੰਜਾਬ ਦੇ ਪ੍ਰਧਾਨ ਡਾ.ਭਗਵੰਤ ਸਿੰਘ, ਸਾਬਕਾ ਪ੍ਰਧਾਨ ਡਾ: ਮਨੋਜ ਸੋਬਤੀ ਅਤੇ ਕੌਮੀ ਮੀਤ ਪ੍ਰਧਾਨ ਡਾ: ਨਵਜੋਤ ਦਹੀਆ ਦੀ ਅਗਵਾਈ ਹੇਠ  10 ਉਮੀਦਵਾਰਾਂ ਦੀ ਟੀਮ ਬਣਾਈ ਸੀ। ਇਹ ਸਾਰੇ ਦਸ ਉਮੀਦਵਾਰ ਚੋਣ ਜਿੱਤ ਗਏ ਹਨ। ਇਸ ਮੌਕੇ ਆਈ.ਐਮ.ਏ ਦੇ ਸਕੱਤਰ ਡਾ: ਨੀਰਜ ਅਗਰਵਾਲ, ਵਿੱਤ ਸਕੱਤਰ ਡਾ: ਮੋਹਨਜੀਤ ਕੌਰ, ਆਈ.ਐਮ.ਏ ਪੰਜਾਬ ਪ੍ਰਧਾਨ ਇਲੈਕਟਰ ਡਾ: ਸੁਨੀਲ ਕਤਿਆਲ, ਡਾ: ਨਰੇਸ਼ ਬੱਸੀ, ਡਾ: ਅਰੁਣ ਗੁਪਤਾ, ਡਾ: ਪੀ.ਐਸ.ਜੱਸਲ, ਡਾ: ਅਵਿਨਾਸ਼ ਜਿੰਦਲ ਅਤੇ ਹੋਰ ਮੈਂਬਰ ਵੀ ਹਾਜ਼ਰ ਸਨ। ਇਸ ਮੌਕੇ ਡਾ: ਗੋਇਲ ਅਤੇ ਡਾ: ਪ੍ਰਿਤਪਾਲ ਸਿੰਘ ਨੇ ਪੀ. ਐਮ. ਸੀ. ਚੋਣਾਂ ਵਿੱਚ ਡਾਕਟਰਾਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ।