ਪਿੰਡ ਡੱਲਾ 'ਚ ਪਰਾਲੀ ਪ੍ਰਬੰਧਨ ਤਹਿਤ ਕਿਸਾਨ ਸਿਖਲਾਈ ਕੈਂਪ ਆਯੋਜਿਤ

ਜਗਰਾਉਂ/ਲੁਧਿਆਣਾ, 10 ਅਕਤੂਬਰ (ਟੀ. ਕੇ. ) - ਪਿੰਡ ਡੱਲਾ ਬਲਾਕ ਜਗਰਾਉ ਵਿਖੇ ਮੁੱਖ ਖੇਤੀਬਾੜੀ ਅਫਸਰ, ਲੁਧਿਆਣਾ ਡਾ. ਨਰਿੰਦਰ ਸਿੰਘ ਬੈਨੀਪਾਲ ਦੀ ਪ੍ਰਧਾਨਗੀ ਹੇਠ ਪਰਾਲੀ ਪ੍ਰਬੰਧਨ ਸਬੰਧੀ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਐਸ ਡੀ ਐਮ ਜਗਰਾਉਂ ਮਨਜੀਤ ਕੌਰ ਵਲੋਂ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਗਈ।
ਐਸ ਡੀ ਐਮ ਮਨਜੀਤ ਕੌਰ ਵਲੋਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਅਗਲੀ ਫਸਲ ਦੀ ਕਾਸ਼ਤ ਕੀਤੀ ਜਾਵੇ ਤਾਂ ਜ਼ੋ ਪ੍ਰਸ਼ਾਸ਼ਨ ਨੂੰ ਵੀ ਕਿਸੇ ਸਖਤ ਕਾਰਵਾਈ ਕਰਨ ਦੀ ਲੋੜ ਨਾ ਪਵੇ ਅਤੇ ਅਸੀਂ ਆਪਣੇ ਵਾਤਾਵਰਨ ਨੂੰ ਸਾਫ ਸੁਥਰਾ ਰੱਖ ਸਕੀਏ।


ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਡਾ. ਨਰਿੰਦਰ ਸਿੰਘ ਬੈਨੀਪਾਲ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਵਿਭਾਗ ਵੱਲੋਂ ਕਿਸਾਨਾਂ ਨੂੰ ਵੱਡੇ ਪੱਧਰ ਤੇ ਮਸ਼ੀਨਰੀ ਉੱਪਰ ਸਬਸਿਡੀ ਮੁਹੱਈਆ ਕਰਵਾਈ ਗਈ ਹੈ। ਜੇਕਰ ਫਿਰ ਵੀ ਕਿਸਾਨਾਂ ਨੂੰ ਮਸ਼ੀਨਰੀ ਸਬੰਧੀ ਕੋਈ ਵੀ ਸਮੱਸਿਆ ਆ ਰਹੀ ਹੈ ਤਾਂ ਉਹ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਵਿਭਾਗ ਦੀ ਪੂਰੀ ਕੋਸ਼ਿਸ਼ ਰਹੇਗੀ ਕਿ ਕਿਸਾਨਾਂ ਨੂੰ ਜਰੂਰਤ ਅਨੁਸਾਰ ਮਸ਼ੀਨਰੀ ਮੁਹੱਈਆ ਕਰਵਾਈ ਜਾ ਸਕੇ।
ਇਸ ਮੌਕੇ ਖੇਤੀਬਾੜੀ ਅਫਸਰ ਜਗਰਾਉ ਡਾ. ਗੁਰਦੀਪ ਸਿੰਘ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੇ ਖੇਤ ਵਿੱਚ ਹੀ ਮਿਲਾਉਣ ਦੇ ਫਾਇਦੇ ਬਾਰੇ ਦੱਸਦਿਆ ਕਿਹਾ ਹੈ ਕਿ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਮਿਲਾਉਣ ਨਾਲ ਖੇਤੀ ਦੀ ਉਪਜਾਊ ਸ਼ਕਤੀ ਤਾਂ ਵੱਧਦੀ ਹੀ ਹੈ ਨਾਲ ਹੀ ਖੇਤੀ ਵਿੱਚ ਜੈਵਿਕ ਮਾਦੇ ਦੀ ਮਾਤਰਾ ਵੀ ਵੱਧਦੀ ਹੈ ਜ਼ੋ ਕਿ ਮੁੱਖ ਤੱਤਾਂ ਨੂੰ ਫਸਲ ਨੂੰ ਮੁਹੱਈਆ ਕਰਵਾਉਣ ਵਿੱਚ ਸਹਾਈ ਹੁੰਦਾ ਹੈ। ਪਰੰਤੂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਇਹ ਸਾਰੇ ਸੁਖਮ ਤੱਤ ਸੜ ਕੇ ਸਵਾਹ ਹੋ ਜਾਂਦੇ ਹਨ। ਜਿਸ ਨਾਲ ਸਾਡਾ ਰਸਾਇਣਕ ਖਾਦਾਂ ਉੱਪਰ ਖਰਚਾ ਵੀ ਵੱੱਧਦਾ ਹੈ।
ਡਾ. ਜਗਦੇਵ ਸਿੰਘ  ਖੇਤੀਬਾੜੀ ਅਫਸਰ, ਲੁਧਿਆਣਾ ਨੇ ਕਿਸਾਨਾਂ ਨੂੰ ਵਿਭਾਗ ਦੀਆਂ ਚੱਲ ਰਹੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ।
ਏ.ਡੀ.ਓ. ਜਗਰਾਉਂ ਡਾ. ਰਮਿੰਦਰ ਸਿੰਘ ਨੇ ਕਿਸਾਨਾਂ ਨੂੰ ਝੋਨੇ ਦੀਆਂ ਮੋਜੂਦਾ ਸਮੱਸਿਆ ਬਾਰੇ ਦੱਸਿਆ ਅਤੇ ਸਾਡੀ ਆਉਣ ਵਾਲੀ ਫਸਲ ਕਣਕ ਅਤੇ ਆਲੂਆ ਦੀ ਸੁਚੱਜੀ ਕਾਸ਼ਤ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਏ.ਡੀ.ਓ. ਡਾ. ਸਰਬਜੀਤ ਕੌਰ ਅਤੇ ਡਾ. ਪੁਸ਼ਪਾ ਰਾਣੀ ਨੇ ਵੀ ਕਿਸਾਨਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਨਗਰ ਪੰਚਾਇਤ ਵੱਲੋਂ ਆਏ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਅਤੇ ਕਰਮਜੀਤ ਸਿੰਘ ਪੰਚ ਨੇ ਪਿੰਡ ਡੱਲੇ ਦੇ ਸਮੂਹ ਕਿਸਾਨਾਂ ਅਤੇ ਨਗਰ ਵੱਲੋਂ ਵਿਸ਼ਵਾਸ਼ ਦਵਾਇਆ ਕਿ ਉਹ ਝੋਨੇ ਦੀ ਪਰਾਲੀ ਨੂੰ ਬਿਲਕੁਲ ਅੱਗ ਨਹੀਂ ਲਗਾਉਣਗੇ ਅਤੇ ਪਰਾਲੀ ਨੂੰ ਜਮੀਨ ਵਿੱਚ ਹੀ ਮਿਲਾਉਣਗੇ। ਇਸ ਮੌਕੇ ਏ.ਡੀ.ਓ. ਡਾ. ਜ਼ਸਵੰਤ ਸਿੰਘ, ਖੇਤੀਬਾੜੀ ਉਪ ਨਿਰੀਖਕ, ਸੁਖਵਿੰਦਰ ਸਿੰਘ ਸਰਪੰਚ, ਨਿਰਮਲ ਸਿੰਘ ਧੀਰਾ, ਰਛਪਾਲ ਸਿੰਘ, ਨਛੱਤਰ ਸਿੰਘ, ਸੁਖਦੇਵ ਸਿੰਘ, ਮਨਮਿੰਦਰ ਸਿੰਘ ਆਦਿ ਕਿਸਾਨ ਵੀ ਹਾਜਰ ਸਨ।