ਟੈਕਸਟਾਈਲ-ਹੌਜਰੀ ਕਾਮਗਾਰ ਯੂਨੀਅਨ ਵੱਲੋਂ ਪੰਜਾਬ ਸਰਕਾਰ ਦੇ ਓਵਰਟਾਇਮ ਦੇ ਘੰਟੇ ਵਧਾਉਣ ਦੇ ਫੈਸਲੇ ਖਿਲਾਫ ਮੀਟਿੰਗ

ਲੁਧਿਆਣਾ, 15 ਅਕਤੂਬਰ (ਟੀ. ਕੇ.) ਲੁਧਿਆਣਾ ਸ਼ਹਿਰ ਦੇ ਸੱਨਅਤੀ ਮਜ਼ਦੂਰਾਂ ਦੀ ਜਥੇਬੰਦੀ ਟੈਕਸਟਾਈਲ -ਹੌਜਰੀ ਕਾਮਗਾਰ ਯੂਨੀਅਨ, ਪੰਜਾਬ ਦੇ ਸਰਗਰਮ ਕਾਰਕੁਨਾਂ ਦੀ ਮੀਟਿੰਗ ਮਜਦੂਰ ਲਾਇਬ੍ਰੇਰੀ, ਈ.ਡਬਲਯੂ.ਐਸ. ਕਲੋਨੀ ਲੁਧਿਆਣਾ ਵਿਖੇ ਕੀਤੀ ਗਈ।ਇਸ ਮੌਕੇ ਮੀਟਿੰਗ ਵਿੱਚ  ਮਾਨ ਸਰਕਾਰ ਵੱਲੋਂ ਜਾਰੀ ਕੀਤੇ ਓਵਰਟਾਇਮ ਦੇ ਘੰਟੇ ਵਧਾਉਣ ਦੇ ਮਜਦੂਰ ਵਿਰੋਧੀ ਫੈਸਲੇ ਬਾਰੇ ਵਿਚਾਰ-ਚਰਚਾ ਕੀਤੀ ਗਈ।ਇਸ ਮੌਕੇ ਯੂਨੀਅਨ ਦੇ ਪ੍ਰਧਾਨ ਜਗਦੀਸ਼ ਨੇ ਦੱਸਿਆ ਕਿ  ਮਾਨ ਸਰਕਾਰ ਨੇ ਪਿਛਲੇ ਦਿਨੀ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਓਵਰਟਾਇਮ ਦੇ ਘੰਟੇ ਵਧਾਉਣ ਦੀ ਗੱਲ ਕਹੀ ਹੈ, ਜਿਸ ਨਾਲ ਇੱਕ ਦਿਨ ਵਿੱਚ ਓਵਰਟਾਇਮ ਦੇ ਵੱਧ ਤੋਂ ਵੱਧ ਘੰਟੇ ਦੋ ਤੋਂ ਵਧਾ ਕੇ 4 ਕਰ ਦਿੱਤੇ ਗਏ ਹਨ, ਭਾਵੇਂ ਕਿ ਇੱਕ ਹਫਤੇ ਦੇ ਕੁੱਲ ਕੰਮ ਦੇ ਘੰਟੇ (ਸਮੇਤ ਓਵਰਟਾਇਮ) 60 ਹੀ ਰੱਖੇ ਗਏ ਹਨ। ਇਸਦੇ ਨਾਲ਼ ਹੀ ਤਿੰਨ ਮਹੀਨੇ ਵਿੱਚ ਜਿੱਥੇ ਓਵਰਟਾਇਮ ਦੇ ਕੰਮ ਦੇ ਘੰਟੇ 75 ਹੋ ਸਕਦੇ ਸੀ ਹੁਣ ਵਧ ਕੇ 115 ਕਰ ਦਿੱਤੇ ਗਏ ਹਨ।ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਮਜ਼ਦੂਰ ਵਿਰੋਧੀ ਹੈ ਕਿਉਂਕਿ ਵਧਦੀ ਮਹਿੰਗਾਈ ਦੇ ਹਿਸਾਬ ਨਾਲ਼ ਮਜਦੂਰਾਂ ਦੀ ਤਨਖਾਹ/ਪੀਸਰੇਟ ਵਧਾਉਣ ਦੀ ਥਾਂ ਸਰਕਾਰ ਕੰਮ ਦੇ ਘੰਟੇ ਵਧਾ ਕੇ ਮਜਦੂਰਾਂ ਦੀ ਜਿੰਦਗੀ ਦੁੱਭਰ ਕਰਨ ਦੀ ਰਾਹ ਤੇ ਤੁਰੀ ਹੋਈ ਹੈ। ਇਸ ਫੈਸਲੇ ਨੇ ਆਮ ਆਦਮੀ ਪਾਰਟੀ ਦੇ ਮਜਦੂਰ-ਵਿਰੋਧੀ ਚਿਹਰੇ ਨੂੰ ਨੰਗਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਪਹਿਲਾਂ ਹੀ ਸਰਮਾਏਦਾਰਾਂ ਵੱਲੋਂ ਕਿਰਤ-ਕਨੂੰਨਾਂ ਦਾ ਉਲੰਘਣ ਕਰਕੇ ਮਜਦੂਰਾਂ ਤੋਂ ਤਿੰਨ-ਤਿੰਨ, ਚਾਰ-ਚਾਰ ਘੰਟੇ ਫੈਕਟਰੀਆਂ ਵਿੱਚ ਓਵਰਟਾਇਮ ਕਰਵਾਇਆ ਜਾਂਦਾ ਹੈ ਅਤੇ ਹੁਣ ਜਦਕਿ ਸਰਕਾਰ ਨੇ ਓਵਰਟਾਇਮ ਦੇ ਘੰਟੇ ਵਧਾਉਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਤਾਂ ਸਰਮਾਏਦਾਰਾਂ ਨੂੰ ਮਜਦੂਰਾਂ ਦੀ ਹੋਰ ਜਿਆਦਾ ਲੁੱਟ ਕਰਨ ਦੀ ਖੁੱਲੀ ਛੂਟ ਹੋ ਜਾਵੇਗੀ। ਇਸ ਲਈ ਅੱਜ ਮਜਦੂਰ ਜਮਾਤ ਨੂੰ ਸਰਕਾਰ ਦੇ ਇਸ ਫੈਸਲੇ ਦਾ ਏਕੇ ਦੇ ਦਮ ਤੇ ਵਿਰੋਧ ਕਰਨ ਦੀ ਲੋੜ ਹੈ। ਇਸ ਮੌਕੇ 
    ਮੀਟਿੰਗ ਵਿੱਚ ਸ਼ਾਮਿਲ ਸਾਰੇ ਕਾਰਕੁਨਾਂ ਨੇ ਓਵਰਟਾਇਮ ਦੇ ਘੰਟੇ ਵਧਾਉਣ ਦਾ ਨੋਟੀਫਿਕੇਸ਼ਨ ਜਾਰੀ ਕਰਨ ਦੇ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ। ਇਸ ਮੌਕੇ ਮਜਦੂਰ ਕਾਰਕੁਨਾਂ ਨੇ ਲੋਕਪੱਖੀ ਪੱਤਰਕਾਰਾਂ  'ਤੇ ਮੋਦੀ ਸਰਕਾਰ ਦੇ ਹਮਲੇ ਅਤੇ ਟ੍ਰੇਡ ਯੂਨੀਅਨ ਆਗੂ ਲਖਵਿੰਦਰ ਸਿੰਘ 'ਤੇ ਝੂਠਾ ਪਰਚਾ ਦਰਜ ਕਰਨ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ।