ਸੂਫ਼ੀ ਤੇ ਕਿੱਸਾ ਕਾਵਿ-ਧਾਰਾ ਦੇ ਸਾਂਝੇ ਕਵੀ ਹਾਸ਼ਮ ਸ਼ਾਹ ਨੂੰ ਯਾਦ ਕਰਦਿਆਂ

ਪੰਜਾਬੀ ਸਾਹਿਤ ਦੀ ਗੱਲ ਕਰਦਿਆਂ ਸਭ ਤੋਂ ਪਹਿਲਾਂ ਸਾਡੇ ਕੋਲ਼ ਬਾਬਾ ਫ਼ਰੀਦ ਜੀ ਦਾ ਨਾਂ ਆਉਂਦਾ ਹੈ, ਜੋ ਕਿ ਸੂਫ਼ੀ ਕਾਵਿ ਧਾਰਾ ਨਾਲ਼ ਸੰਬੰਧਿਤ ਕਵੀ ਸਨ। ਬਾਬਾ ਫ਼ਰੀਦ ਜੀ ਨੂੰ ਪੰਜਾਬੀ ਸਾਹਿਤ ਦੇ ਪਿਤਾਮਾ ਹੋਣ ਦਾ ਮਾਣ ਵੀ ਹਾਸਲ ਹੈ। ਮੱਧਕਾਲ ਦਾ ਸਮਾਂ ਪੰਜਾਬੀ ਸਾਹਿਤ ਦਾ ਸੁਨਿਹਰਾ ਦੌਰ ਸੀ। ਇਸ ਸਮੇਂ ਸੂਫ਼ੀ ਕਾਵਿ, ਗੁਰਮਤਿ ਕਾਵਿ, ਕਿੱਸਾ ਕਾਵਿ ਤੇ ਬੀਰ ਕਾਵਿ ਧਾਰਾਵਾਂ ਦੇ ਰੂਪ ਵਿੱਚ ਪੰਜਾਬੀ ਸਾਹਿਤ ਵਧਿਆ ਫੁਲਿਆ। ਇਸ ਸਮੇਂ ਦੌਰਾਨ ਹੀ ਹਾਸ਼ਮ ਨਾਂ ਦਾ ਇੱਕ ਅਜਿਹਾ ਕਵੀ ਸਾਡੇ ਸਾਹਮਣੇ ਆਉਂਦਾ ਹੈ, ਜਿਸ ਨੂੰ ਸੂਫ਼ੀ ਕਾਵਿ-ਧਾਰਾ ਤੇ ਕਿੱਸਾ ਕਾਵਿ-ਧਾਰਾ ਦੇ ਸਾਂਝੇ ਕਵੀ ਦੇ ਤੌਰ ਤੇ ਵੱਖਰੀ ਪਹਿਚਾਣ ਮਿਲ਼ੀ। ਹਾਸ਼ਮ ਦਾ ਪੂਰਾ ਨਾਂ ਸੱਯਦ ਮੁਹੰਮਦ ਹਾਸ਼ਮ ਸ਼ਾਹ ਸੀ। ਹਾਸ਼ਮ ਦੇ ਜਨਮ, ਜੀਵਨ ਅਤੇ ਰਚਨਾ ਸੰਬੰਧੀ ਵੱਖੋ-ਵੱਖ ਵਿਦਵਾਨਾਂ ਦੀ ਵੱਖੋ-ਵੱਖ ਰਾਇ ਹੈ।

ਸੱਯਦ ਹਾਸ਼ਮ ਦੇ ਇੱਕ ਵਾਰਿਸ ਸੱਯਦ ਮੁਹੰਮਦ ਜਿਆ ਉਲ ਹੱਕ ਦੀ ਲਿਖਤੀ ਗਵਾਹੀ ਅਤੇ ਉਨ੍ਹਾਂ ਦੇ ਇੱਕ ਹੋਰ ਵਾਰਿਸ ਸੱਯਦ ਗੁਲਾਮ ਲਬੀ ਤੋਂ ਪ੍ਰਾਪਤ ਹੋਈ ਯਾਦਾਸ਼ਤ ਦੀ ਨਕਲ ਅਨੁਸਾਰ ਕਵੀ ਹਾਸ਼ਮ ਵੀਰਵਾਰ 27 ਨਵੰਬਰ 1735 ਈ. ਵਿੱਚ ਪੈਦਾ ਹੋਏ। 

ਮੌਲਾ ਬਖਸ਼ ਕੁਸ਼ਤਾ ਨੇ ਹਾਸ਼ਮ ਦਾ ਜਨਮ 1752-53 ਦੇ ਨੇੜੇ ਦਾ ਸਮਾਂ ਦੱਸਿਆ। ਬਾਵਾ ਬੁੱਧ ਸਿੰਘ ਅਤੇ ਡਾ. ਮੋਹਨ ਸਿੰਘ ਦੀਵਾਨਾ ਨੇ ਇਸ ਜਨਮ ਤਰੀਕ ਨੂੰ ਦਰੁਸਤ ਮੰਨਿਆ ਹੈ। 

ਹਾਸ਼ਮ ਸ਼ਾਹ ਦਾ ਜਨਮ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਜਗਦੇਉ ਕਲਾਂ ਵਿਖੇ ਪਿਤਾ ਹਾਜ਼ੀ ਮੁਹੰਮਦ ਸ਼ਰੀਫ ਦੇ ਘਰ ਹੋਇਆ। ਪੜ੍ਹਾਈ ਦੀ ਗੱਲ ਕਰੀਏ ਤਾਂ ਇਹ ਤਾਂ ਉਹਨਾਂ ਨੂੰ ਆਪਣੇ ਵਿਦਵਾਨ ਪਿਤਾ ਕੋਲੋਂ ਹੀ ਗੁੜ੍ਹਤੀ ਦੇ ਰੂਪ ਵਿੱਚ ਮਿਲ਼ ਗਈ ਸੀ। ਉਨ੍ਹਾਂ ਨੇ ਫਾਰਸੀ, ਅਰਬੀ, ਹਿਕਮਤ, ਸੰਸਕ੍ਰਿਤ ਅਤੇ ਪੰਜਾਬੀ ਵਿੱਚ ਮੁਹਾਰਤ ਹਾਸਿਲ ਕੀਤੀ। 

ਹਕੀਮੀ ਦੀ ਵਿੱਦਿਆ ਉਸਤਾਦ ਸੰਤ ਮਾਣਕ ਤੋਂ ਪ੍ਰਾਪਤ ਕਰਨ ਦੇ ਵੇਰਵੇ ਮਿਲ਼ਦੇ ਹਨ।

ਜੋਤਸ਼ ਵਿੱਦਿਆ ਬਾਰੇ ਮੀਆਂ ਮੌਲਾ ਬਖਸ ਕੁਸ਼ਤਾ ਦੱਸਦੇ ਹਨ ਕਿ ਉਹਨਾਂ ਨੂੰ ਇਹ ਵਿਦਿਆ ਸਿਖਾਉਣ ਵਾਲ਼ਾ ਮੀਰ ਅਮੀਰੁਲਾ ਬਟਾਲਵੀ ਸੀ।

ਪੰਜਾਬੀ ਸਾਹਿਤ ਦੇ ਦੀ ਝੋਲੀ ਹਾਸ਼ਮ ਨੇ ਆਪਣੀਆਂ ਬਹੁਤ ਰਚਨਾਵਾਂ ਪਾਈਆਂ। ਜਿੰਨ੍ਹਾਂ ਵਿੱਚੋਂ ਪਹਿਲਾਂ 150 ਪੰਗਤੀਆਂ ਵਿੱਚ ਹੀਰ ਰਾਂਝੇ ਦੀ ਬਿਰਤੀ ਇੱਕ ਹੀ ਹਰਫ਼ੀ ਵਿੱਚ ਲਿਖਣ ਦਾ ਮਾਣ ਹਾਸ਼ਮ ਦੇ ਹਿੱਸੇ ਹੀ ਆਇਆ। ਸੋਹਣੀ ਮਹੀਂਵਾਲ ਦੀ ਪ੍ਰੀਤ ਕਹਾਣੀ ਨੂੰ ਕਿੱਸਾ ਸੋਹਣੀ ਮਹੀਂਵਾਲ ਸੰਪੂਰਨ ਰੂਪ ਵਿੱਚ ਸਭ ਤੋਂ ਪਹਿਲਾਂ ਲਿਖਣ ਦਾ ਮਾਣ ਵੀ ਹਾਸ਼ਮ ਦੇ ਹਿੱਸੇ ਹੀ ਆਇਆ।

ਕਿੱਸਾ ਸੱਸੀ ਪੁੰਨੂੰ ਦੀ ਗੱਲ ਕਰੀਏ ਤਾਂ ਇਹ ਕਿੱਸਾ ਹਾਸ਼ਮ ਦਾ ਨਾਂ ਵਾਰਿਸ ਦੇ ਬਰਾਬਰ ਲਿਆ ਖੜ੍ਹਾ ਕਰਦਾ ਹੈ। 

ਵਾਰਿਸ ਦੀ ਹੀਰ ਵਾਂਗ ਸੱਸੀ ਵੀ ਹਾਸ਼ਮ ਦੀ ਹੋ ਨਿੱਬੜੀ।ਕਿੱਸਾ ਸੱਸੀ ਪੁੰਨੂੰ ਹਾਸ਼ਮ ਦੀ ਸਭ ਤੋਂ ਪ੍ਰਸਿੱਧ ਰਚਨਾ ਹੈ। 

ਪੰਜਾਬੀ ਜ਼ੁਬਾਨ ਵਿੱਚ ਕਿੱਸਾ ਸੱਸੀ ਪੁੰਨੂੰ ਸਭ ਤੋਂ ਪਹਿਲਾਂ ਹਾਫ਼ਿਜ਼ ਬਰਖ਼ੁਰਦਾਰ ਵੱਲੋਂ ਲਿਖਿਆ ਮੰਨਿਆ ਜਾਂਦਾ ਹੈ। ਹਾਫ਼ਿਜ਼ ਤੋਂ ਬਾਅਦ ਕਿੱਸਾਕਾਰ ਆਡਤ ਨੇ ਕਿੱਸਾ ‘ਦੋਹੜੇ ਸੱਸੀ ਕੇ’ ਅਤੇ ‘ਮਾਂਝਾ ਸੱਸੀ ਦੀਆਂ’ ਨਾਂ ਨਾਲ ਸੱਸੀ ਦੀ ਪ੍ਰੀਤ ਕਹਾਣੀ ਨੂੰ ਕਲਮਬੱਧ ਕੀਤਾ। ਇਨ੍ਹਾਂ ਤੋਂ ਬਾਅਦ ਬਿਹਬਲ ਦਾ ਕਿੱਸਾ ਸੱਸੀ ਪੁੰਨੂੰ ਮਸਨਵੀ ਸ਼ੈਲੀ ਵਿੱਚ ਲਿਖਿਆ ਮਿਲਦਾ ਹੈ। ਕਵੀ ਸੁੰਦਰ ਦਾਸ ਅਰਾਮ ਨੇ ਮਸਨਵੀ ਅਤੇ ਸ਼ੀਹਰਫ਼ੀ ਰੂਪ ਵਿੱਚ ਕਿੱਸਾ ਸੱਸੀ ਪੁੰਨੂੰ ਲਿਖਿਆ। ਸਭ ਤੋਂ ਵੱਧ ਕਿੱਸੇ ਲਿਖਣ ਵਾਲ਼ੇ ਕਿੱਸਾਕਾਰ ਅਹਿਮਦ ਯਾਰ ਨੇ ਸੱਸੀ ਪੁੰਨੂੰ ਦੇ ਕਿੱਸੇ ਨੂੰ ਬਿਆਨ ਕਰਨ ਲਈ ਬੈਂਤ ਛੰਦ ਦੀ ਵਰਤੋਂ ਕੀਤੀ।

ਪਰ ਸਭ ਤੋਂ ਵੱਧ ਪ੍ਰਸਿੱਧੀ ਕਿੱਸਾਕਾਰ ਹਾਸ਼ਮ ਸ਼ਾਹ ਵੱਲੋਂ ਸੱਸੀ ਪੁੰਨੂੰ ਦੀ ਪ੍ਰੀਤ ਕਹਾਣੀ ‘ਤੇ ਲਿਖੇ ਕਿੱਸੇ ਨੂੰ ਹਾਸਲ ਹੋਈ।

ਹਾਸ਼ਮ ਨੇ ਦਵੱਈਆ ਛੰਦ ਦੀ ਵਰਤੋਂ ਕਰਦਿਆਂ 124 ਬੰਦਾਂ ਵਿੱਚ ਪੂਰੀ ਪ੍ਰੀਤ ਕਹਾਣੀ ਨੂੰ ਬਹੁਤ ਹੀ ਸੰਖੇਪਤਾ ਤੇ ਸੰਜਮਤਾ ਨਾਲ਼ ਪੇਸ਼ ਕੀਤਾ।

ਇਸ ਕਿੱਸੇ ਦੀ ਗੱਲ ਕਰਦਿਆਂ ਅਹਿਮਦ ਯਾਰ ਜਿਹਾ ਆਲੋਚਕ ਵੀ ਹਾਸ਼ਮ ਦੀ ਭਰਪੂਰ ਸ਼ਲਾਘਾ ਕਰਦਾ ਹੈ:

ਹਾਸ਼ਮ ‘ਸਸੀ’ ਸੋਹਣੀ ਜੋੜੀ, ਸਦ ਰਹਿਮਤ ਉਸਤਾਦੋ।

ਹਾਸ਼ਮ ਦੇ ਕਿੱਸੇ ਸੱਸੀ-ਪੁੰਨੂੰ ਦੀ ਗੱਲ ਕਰਦਿਆਂ ਵਿਦਵਾਨ ਬਾਵਾ ਬੁੱਧ ਸਿੰਘ ਆਖਦਾ ਹੈ ਕਿ ਹਾਸ਼ਮ ਨੇ ਸੱਸੀ ਕਾਹਦੀ ਆਖੀ, ਆਖੀ ਘਰ ਘਰ ਬਿਰਹਾ ਦਾ ਮੂਆਤਾ ਲਾ ਦਿੱਤਾ। 

ਜੋ ਸੁੱਚਮ ਹਾਸ਼ਮ ਨੇ ਕਿੱਸਿਆਂ ਵਿਚ ਕਾਇਮ ਰਖਿਆ ਹੈ, ਉਹ ਹੋਰ ਕਿਸੇ ਕਿੱਸਾਕਾਰ ਨੂੰ ਨਸੀਬ ਨਹੀਂ। ਉਹ ਇਸ਼ਕ-ਹਕੀਕੀ ਤੇ ਇਸ਼ਕ-ਮਜਾਜ਼ੀ ਦੋਹਾਂ ਦਾ ਸਾਂਝਾ ਇੱਕੋ-ਇਕ ਕਵੀ ਹੈ, ਜੋ ਇਤਨੀ ਬੌਧਕ-ਉੱਚਤਾ, ਕਲਪਨਾ-ਉਡਾਰੀ ਤੇ ਭਾਵਾਂ ਦੇ ਚਮਤਕਾਰ ਦਿਖਾਉਂਦਾ ਹੈ। 

ਹਾਸ਼ਮ ਸ਼ਾਹ ਹੀ ਇੱਕ ਅਜਿਹਾ ਕਵੀ ਹੈ ਜਿਸ ਨੇ ਮੱਧਕਾਲ ਵਿੱਚ ਜਿੱਥੇ ਕਿੱਸਾ ਕਾਵਿ-ਧਾਰਾ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਉੱਥੇ ਸੂਫ਼ੀ ਕਾਵਿ-ਧਾਰਾ ਵਿੱਚ ਵੀ ਹਾਸ਼ਮ ਨੇ ਦੋਹੜਿਆਂ ਤੇ ਡਿਉਢਾਂ ਦੇ ਰਾਹੀਂ ਆਪਣੀ ਕਲਮ ਨੂੰ ਸੂਫ਼ੀ ਕਾਵਿ ਦਾ ਹਾਣੀ ਬਣਾਇਆ। 

ਇਸ ਪੱਖ ਤੋਂ ਹਾਸ਼ਮ ਦੀ ਰਚਨਾ ਦਾ ਮੁੱਖ ਵਿਸ਼ਾ ਕਾਮਲ ( ਮੁਕੰਮਲ ਜਾਂ ਪੂਰਨ ਰੱਬੀ) ਇਸ਼ਕ ਹੈ। ਹਾਸ਼ਮ ਇਸ਼ਕ ਮਿਜਾਜ਼ੀ ਨੂੰ ਇਸ਼ਕ ਹਕੀਕੀ ਦੀ ਪਹਿਲੀ ਪਾਉੜੀ ਮੰਨਦਾ ਹੈ। ਹਾਸ਼ਮ ਅਨੁਸਾਰ ਇਸ਼ਕ ਕਰਨ ਵਾਲ਼ਾ ਸੂਖ਼ਮ ਚਿੱਤ ਤੇ ਸਿਆਣਾ ਹੋਣਾ ਚਾਹੀਦਾ ਹੈ। 

”ਇਕੋ ਬੂਟਾ, ਇਕੋ ਲਜ਼ਤ, ਇਕੋ ਪਤਾ ਨਿਸ਼ਾਨੀ, 

ਉਸ ਬੂਟੀਓ ਫੁਲ ਮਜ਼ਾਜ਼ੀ, ਮੇਵਾ ਇਸ਼ਕ ਹੱਕਾਨੀ।"

ਹਾਸ਼ਮ ਦੇ ਦੋਹੜੇ ਤੇ ਡਿਉਢਾਂ ਉਸ ਦੀ ਕਾਵਿ ਕਲਾ ਦੇ ਸਿਖਰ ਆਖੇ ਜਾ ਸਕਦੇ ਹਨ। ਇਹਨਾਂ ਵਿੱਚ ਸੰਜਮਤਾ ਤੇ ਬਿਆਨ ਦੀ ਸਾਦਗੀ ਸਰੋਦੀ ਹੂਕ ਦੇ ਰੂਪ ਵਿੱਚ ਦੇਖਣ ਨੂੰ ਮਿਲਦੀ ਹੈ। 

ਡਾ. ਮੋਹਨ ਸਿੰਘ ਅਨੁਸਾਰ ਜੇ ਅਸੀਂ ਧਿਆਨ ਨਾਲ਼ ਸੁਣੀਏ ਤਾਂ ਹਾਸ਼ਮ ਸਾਡਾ ਉਮਰ ਖਿਆਮ ਹੋਣ ਦਾ ਦਾਅਵਾ ਕਰਦਾ ਹੈ। ਅਸੀਂ ਉਸ ਵਿੱਚ ਉਮਰ ਖਿਆਮ ਵਾਲਾ ਤਿਆਗ, ਅਨੰਦ, ਨਜ਼ਾਕਤ ਤੇ ਉਦਾਸੀਨਤਾ ਵੇਖਦੇ ਹਾਂ।

ਹਰਨਾਮ ਸਿੰਘ ਸ਼ਾਨ ਹਾਸ਼ਮ ਨੂੰ ਕਿੱਸਾ ਸਾਹਿਤ ਦਾ ਚੰਨ ਹੋਣ ਦਾ ਮਾਣ ਬਖ਼ਸ਼ਦਾ ਹੈ। 

ਸੂਫ਼ੀ ਤੇ ਕਿੱਸਾ ਕਾਵਿ ਧਾਰਾ ਦਾ ਇਹ ਸਾਂਝਾ ਕਵੀ ਆਪਣੀਆਂ ਰਚਨਾਵਾਂ ਪੰਜਾਬੀ ਮਾਂ-ਬੋਲੀ ਦੀ ਝੋਲੀ ਪਾਕੇ 1823 ਈ ਵਿੱਚ ਹਮੇਸ਼ਾਂ ਲਈ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ। 

ਸ. ਸੁਖਚੈਨ ਸਿੰਘ ਕੁਰੜ 

(ਪੰਜਾਬੀ ਅਧਿਆਪਕ ਤੇ ਭਾਸ਼ਾ ਮੰਚ ਸਰਪ੍ਰਸਤ) 

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂੰਮ (ਬਰਨਾਲਾ)