ਕਲਿ ਤਾਰਣਿ ਗੁੁਰੁ ਨਾਨਕੁ ਆਇਆ॥

ਕਲਿ ਤਾਰਣਿ ਗੁੁਰੁ ਨਾਨਕੁ ਆਇਆ॥
ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 20 ਅਕਤੂਬਰ 1469 ਈ: ਨੂੰ ਪਿਤਾ ਮਹਿਤਾ ਕਾਲੂ ਦੇ ਘਰ ਮਾਤਾ ਤ੍ਰਿਪਤਾ ਦੀ ਕੁੱਖ ਤੋਂ ਰਾਇ ਭੋਇ ਦੀ ਤਲਵੰਡੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਹੋਇਆ। ਗੁਰੂ ਜੀ ਦੇ ਜਨਮ ਬਾਰੇ ਇੱਕ ਹੋਰ ਤਾਰੀਖ਼ 15 ਅਪ੍ਰੈਲ 1469 ਈ: ਵੀ ਲਿਖੀ ਜਾਂਦੀ ਹੈ। ਇਹ ਤਾਰੀਖ਼ ਹੀ ਜ਼ਿਆਦਾਤਰ ਪ੍ਰਚਲਿਤ ਹੈ। ਗੁਰੂ ਨਾਨਕ ਸਾਹਿਬ ਨੇ ਬੜੀ ਔਕੜ ਦੇ ਸਮੇਂ ਭਾਰਤ ਦੀ ਧਰਤੀ ਉੱਤੇ ਜਨਮ ਲਿਆ। ਉਹ ਤਾਂ ਸਮੁੱਚੀ ਮਨੁੱਖਤਾ ਦਾ ਕਲਿਆਣ ਕਰਨ ਲਈ ਆਏ ਸਨ। ਭਾਈ ਗੁਰਦਾਸ ਜੀ ਦਾ ਕਥਨ ਹੈ।
     ਕਲਿ ਤਾਰਣਿ ਗੁਰੁ ਨਾਨਕੁ ਆਇਆ ॥ ੨੩ ॥
                                           (ਵਾਰ ੧, ਪਉੜੀ ੨੩)
ਸਰਬੱਤ ਦੇ ਭਲੇ ਦੇ ਪ੍ਰੇਰਕ, ਮਾਨਵਤਾ ਦੇ ਪਿਆਰੇ, ਸਾਂਝੀਵਾਲਤਾ ਦੇ ਅਵਤਾਰ ਗੁਰੂ ਨਾਨਕ ਦੇਵ ਜੀ ਆਮ ਬੱਚਿਆਂ ਜਿਹੇ ਬੱਚੇ ਨਹੀਂ ਸਨ। ਉਹ ਸ਼ੁਰੂ ਤੋਂ ਹੀ ਸੰਤੋਖੀ ਤੇ ਵਿਚਾਰਵਾਨ ਬਿਰਤੀ ਵਾਲੇ ਸਨ। ਉਹ ਚੁੱਪ-ਚਾਪ ਪੰਘੂੜੇ ਵਿੱਚ ਪਏ ਰਹਿੰਦੇ ਅਤੇ ਆਪਣੀਆਂ ਚਮਕਦੀਆਂ ਅੱਖਾਂ ਨਾਲ ਉੱਪਰ ਅਸਮਾਨ ਵੱਲ ਨੂੰ ਵੇਖਦੇ ਰਹਿੰਦੇ। ਉਹ ਭੁੱਖ ਲੱਗਣ ’ਤੇ ਵੀ ਰੌਂਦੇ ਨਹੀਂ ਸਨ। ਉਹ ਸੰਤਾਂ ਤੇ ਫ਼ਕੀਰਾਂ ਦੇ ਖ਼ਾਸ ਪ੍ਰੇਮੀ ਅਤੇ ਬੜੇ ਦਾਨੀ ਸੁਭਾਅ ਦੇ ਸਨ। ਘਰ ਆਏ ਨੂੰ ਹਮੇਸ਼ਾਂ ਕੁਝ-ਨਾ-ਕੁਝ ਦੇਣ ਦਾ ਯਤਨ ਕਰਦੇ ਰਹਿੰਦੇ ਸਨ। ਛੋਟੀ ਉਮਰ ਵਿੱਚ ਹੀ ਉਹ ਸਾਰੇ ਪਿੰਡ ਦੇ ਪਿਆਰੇ ਹੋ ਗਏ, ਸੰਤ-ਫ਼ਕੀਰ ਵੀ ਉਹਨਾਂ ਨੂੰ ਵੇਖ ਕੇ ਖ਼ੁਸ਼ ਹੁੰਦੇ ਤੇ ਅਸੀਸਾਂ ਦਿੰਦੇ ਸਨ।
ਜੁਆਨੀ ਦੀ ਉਮਰ ਵਿੱਚ ਹੀ ਉਹਨਾਂ ਨੇ ਘਰ-ਬਾਰ ਛੱਡ ਕੇ ਇੱਕ ਅਜਿਹੇ ਮੁਸ਼ਕਲ ਕੰਮ ਨੂੰ ਹੱਥ ਪਾਇਆ, ਜਿਸ ਨੂੰ ਸਿਰੇ ਚੜ੍ਹਾਉਣ ਲਈ ਉਹਨਾਂ ਨੂੰ ਕਾਫ਼ੀ ਔਕੜਾਂ ਦਾ ਸਾਹਮਣਾ ਕਰਨਾ ਪਿਆ। ਉਹ ਮਨੁੱਖ ਮਾਤਰ ਦੇ ਭਲੇ ਲਈ, ਅਕਾਲ ਪੁਰਖ ਦਾ ਸੰਦੇਸ਼ ਦੇਣ ਲਈ ਦੁਨੀਆਂ ਦੇ ਅੱਡ-ਅੱਡ ਭਾਗਾਂ ਵਿੱਚ ਗਏ। ਉਹਨਾਂ ਨੇ ਸਾਰੇ ਭਾਰਤ ਬਰਮਾ, ਚੀਨ, ਮਿਸਰ, ਤਿੱਬਤ, ਸ੍ਰੀ ਲੰਕਾ, ਅਰਬ, ਈਰਾਨ, ਤੁਰਕੀ ਅਤੇ ਅਫ਼ਗਾਨਿਸਤਾਨ, ਸਿੱਕਮ, ਭੂਟਾਨ ਦਾ ਰਟਨ (ਦੌਰਾ) ਉਸ ਸਮੇਂ ਕੀਤਾ ਜਦੋਂ ਆਵਾਜਾਈ ਦੇ ਸਾਧਨ ਬਹੁਤ ਸੀਮਿਤ ਸਨ ਅਤੇ ਸਫ਼ਰ ਕਰਨਾ ਖ਼ਤਰੇ ਤੋਂ ਖ਼ਾਲੀ ਨਹੀਂ ਸੀ ਹੁੰਦਾ। ਉਹਨਾਂ ਚਾਰ ਉਦਾਸੀਆਂ ਕੀਤੀਆਂ। ਗੁਰੂ ਨਾਨਕ ਸਾਹਿਬ ਨੇ ਜੀਵਨ ਦੇ 22 ਸਾਲ 35 ਹਜ਼ਾਰ ਮੀਲ ਪੈਦਲ ਸਫ਼ਰ ਕਰਕੇ ਅੱਡ-ਅੱਡ ਧਰਮਾਂ, ਕੌਮਾਂ, ਵਿਚਾਰਾਂ ਦੇ ਲੋਕਾਂ ਨੂੰ ਮਿਲੇ ਅਤੇ ਉਹਨਾਂ ਨੂੰ ਜੀਵਨ ਦੀਆਂ ਸਮੱਸਿਆਵਾਂ ਅਤੇ ਉਹਨਾਂ ਦੇ ਹੱਲ ਸਮਝਾਏ। ਉਹ ਜਿੱਥੇ ਵੀ ਗਏ, ਉੱਥੋਂ ਦੀ ਲੋਕ ਬੋਲੀ ਵਿੱਚ ਉਹਨਾਂ ਨਾਲ ਵਿਚਾਰਾਂ ਕੀਤੀਆਂ। ਉਹਨਾਂ ਅੰਦਰ ਸੱਚ ਕਹਿਣ ਦੀ ਦਲੇਰੀ ਸੀ। ਜੋ ਸੱਚ ਦੀ ਜੋਤ ਉਹਨਾਂ ਦੇ ਅੰਦਰ ਲਟ-ਲਟ ਬਲ ਰਹੀ ਸੀ। ਉਸ ਦੀ ਲੋਅ ਉਹਨਾਂ ਦੇ ਚਿਹਰੇ ਤੇ ਪ੍ਰਤੱਖ ਪ੍ਰਗਟ ਹੁੰਦੀ ਸੀ।
ਗੁਰੂ ਨਾਨਕ ਦੇਵ ਜੀ ਨੇ ਮੌਲਵੀਆਂ, ਫ਼ਕੀਰਾਂ, ਹਾਜ਼ੀਆਂ, ਕਾਜ਼ੀਆਂ, ਪੰਡਿਤਾਂ, ਜੋਗੀਆਂ, ਸੰਨਿਆਸੀਆਂ, ਸਿੱਧਾਂ ਨਾਲ ਜਿਹੜੀ ਵਿਚਾਰ ਚਰਚਾ ਕੀਤੀ, ਉਸ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਸਭ ਮੱਤਾਂ, ਦੀਨਾਂ ਤੇ ਧਰਮਾਂ ਬਾਰੇ ਡੂੰਘੀ ਜਾਣਕਾਰੀ ਸੀ।
           ਗੁਰੂ ਨਾਨਕ ਸਾਹਿਬ ਨੇ ਆਪਣੇ ਆਪ ਨੂੰ ਕਦੇ ਵੀ ਅਵਤਾਰ ਨਹੀਂ ਮੰਨਿਆ। ਉਹ ਹਮੇਸ਼ਾਂ ਹੀ ਆਪਣੇ ਆਪ ਨੂੰ ਮਨੁੱਖ ਮਾਤਰ ਹੀ ਮੰਨਦੇ ਸਨ। ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਨੂੰ ‘ਗੁਰਮੁਖਿ’ ਕਹਿ ਕੇ ਪੁਕਾਰਿਆ ਹੈ।
     ‌ ‌        ਗੁਰਮੁਖਿ ਕਲਿ ਵਿਚਿ ਪਰਗਟੁ ਹੋਆ॥
                              ( ਵਾਰ ੧, ਪਉੜੀ ੨੮)
    ਗੁਰੂ ਨਾਨਕ ਦੇਵ ਜੀ ਦੇ ਪਰਿਵਾਰ ਬਾਰੇ ਜਾਣਕਾਰੀ ਦੇਣੀ ਵੀ ਜ਼ਰੂਰੀ ਸਮਝਦਾ ਹਾਂ। ਮਾਤਾ-ਤ੍ਰਿਪਤਾ ਜੀ, ਪਿਤਾ-ਸ਼੍ਰੀ ਕਾਲੂ ਰਾਮ ਜੀ ਬੇਦੀ, ਮਹਿਤਾ ਕਾਲੂ ਜੀ, ਦਾਦਾ-ਸੇਵਾ ਰਾਮ ਜੀ, ਦਾਦੀ-ਬਨਾਰਸੀ ਮਾਤਾ ਜੀ, ਨਾਨੀ-ਭਰਾਈ ਜੀ, ਨਾਨਾ-ਰਾਮਾ ਜੀ, ਸੱਸ-ਚੰਦੂ ਰਾਣੀ, ਸਹੁਰਾ-ਚੁੰਨੀ ਮੱਲ ਜੀ, ਮਾਮਾ-ਸ਼੍ਰੀ ਕਿਸ਼ਨ, ਭੈਣ-ਬੇਬੇ ਨਾਨਕੀ ਜੀ, ਜੀਜਾ-ਜੈ ਰਾਮ, ਜੀਜਾ ਦੇ ਪਿਤਾ-ਸ਼੍ਰੀ ਪਰਮਾਨੰਦ ਪਲਤਾ, ਚਾਚਾ -ਲਾਲੂ ਬੇਦੀ ਜੀ, ਪਤਨੀ- ਸੁਲੱਖਣੀ, ਬਚਪਨ ਦਾ ਨਾਂ ਕੁੰਮੀ, ਤਾਈ- ਦੌਲਤਾਂ, ਮਾਸੀ- ਲੱਖੋ, ਮਾਸੀ ਦੇ ਪੁੱਤਰ-ਬਾਬਾ ਲਾਲ ਦਿਆਲ ਧਵਨ ਜੀ, ਧਿਆਨਪੁਰ ਵਾਲੇ, ਪੁੱਤਰ- ਸ਼੍ਰੀ ਚੰਦ, ਲਖਮੀ ਚੰਦ/ਦਾਸ, ਲਾਗੀ-ਨਿੱਧਾ ਬ੍ਰਾਹਮਣ, ਬਾਲੇ ਦਾ ਪਿਤਾ-ਚੰਦਰ ਭਾਨ, ਮਰਦਾਨਾ ਦਾ ਪਿਤਾ-ਪਾਖਰ ਮਰਾਸੀ ਭੱਟ, ਤੁਲਸ਼ਾ-ਨਾਨਕੀ ਦੀ ਨੌਕਰਾਣੀ, ਰਾਏ ਬੁਲਾਰ-ਸੱਚਾ ਸੇਵਕ ਤਲਵੰਡੀ, ਨਾਨਕੇ-ਪਿੰਡ: ਚਾਹਲ ਜ਼ਿਲ੍ਹਾ ਲਾਹੌਰ।
       ਗੁਰੂ ਨਾਨਕ ਸਾਹਿਬ ਦਾ ਮਨ ਹਰ ਸਮੇਂ ਕਰਤਾਰ ਦੇ ਚਿੰਤਨ ਵਿੱਚ ਲੀਨ ਰਹਿੰਦਾ ਸੀ। ਘਰ ਦੇ ਕੰਮ-ਕਾਰ ਵੱਲ ਧਿਆਨ ਨਹੀਂ ਦਿੰਦੇ ਸਨ। ਪਿਤਾ ਕਾਲੂ ਰਾਮ ਜੀ ਬੇਦੀ ਦੀ ਇੱਛਾ ਸੀ ਕਿ ਘਰ ਦੇ ਕੰਮਾਂ ਵਿੱਚ ਨਾਨਕ ਲੱਗੇ। ਇੱਕ ਵਾਰ 20 ਰੁਪਏ ਦੇ ਕੇ ਆਪ ਨੂੰ ਖਰਾ ਸੌਦਾ ਕਰਨ ਲਈ ਭੇਜਿਆ। ਰਸਤੇ ਵਿੱਚ ਕਈ ਦਿਨਾਂ ਦੇ ਭੁੱਖੇ ਸਾਧੂ ਮਿਲੇ ਤਾਂ ਬਾਬਾ ਨਾਨਕ ਨੇ ਉਹ ਵੀਹ ਰੁਪਏ ਭੁੱਖੇ ਸਾਧੂਆਂ ਤੇ ਖ਼ਰਚ ਦਿੱਤੇ। ਜਦ ਘਰ ਵਾਪਸ ਆਏ ਤਾਂ ਪਿਤਾ ਜੀ ਬਹੁਤ ਗੁੱਸੇ ਹੋਏ। ਇਹ ਦੇਖ ਕੇ ਰਾਇ ਬੁਲਾਰ ਜੋ ਤਲਵੰਡੀ ਦਾ ਸਰਦਾਰ ਸੀ, ਉਸ ਦਾ ਨਿਸ਼ਚਾ ਸੀ ਕਿ ਨਾਨਕ ਦੇਵ ਪੂਰਨ ਬ੍ਰਹਮ-ਗਿਆਨੀ ਸੰਤ ਹਨ, ਉਹ ਪਿਤਾ ਕਾਲੂ ਰਾਮ ਦਾ ਨਾਨਕ ਨੂੰ ਝਿੜਕਣਾ ਦੇਖ ਕੇ ਬਹੁਤ ਦੁਖੀ ਹੋਇਆ। ਉਸ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੂੰ ਸੁਲਤਾਨਪੁਰ ਲੋਧੀ ਬੀਬੀ ਨਾਨਕੀ ਕੋਲ ਭੇਜ ਦਿੱਤਾ ਜਾਵੇ ਤਾਂ ਕਿ ਗੁਰੂ ਜੀ ਦੀ ਭਜਨ-ਬੰਦਗੀ ਵਿੱਚ ਵਿਘਨ ਨਾ ਪਵੇ। ਸੰਨ 1484 ਈ: ਵਿੱਚ ਬੀਬੀ ਨਾਨਕੀ (ਬੇਬੇ ਨਾਨਕੀ) ਦਾ ਪਤੀ ਜੈ ਰਾਮ ਆਪ ਨੂੰ ਸੁਲਤਾਨਪੁਰ ਲੋਧੀ ਲੈ ਗਿਆ। ਗੁਰੂ ਨਾਨਕ ਜੀ ਨੇ ਸੰਨ 1485 ਈ: ਨੂੰ ਦੌਲਤ ਖਾਂ ਦਾ ਮੋਦੀਖਾਨਾ ਸਾਂਭਿਆ। 24 ਜੇਠ ਸੰਮਤ 1544 ਸੰਨ 1487 ਈ: ਨੂੰ ਆਪ ਦਾ ਵਿਆਹ ਮੂਲ ਚੰਦ ਦੀ ਸਪੁੱਤਰੀ ਬੀਬੀ ਸੁਲੱਖਣੀ ਨਾਲ ਹੋਇਆ। ਆਪ ਦੇ ਘਰ ਦੋ ਪੁੱਤਰਾਂ ਬਾਬਾ ਸ਼੍ਰੀ ਚੰਦ ਜੀ ਅਤੇ ਲਖਮੀ ਦਾਸ ਨੇ ਜਨਮ ਲਿਆ।
ਗੁਰੂ  ਨਾਨਕ ਦੇਵ ਜੀ ਨੇ ਦੇਸ਼-ਵਿਦੇਸ਼ ਦੀ ਯਾਤਰਾ ਤੋਂ ਬਾਅਦ ਲਾਹੌਰ, ਸਿਆਲਕੋਟ ਆਦਿ ਥਾਵਾਂ ਤੋਂ ਹੁੰਦੇ ਹੋਏ ਦਰਿਆ ਰਾਵੀ ਦੇ ਕੰਢੇ ਨਵੇਂ ਨਗਰ ਦੀ ਨੀਂਹ ਰੱਖੀ ਜਿਸ ਦਾ ਨਾਮ ਰੱਖਿਆ ‘ਕਰਤਾਰਪੁਰ’। ਗੁਰੂ ਨਾਨਕ ਦੇਵ ਜੀ ਨੇ ਇਸ ਸਮੇਂ ਮਾਤਾ-ਪਿਤਾ ਸਮੇਤ ਸਾਰਾ ਪਰਿਵਾਰ ਤਲਵੰਡੀ ਤੋਂ ਕਰਤਾਰਪੁਰ ਆਪਣੇ ਕੋਲ ਹੀ ਸੱਦ ਲਿਆ ਸੀ। ਆਪ 18 ਸਾਲ ਲਗ-ਪਗ ਇੱਥੇ ਹੀ ਰਹੇ। ਇਸੇ ਸਮੇਂ ਦੌਰਾਨ ਆਪ ਨੇ ਜਪੁਜੀ ਸਾਹਿਬ ਤੇ ਹੋਰ ਸ਼ਬਦ, ਸਲੋਕ ਆਦਿ ਬਾਣੀਆਂ ਨੂੰ ਭਾਈ ਲਹਿਣਾ ਜੀ ਦੇ ਹੱਥੀਂ ਕ੍ਰਮਵਾਰ ਕਰਕੇ ਨਵੇਂ ਸਿਰੇ ਤੋਂ ਤਰਤੀਬ ਦਿੱਤੀ। ਗੁਰੂ ਨਾਨਕ ਦੇਵ ਜੀ ਦੀਆਂ ਜਪੁਜੀ, ਸਿਧ ਗੋਸਟਿ, ਆਸਾ ਕੀ ਵਾਰ, ਬਾਰਹਮਾਹਾ ਰਾਗ ਤੁਖਾਰੀ, ਪਟੀ, ਮਾਝ ਤੇ ਮਲਾਰ ਦੀ ਵਾਰ ਪ੍ਰਮੁੱਖ ਬਾਣੀਆਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 974 ਸ਼ਬਦ 19 ਰਾਗਾਂ ਵਿੱਚ ਦਰਜ ਹਨ। ਜਿਵੇਂ ਮੂਲ-ਮੰਤਰ ਨੂੰ ‘ਜਪੁ’ ਬਾਣੀ ਦਾ ਸਾਰੰਸ਼ ਸਮਝਿਆ ਜਾਂਦਾ ਹੈ, ਤਿਵੇਂ ਹੀ ਜਪੁ ਬਾਣੀ ਨੂੰ ਸਮੁੱਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੱਤ ਸਾਰ ਪਰਵਾਨਿਆ ਗਿਆ ਹੈੋ। ਜਪੁ ਬਾਣੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸਰਵੋਤਮ ਤੇ ਸ਼ਾਹਕਾਰ ਰਚਨਾ ਹੈ, ਜਿਸ ਦਾ ਰੋਜ਼ਾਨਾ ਅੰਮ੍ਰਿਤ ਵੇਲੇ ਗੁਰਦੁਆਰਿਆਂ ਵਿੱਚ ਪਾਠ ਕੀਤਾ ਜਾਂਦਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦਾ ਮੁੱਢ ਬੰਨ੍ਹ ਕੇ 22 ਸਤੰਬਰ ਸੰਨ 1539 ਈ: ਨੂੰ 70 ਸਾਲ 4 ਮਹੀਨੇ 3 ਦਿਨ ਦੀ ਉਮਰ ਬਤੀਤ ਕਰਕੇ ਕਰਤਾਰਪੁਰ (ਪਾਕਿਸਤਾਨ) ਵਿਖੇ ਜੋਤੀ ਜੋਤਿ ਸਮਾ ਗਏ।
    ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 554ਵਾਂ ਪ੍ਰਕਾਸ਼ ਪੁਰਬ ਅੱਜ 27 ਨਵੰਬਰ ਨੂੰ ਸਿੱਖ ਜਗਤ ਵਿੱਚ ਬੜੇ ਸ਼ਰਧਾ, ਪ੍ਰੇਮ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕਣ ਦਾ ਉਪਦੇਸ਼ ਦਿੱਤਾ। ਗੁਰੂ ਜੀ ਨੇ 20 ਰੁਪਏ ਦਾ ਲੰਗਰ ਭੁੱਖੇ ਸਾਧੂਆਂ ਨੂੰ ਬਿਨ੍ਹਾਂ ਭੇਦ-ਭਾਵ ਦੇ ਛਕਾਇਆ। ਗੁਰੂ ਜੀ ਵੱਲੋਂ ਚਾਲੂ ਕੀਤਾ ਗਿਆ ਲੰਗਰ ਹੀ ਅੱਜ ਵੀ ਗੁਰਦੁਆਰਿਆਂ ਵਿੱਚ ਵਰਤਾਇਆ ਜਾ ਰਿਹਾ ਹੈ। ਇਸ ਲਈ ਗੁਰੂ ਕਾ ਲੰਗਰ ਵਿੱਚ ਗ਼ਰੀਬ ਜਾਂ ਨੀਚ ਜਾਤ ਨਾਲ ਘਿਰਣਾ ਨਾ ਕਰੋ, ਉਸ ਨੂੰ ਬਰਾਬਰ ਪੰਗਤ ਵਿੱਚ ਬਿਠਾ ਕੇ ਲੰਗਰ ਛਕਾਉ।
      ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ ਤੇ ਪ੍ਰਣ ਕਰੀਏ ਕਿ ਗੁਰੂ ਸਾਹਿਬਾਨ ਵੱਲੋਂ ਦਰਸਾਏ ਰਸਤੇ ਤੇ ਚੱਲਦਿਆਂ ਕਿਰਤ ਕਰਨ, ਵੰਡ ਛਕਣ ਅਤੇ ਨਾਮ ਜਪਣ ਦੇ ਸਿਧਾਂਤ ਵਿੱਚ ਪ੍ਰਪੱਕ ਹੋਵਾਂਗੇ। ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਾਂਗੇ। ਨਸ਼ਿਆਂ ਦਾ ਤਿਆਗ ਕਰਾਂਗੇ ਅਤੇ ਵਹਿਮਾਂ-ਭਰਮਾਂ ਵਿੱਚੋਂ ਸਮਾਜ ਨੂੰ ਬਾਹਰ ਕੱਢਾਂਗੇ। ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ’ਤੇ ਗੁੁਰੂ ਜੀ ਦਾ ਜੀਵਨ, ਉਪਦੇਸ਼, ਸੰਦੇਸ਼ ਘਰ-ਘਰ ਪਹੁੰਚਾਇਆ ਜਾਵੇ ਤਾਂ ਕਿ ਗੁਰੂ ਜੀ ਦੀ ਸਿੱਖਿਆ ਸਾਡੇ ਮਨਾਂ ਵਿੱਚ ਵਸੇ। ਸਰਬੱਤ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ।