ਕਾਮਰੇਡ ਅੰਮ੍ਰਿਤਪਾਲ ਦੇ ਸ਼ਰਧਾਂਜਲੀ ਸਮਾਗਮ ‘ਚ ਫਿਲਿਸਤੀਨੀ ਲੋਕਾਂ ਦੇ ਹੱਕ ਵਿੱਚ ਆਵਾਜ਼ ਉੱਠੀ

ਲੁਧਿਆਣਾ, 3 ਦਸੰਬਰ (ਟੀ. ਕੇ. ) ਇਨਕਲਾਬੀ ਕੇਂਦਰ ਪੰਜਾਬ, ਇਨਕਲਾਬੀ ਮਜ਼ਦੂਰ ਕੇਂਦਰ, ਜਮਹੂਰੀ ਅਧਿਕਾਰ ਸਭਾ ਪੰਜਾਬ, ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਲੁਧਿਆਣਾ, ਨੌਜਵਾਨ ਸਭਾ ਐਲ ਬਲਾਕ ਭਾਈ ਰਣਧੀਰ ਸਿੰਘ ਨਗਰ ਲੁਧਿਆਣਾ ਵੱਲੋਂ ਕਾਮਰੇਡ ਅੰਮ੍ਰਿਤਪਾਲ ਪੀ. ਏ. ਯੂ. ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਅਤੇ ਸੈਮੀਨਾਰ ਕਰਵਾਇਆ ਗਿਆ। ਇਸ ਸਮਾਗਮ ਵਿੱਚ ਜਮਹੂਰੀ ਅਧਿਕਾਰ ਸਭਾ ਦੇ ਆਗੂ ਅਤੇ ਸਮਾਜ ਚਿੰਤਕ ਬੂਟਾ ਸਿੰਘ ਮਹਿਮੂਦਪੁਰ ਨੇ ਮੁੱਖ ਬੁਲਾਰੇ ਵਜੋਂ ਸੰਬੋਧਨ ਕੀਤਾ।
ਕਾਮਰੇਡ ਅਮ੍ਰਿਤਪਾਲ ਨੂੰ ਪਰਿਵਾਰ ਅਤੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਅਤੇ ਇਨਕਲਾਬੀ ਗੀਤਾਂ ਰਾਹੀਂ ਸ਼ਰਧਾਜਲੀ ਭੇਂਟ ਕਰਨ ਉਪਰੰਤ “ਸਾਮਰਾਜੀ ਜੰਗਾਂ ਤੇ ਫਲਸਤੀਨ ਉੱਤੇ ਅਮਰੀਕਾ -ਇਜਰਾਇਲ ਦਾ ਹਮਲਾ” ਵਿਸ਼ੇ ਤੇ ਗੱਲ-ਬਾਤ ਕਰਦਿਆਂ ਬੂਟਾ ਸਿੰਘ ਨੇ ਕਿਹਾ ਫਿਲਿਸਤੀਨੀ ਲੋਕਾਂ ਉੱਤੇ ਹਮਲਾ ਸਾਮਰਾਜੀ ਦੇਸ਼ਾਂ ਦੀ ਆਪਸੀ ਖਿੱਚੋਤਾਣ ਦਾ ਨਤੀਜਾ ਹੈ ਤੇ ਇਜਰਾਇਲ ਨੂੰ ਅਮਰੀਕੀ ਸਾਮਰਾਜ ਦੀ ਪੂਰੀ ਸਹਿ ਪ੍ਰਾਪਤ ਹੈ। ਇਸ ਹਮਲੇ ਦਾ ਸਭ ਤੋਂ ਜਾਲਮ ਪੱਖ ਇਹ ਰਿਹਾ ਕਿ ਇਜ਼ਰਾਇਲ ਨੇ ਇਸ ਹਮਲੇ ਵਿੱਚ ਫੌਜੀ ਟਿਕਾਣਿਆਂ ਦੀ ਥਾਂ ਸਕੂਲਾਂ, ਹਸਪਤਾਲਾਂ ਨੂੰ ਨਿਸ਼ਾਨਾ ਬਣਾ ਕੇ ਛੋਟੇ ਬੱਚਿਆਂ ਅਤੇ ਔਰਤਾਂ ਨੂੰ ਨਿਸ਼ਾਨਾ ਬਣਾਇਆ ਅਤੇ ਫਿਲਿਸਤੀਨੀ ਲੋਕਾਂ ਦੀ ਨਸਲਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਆਉਣ ਵਾਲੀਆਂ ਨਸਲਾਂ ਨੂੰ ਨਿਸ਼ਾਨਾ ਬਣਾਉਣਾ ਵਹਿਸ਼ੀਪੁਣੇ ਦੀ ਹੱਦ ਹੈ। ਸਾਮਰਾਜੀ ਮੁਲਕ ਆਪਣੇ ਤੋਂ ਛੋਟੇ ਮੁਲਕਾਂ ਨੂੰ ਨਿਸ਼ਾਨਾ ਬਣਾ ਕੇ ਉਥੋਂ ਦੀ ਮੰਡੀ ਅਤੇ ਕੁਦਰਤੀ ਸੋਮਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਉਹਨਾਂ ਕਿਹਾ ਅਜਿਹੇ ਹਮਲਿਆਂ ਨੂੰ ਦੱਬੇ ਕੁਚਲੇ ਲੋਕਾਂ ਦਾ ਏਕਾ ਹੀ ਠੱਲ ਪਾ ਸਕਦਾ ਹੈ ਜਿਸ ਤਰਾਂ ਮੋਦੀ ਹੁਕੂਮਤ ਨੂੰ ਕਿਸਾਨਾਂ ਅਤੇ ਲੋਕਾਂ ਦੇ ਅੰਦੋਲਨ ਅੱਗੇ ਝੁਕਦਿਆਂ ਖੇਤੀ ਕਾਨੂੰਨ ਵਾਪਸ ਲੈਣੇ ਪਏ ਇਸੇ ਤਰਾਂ ਮਿਹਨਤਕਸ਼ ਲੋਕਾਂ ਦਾ ਏਕਾ ਹੀ ਇਹਨਾਂ ਹਮਲਿਆਂ ਨੂੰ ਰੋਕ ਸਕਦਾ ਹੈ। ਸੈਮੀਨਾਰ ਤੋਂ ਮਗਰੋਂ ਫਿਲਿਸਤੀਨੀ ਲੋਕਾਂ ਦੇ ਹੱਕ ਵਿੱਚ ਸਾਮਰਾਜੀ ਦੇਸ਼ਾਂ ਵੱਲੋਂ ਜੰਗਾਂ ਦਾ ਮਾਹੌਲ ਸਿਰਜਣ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਕਾਮਰੇਡ ਅੰਮ੍ਰਿਤਪਾਲ ਦੀ ਪਤਨੀ ਮਧੂ, ਬੇਟੀਆਂ ਮੀਨੂੰ ਅਤੇ ਨਿਸ਼ਾ ਸਮੇਤ ਵੱਖ-ਵੱਖ ਜੱਥੇਬੰਦੀਆਂ ਵੱਲੋਂ ਡਾ. ਮੋਹਣ, ਕੰਵਲਜੀਤ ਖੰਨਾ, ਰਾਕੇਸ਼ ਆਜ਼ਾਦ, ਮਾਸਟਰ ਭਜਨ ਕੈਨੇਡਾ , ਕਰਨਲ ਜਗਦੀਸ਼ ਬਰਾੜ, ਜਸਵੰਤ ਜ਼ੀਰਖ, ਸੁਰਿੰਦਰ, ਰਵਿਤਾ, ਕਰਮਜੀਤ ਸਿੰਘ ਆਦਿ ਹਾਜਰ ਸਨ