ਨੌਜਵਾਨ ,ਸੜਕ ਹਾਦਸੇ ਤੇ ਬਚਾਅ

ਭਾਰਤ ਸਰਕਾਰ ਦੇ ਸੜਕ ਆਵਾਜਾਈ ਅਤੇ ਰਾਜਮਾਰਗ ਦੁਆਰਾ ਤਾਜ਼ਾ ਜਾਰੀ ਕੀਤੀ ਰਿਪੋਰਟ ਰੋੜ ਐਕਸੀਡੈਂਟਸ ਇਨ ਇੰਡੀਆ -2022 ਅਨੁਸਾਰ ਪਿਛਲੇ ਸਾਲਾਂ ਨਾਲੋਂ 2022 ਦੇ ਸੜਕ ਹਾਦਸਿਆਂ ਵਿੱਚ 11.9 ਫੀਸਦੀ ਦਾ ਵਾਧਾ ਹੋਇਆ ਹੈ।ਇਹ ਹੈਰਾਨ ਕਰਨ ਵਾਲੇ ਅੰਕੜੇ ਹਨ। ਇਹਨਾਂ ਸੜਕ ਹਾਦਸਿਆਂ ਵਿੱਚ ਸ਼ਿਕਾਰ ਹੋਣ ਵਾਲੇ ਵਧੇਰੇ ਨੌਜਵਾਨ ਹਨ, ਆਉ ਇਹਨਾਂ ਸੜਕ ਹਾਦਸਿਆਂ ਦੇ ਕੁਝ ਕਾਰਨਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ।

ਰੋਜ਼ਾਨਾ ਹੋਣ ਵਾਲੇ ਸੜਕ ਹਾਦਸਿਆਂ ਵਿੱਚ ਨੌਜਵਾਨਾਂ ਦੀਆਂ ਲਾਪਰਵਾਹੀਆਂ ਨਜ਼ਰ ਆਉਂਦੀਆਂ ਹਨ ।ਪਿਛਲੇ ਦਿਨੀਂ ਦੋ ਅਜਿਹੀਆਂ ਘਟਨਾਵਾਂ ਵਾਪਰੀਆਂ ਜ਼ੋ ਨੌਜਵਾਨਾਂ ਦੀ ਲਾਪਰਵਾਹੀ ਨੂੰ ਉਜ਼ਾਗਰ ਕਰਦੀਆਂ ਹਨ। ਪਹਿਲੀ ਘਟਨਾ

ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸਾਰਚੂਰ ਵਿੱਚ ਵਾਪਰੀ ਜਿਸ ਵਿੱਚ ਮੇਲੇ ਦੌਰਾਨ ਸੁਖਮਨਦੀਪ ਦੀ ਟਰੈਕਰ ਨਾਲ ਸਟੰਟ ਕਰਨ ਦੇ ਦੌਰਾਨ ਮੌਤ ਹੋ ਗਈ ।ਦੂਜੀ ਘਟਨਾਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਹੈ, ਜਿਥੇ ਰੇਲਵੇ ਫਾਟਕ ਤੇ ਤਾਇਨਾਤ ਦੋ ਸਕਿਉਰਟੀ ਗਾਰਡ ਇੰਜਣ ਦੇ ਹੇਠਾਂ ਆਉਣ ਕਰਕੇ ਮੌਤ ਦੇ ਮੂੰਹ ਵਿੱਚ ਚਲੇ ਗਏ। ਜਦੋਂ ਇਸ ਘਟਨਾ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚ ਪਤਾ ਲੱਗਿਆ ਕਿ ਇਹ ਦੋਵੇਂ ਨੌਜਵਾਨ ਰੇਲਵੇ ਟਰੈਕ ਤੇ ਟਹਿਲ ਰਹੇ ਸਨ,ਕੰਨਾਂ ਦੇ ਵਿੱਚ ਈਅਰਫ਼ੋਨ ਲੱਗੇ ਹੋਣ ਕਰਕੇ ਉਹਨਾਂ ਨੂੰ ਇੰਜਣ ਦੀ ਆਵਾਜ਼ ਸੁਣਾਈ ਨਹੀਂ ਦਿੱਤੀ ਅਤੇ ਨਤੀਜੇ ਵਜੋਂ ਉਹ ਹਾਦਸੇ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿੱਚ ਚਲੇ ਗਏ।ਇਹ ਦੋ ਘਟਨਾਵਾਂ ਹੀ ਨਹੀਂ ਹਰ ਰੋਜ਼ ਹਜ਼ਾਰਾਂ ਘਟਨਾਵਾਂ ਸੁਣਨ ਅਤੇ ਪੜ੍ਹਨ ਨੂੰ ਮਿਲਦੀਆਂ ਹਨ ਜ਼ੋ ਸਾਡੀ ਲਾਪਰਵਾਹੀ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਾਰਨ ਵਾਪਰਦੀਆਂ ਹਨ।

ਇਹਨਾਂ ਸੜਕ ਹਾਦਸਿਆਂ ਦੀ ਪੜਚੋਲ ਕਰਨ ਤੇ ਜਿਹੜੇ ਕਾਰਨ ਸਾਹਮਣੇ ਆਉਂਦੇ ਹਨ ਉਹਨਾਂ ਨੂੰ ਹੇਠ ਲਿਖੇ ਅਨੁਸਾਰ ਵੰਡਿਆ ਜਾ ਸਕਦਾ ਹੈ।

ਟ੍ਰੈਫਿਕ ਨਿਯਮਾਂ ਦੀ ਉਲੰਘਣਾ - ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਜਿਥੇ ਜ਼ਿੰਦਗੀ ਨੂੰ ਬਚਾਉਣ ਲਈ ਜ਼ਰੂਰੀ ਹੈ ਉਥੇ ਟ੍ਰੈਫਿਕ ਨਿਯਮਾਂ ਨੂੰ ਅਣਗੋਲਿਆਂ ਕਰਕੇ ਸੜਕ ਹਾਦਸਿਆਂ ਦਾ ਸ਼ਿਕਾਰ ਹੋਣਾ ਆਪਣੇ ਪੈਰ ਤੇ ਆਪ ਕੁਹਾੜਾ ਮਾਰਨ ਦੇ ਬਰਾਬਰ ਹੈ।ਦੱਸੀ ਗਈ ਸਪੀਡ ਤੋਂ ਜ਼ਿਆਦਾ ਚਲਾਉਣਾ, ਸੜਕਾਂ ਤੇ ਦਿੱਤੇ ਸੰਕੇਤਾਂ ਦੀ ਪਾਲਣਾ ਨਾ ਕਰਨਾ, ਵਾਹਨ ਢੋਹਨ ਵਾਲੇ ਵਾਹਨਾਂ ਵਿੱਚ ਓਵਰਲੋਡਿੰਗ, ਗ਼ਲਤ ਤਰੀਕੇ ਨਾਲ਼ ਕੀਤੀ ਓਵਰਟੇਕਿਗ ਸਾਡੀ ਹੀ ਨਹੀਂ ਦੂਜਿਆਂ ਦੀ ਜ਼ਿੰਦਗੀ ਨੂੰ ਵੀ ਖ਼ਤਰੇ ਵਿੱਚ ਪਾ ਦਿੰਦੇ ਹਨ। 

ਨਸ਼ਾ ਤੇ ਡਰਾਇਵਰੀ - ਨਸ਼ਾ ਚਾਹੇ ਕੋਈ ਵੀ ਹੋਵੇ ਨਸ਼ੇ ਅਤੇ ਡਰਾਇਵਰੀ ਦਾ ਆਪਸ ਵਿੱਚ ਕੋਈ ਮੇਲ ਨਹੀਂ। ਨਸ਼ੇ ਵਾਲਾ ਵਿਅਕਤੀ ਆਪਣੇ ਆਪ ਨੂੰ ਤਾਂ ਸੰਭਾਲ਼ ਨਹੀਂ ਸਕਦਾ, ਆਪਣਾ ਵਾਹਨ ਕਿਸ ਤਰ੍ਹਾਂ ਸੰਭਾਲੇਗਾ।ਵਾਹਨ ਚਲਾਉਂਦੇ ਸਮੇਂ ਜੋਸ਼ ਦੇ ਨਾਲ਼ ਨਾਲ਼ ਹੋਸ਼ ਦਾ ਵੀ ਹੋਣਾ ਬਹੁਤ ਜ਼ਰੂਰੀ ਹੈ।

ਲਾਇਸੰਸ ਦੀ ਪ੍ਰਾਪਤੀ - ਸੜਕਾਂ ਤੇ ਅਸੀਂ ਅਕਸਰ ਛੋਟੇ ਛੋਟੇ ਬੱਚਿਆਂ ਨੂੰ ਮੋਟਰਸਾਈਕਲ ਜਾਂ ਸਕੂਟਰ ਚਲਾਉਂਦੇ ਦੇਖਦੇ ਹਾਂ,ਇਹ ਪਿੰਡਾਂ ਵਿੱਚ ਟ੍ਰੈਕਟਰ ਚਲਾਉਂਦੇ ਵੀ ਨਜ਼ਰ ਆਉਂਦੇ ਹਨ। ਬੱਚੇ ਦੇ ਪੈਰ ਤਾਂ ਵਾਹਨ ਤੱਕ ਪਹੁੰਚ ਨਹੀਂ ਰਹੇ ਹੁੰਦੇ ਪ੍ਰੰਤੂ ਫ਼ਿਰ ਵੀ ਉਹ ਚਲਾ ਰਿਹਾ ਹੁੰਦਾ ਹੈ , ਅਜਿਹੇ ਸਮੇਂ ਉਸ ਦਾ ਸੜਕ ਹਾਦਸੇ ਦਾ ਸ਼ਿਕਾਰ ਹੋਣਾ ਤੈਅ ਹੈ।ਵਾਹਨ ਚਾਲਕ ਦਾ ਵਾਹਨ ਤੇ ਕੰਟਰੋਲ ਹੋਣਾ ਬਹੁਤ ਜ਼ਰੂਰੀ ਹੈ।ਵਾਹਨ ਚਾਲਕ ਕੋਲ ਸਬੰਧਤ ਵਾਹਨ ਚਲਾਉਣ ਦਾ ਪੂਰਾ ਤਜ਼ੁਰਬਾ ਜਾ ਯੋਗਤਾ ਹੋਣੀ ਚਾਹੀਦੀ ਹੈ ਕਿਉਂਕਿ ਅਧੂਰਾ ਗਿਆਨ,ਗਿਆਨ ਨਾ ਹੋਣ ਨਾਲੋਂ ਜ਼ਿਆਦਾ ਖਤਰਨਾਕ ਹੁੰਦਾ ਹੈ।

ਸੰਗੀਤ , ਮੋਬਾਇਲ ਅਤੇ ਈਅਰਫ਼ੋਨ ਦੀ ਵਰਤੋਂ - ਸੜਕ ਤੇ ਵਾਹਨ ਚਲਾਉਂਦੇ ਸਮੇਂ ਉੱਚੀ ਆਵਾਜ਼ ਵਿੱਚ ਸੰਗੀਤ ਵੀ ਸੜਕ ਹਾਦਸਿਆਂ ਦੇ ਮੁੱਖ ਕਾਰਨਾਂ ਵਿਚੋਂ ਇਕ ਹੈ।ਗੀਤ ਵਿਚ ਮਸਤ ਚਾਲਕ ਨੂੰ ਪਿੱਛੋਂ ਆ ਰਹੇ ਵਾਹਨਾਂ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ ਨਤੀਜੇ ਵਜੋਂ ਉਹ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ।ਚਲਦੀ ਗੱਡੀ ਵਿੱਚ ਹੀ ਫੋਨ ਆਉਣ ਕਰਕੇ ਡਰਾਈਵਿੰਗ ਕਰਦੇ ਸਮੇਂ ਹੀ ਮੋਬਾਇਲ ਫ਼ੋਨ ਦੀ ਵਰਤੋਂ ਕਿਸੇ ਭਿਆਨਕ ਸੜਕ ਹਾਦਸਾ ਨੂੰ ਬੁਲਾਵਾ ਦੇ ਸਕਦੀ ਹੈ।ਇਸ ਦੇ ਨਾਲ਼ ਨਾਲ਼ ਕੰਨਾਂ ਵਿੱਚ ਲਗਾਏ ਜਾਂਦੇ ਈਅਰਫ਼ੋਨ ਜਿਥੇ ਕੰਨਾਂ ਦੀ ਸੁਣਨ ਸ਼ਕਤੀ ਨੂੰ ਪ੍ਰਭਾਵਿਤ ਕਰਦੇ ਹਨ ਉਥੇ ਸੜਕ ਹਾਦਸਿਆਂ ਨੂੰ ਵੀ ਸੱਦਾ ਦਿੰਦੇ ਹਨ।

 

ਇਹਨਾਂ ਹਾਦਸਿਆਂ ਦੇ ਬਚਾਅ ਲਈ ਕੁਝ ਨੁਕਤੇ ਹੇਠ ਲਿਖੇ ਅਨੁਸਾਰ ਹਨ।

1.ਮਾ ਬਾਪ ਦਾ ਇਹ ਫਰਜ਼ ਬਣਦਾ ਹੈ ਕਿ ਜਿਹਨਾਂ ਸਮਾਂ ਬੱਚਾ ਬਾਲਗ ਨਾ ਹੋਵੇ,ਉਸ ਕੋਲ ਕਾਰ, ਮੋਟਰਸਾਈਕਲ ਜਾਂ ਕੋਈ ਹੋਰ ਵਾਹਨ ਚਲਾਉਣ ਲਈ ਯੋਗਤਾ ਦਾ ਲਾਇਸੰਸ ਨਾ ਹੋਵੇ ਤਾਂ ਉਸ ਨੂੰ ਵਾਹਨ ਚਲਾਉਣ ਦੀ ਆਗਿਆ ਨਾ ਦਿੱਤੀ ਜਾਵੇ। ਮਾਪਿਆਂ ਦੁਆਰਾ ਕੀਤੀ ਲਾਪਰਵਾਹੀ ਬੱਚਿਆਂ ਨੂੰ ਮੌਤ ਦੇ ਮੂੰਹ ਵਿੱਚ ਭੇਜ ਸਕਦੀ ਹੈ।

2.ਸੜਕ ਤੇ ਤੁਰਨ ਸਮੇਂ ਜਾਂ ਕੋਈ ਵੀ ਵਾਹਨ ਚਲਾਉਂਦੇ ਸਮੇਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ।ਸੜਕ ਤੇ ਲੱਗੇ ਹੋਏ ਟ੍ਰੈਫਿਕ ਚਿੰਨ ਸਾਨੂੰ ਚੁਕੰਨੇ ਰੱਖਣ ਲਈ ਹੁੰਦੇ ਹਨ ਉਹਨਾਂ ਨੂੰ ਅਣਗੌਲਿਆਂ ਕਰਨਾ ਸੜਕ ਹਾਦਸਿਆਂ ਨੂੰ ਸੱਦਾ ਦੇਣ ਦੇ ਬਰਾਬਰ ਹੈ।

3.ਵਾਹਨ ਚਲਾਉਂਦੇ ਸਮੇਂ ਜੋਸ਼ ਦੇ ਨਾਲ ਨਾਲ ਹੋਸ਼ ਵੀ ਜ਼ਰੂਰੀ ਹੈ ਇਸ ਕਰਕੇ ਨਸ਼ਾ ਕਰਕੇ ਵਾਹਨ ਨਾ ਚਲਾਉ।

4਼ਵਾਹਨ ਨੂੰ ਓਵਰਲੋਡਿੰਗ ਕਦੇ ਨਾ ਕਰੋ,ਸਾਡਾ ਥੋੜਾ ਜਿਹਾ ਲਾਲਚ ਸਾਨੂੰ ਅਤੇ ਸਾਡੇ ਪਰਿਵਾਰ ਨੂੰ ਖ਼ਤਰੇ ਵਿੱਚ ਪਾ ਸਕਦਾ ਹੈ।ਇਸ ਕਰਕੇ ਓਵਰਲੋਡਿੰਗ ਤੋਂ ਪ੍ਰਹੇਜ਼ ਕਰੋ।

5.ਈਅਰਫੋਨ ਜਾਂ ਮੋਬਾਇਲ ਦੀ ਵਰਤੋਂ -ਵਾਹਨ ਚਲਾਉਂਦੇ ਸਮੇਂ ਉੱਚੀ ਆਵਾਜ਼ ਵਿੱਚ ਸੰਗੀਤ ਸੁਣਨ ਤੋਂ ਪ੍ਰਹੇਜ਼ ਕਰੋ।ਲੋੜ ਅਨੁਸਾਰ ਹੀ ਈਅਰਫ਼ੋਨ ਦੀ ਵਰਤੋਂ ਕਰੋ।ਸੜਕ ਤੇ ਚਲਦੇ ਸਮੇਂ ਜਾਂ ਡਰਾਇਵਿੰਗ ਕਰਦੇ ਸਮੇਂ ਮੋਬਾਇਲ ਫੋਨ ਜਾਂ ਈਅਰਫ਼ੋਨ ਦੀ ਵਰਤੋਂ ਨਾ ਕਰੋ।

ਅਸੀਂ ਦੁਨੀਆਂ ਲਈ ਸਿਰਫ਼ ਇੱਕ ਵਿਅਕਤੀ ਹਾਂ ਪਰੰਤੂ ਸਾਡੇ ਪਰਿਵਾਰ ਲਈ ਅਸੀਂ ਹੀ ਪੂਰੀ ਦੁਨੀਆ ਹਾਂ,ਇਸ ਕਰਕੇ ਵਾਹਨ ਚਲਾਉਂਦੇ ਸਮੇਂ ਟ੍ਰੈਫਿਕ ਨਿਯਮ ਦੀ ਪਾਲਣਾ ਕਰਕੇ ਹੀ ਅਸੀਂ ਆਪਣੀ ਅਤੇ ਦੂਜਿਆਂ ਦੀ ਕੀਮਤੀ ਜਾਨ ਬਚਾ ਸਕਦੇ ਹਾਂ।ਬਚਾਉ ਵਿੱਚ ਬਚਾਉ ਹੈ।

                       ਰਜਵਿੰਦਰ ਪਾਲ ਸ਼ਰਮਾ

                        ਪਿੰਡ ਕਾਲਝਰਾਣੀ

                       ਡਾਕਖਾਨਾ ਚੱਕ ਅਤਰ ਸਿੰਘ ਵਾਲਾ

                       ਤਹਿ ਅਤੇ ਜ਼ਿਲ੍ਹਾ-ਬਠਿੰਡਾ

                       7087367969