ਦਫਤਰੀ ਕਾਮਿਆਂ ਵੱਲੋਂ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਭਾਰੀ ਰੋਸ, ਜਾਰੀ ਹੜਤਾਲ 'ਚ 11 ਦਸੰਬਰ ਤੱਕ ਵਾਧਾ

ਚੋਣਾਂ ਤੋਂ ਪਹਿਲਾਂ ਵਿੱਤ ਮੰਤਰੀ ਚੀਮਾ ਨੇ, ਪੁਰਾਣੀ ਪੈਨਸ਼ਨ ਬਹਾਲੀ ਲਈ ਜੱਥੇਬੰਦੀ ਵਲੋਂ ਪਟਿਆਲਾ 'ਚ ਰੈਲੀ ਦੌਰਾਨ ਤੱਖਤੀ ਫੜ ਕੀਤੀ ਸੀ ਸ਼ਮੂਲੀਅਤ

 ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਪਹਿਲੀ ਕੈਬਨਿਟ ਮੀਟਿੰਗ 'ਚ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਕੀਤਾ ਸੀ ਵਾਅਦਾ
ਲੁਧਿਆਣਾ, 6 ਦਸੰਬਰ (ਟੀ. ਕੇ. ) -
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ (ਪੀ.ਐਸ.ਐਮ.ਐਸ.ਯੂ.) ਵੱਲੋਂ ਬੀਤੇ ਕੱਲ੍ਹ 5 ਦਸੰਬਰ ਨੂੰ ਕੈਬਨਿਟ ਸਬ-ਕਮੇਟੀ ਨਾਲ ਹੋਈ ਮੀਟਿੰਗ ਬੇਸਿੱਟਾ ਰਹੀ, ਜਿਸਦੇ ਚੱਲਦੇ ਕਲੈਰੀਕਲ ਕਾਮਿਆਂ ਵੱਲੋਂ ਜਾਰੀ ਹੜਤਾਲ ਵਿੱਚ 11 ਦਸੰਬਰ ਤੱਕ ਦਾ ਵਾਧਾ ਕਰ ਦਿੱਤਾ ਗਿਆ ਹੈ।
ਇਹ ਮੀਟਿੰਗ ਜੱਥੇਬੰਦੀ ਦੇ ਆਗੂਆਂ ਅਮਰੀਕ ਸਿੰਘ ਸੂਬਾ ਪ੍ਰਧਾਨ, ਪਿੱਪਲ ਸਿੰਘ ਸੂਬਾ ਜਨਰਲ ਸਕੱਤਰ, ਅਮਿਤ ਅਰੋੜਾ ਸੂਬਾ ਵਧੀਕ ਜਨਰਲ ਸਕੱਤਰ, ਅਨੁਜ ਕੁਮਾਰ ਵਿੱਤ ਸਕੱਤਰ, ਤਜਿੰਦਰ ਸਿੰਘ ਨੰਗਰ, ਮਨੋਹਰ ਲਾਲ, ਗੁਰਮੇਲ ਸਿੰਘ ਵਿਰਕ ਵੱਲੋਂ ਕੈਬਨਿਟ ਸਬ-ਕਮੇਟੀ ਦੇ ਮੈਂਬਰਾਂ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ, ਕੁਲਵੰਤ ਸਿੰਘ ਧਾਲੀਵਾਲ ਕੈਬਿਨਟ ਮੰਤਰੀ, ਕੇ.ਏ.ਪੀ. ਸਿਨਹਾ ਐਫ.ਸੀ.ਆਰ., ਵਿਵੇਕ ਪ੍ਰਤਾਪ ਪ੍ਰਸੋਨਲ ਸਕੱਤਰ ਦੇ ਨਾਲ ਕੀਤੀ ਗਈ।
 
ਆਗੂਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਜੋ ਵਾਅਦੇ ਕੀਤੇ ਗਏ ਸਨ ਉਹਨਾਂ ਨੂੰ ਪੂਰਾ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ ਗਈ ਹੈ.

ਕਾਬਿਲੇਗੌਰ ਹੈ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੁਰਾਣੀ ਪੈਨਸ਼ਨ ਬਹਾਲੀ ਲਈ ਪਟਿਆਲਾ ਵਿਖੇ ਕੀਤੀ ਗਈ ਰੈਲੀ ਵਿੱਚ ਖੁਦ ਸਟੇਜ 'ਤੇ ਤਖਤੀ ਫੜ੍ਹ ਕੇ ਸ਼ਮੂਲੀਅਤ ਕੀਤੀ ਸੀ ਅਤੇ ਕਿਹਾ ਸੀ ਕਿ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਪਹਿਲੀ ਕੈਬਨਿਟ ਮੀਟਿੰਗ ਵਿੱਚ ਪੁਰਾਣੀ ਪੈਨਸ਼ਨ ਦੀ ਬਹਾਲੀ ਕਰਾਂਗੇ ਜਦਕਿ ਹੁਣ ਉਸ ਗੱਲ ਤੋਂ ਮੁਨਕਰ ਹੁੰਦਿਆਂ ਵਿੱਤ ਮੰਤਰੀ ਚੀਮਾ ਇਸ ਗੱਲ ਦਾ ਹਵਾਲਾ ਦੇ ਰਹੇ ਹਨ ਕਿ ਜੋ ਐਨ.ਪੀ.ਐਸ. ਪੈਨਸ਼ਨ ਦੇ ਰੂਪ ਵਿੱਚ  ਮਹੀਨਾਵਾਰ ਕਿਸ਼ਤ ਕੇਂਦਰ ਸਰਕਾਰ ਨੂੰ ਜਾਂਦੀ ਹੈ ਉਸ ਦੇ ਆਧਾਰ 'ਤੇ ਕੇਂਦਰ ਸਰਕਾਰ ਵੱਲੋਂ ਸੂਬੇ ਨੂੰ ਕਰਜ਼ ਮਿਲਦਾ ਹੈ। ਵਿੱਤ ਮੰਤਰੀ ਦੇ ਇਸ ਬਿਆਨ ਤੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜ਼ਰੀਵਾਲ ਦੇ ਖੋਖਲਿਆਂ ਵਾਅਦਿਆਂ ਦੀ ਪੋਲ ਖੁੱਲ੍ਹ ਰਹੀ ਹੈ ਕਿ ਸਰਕਾਰ ਕੋਲ ਖਜ਼ਾਨੇ ਦੀ ਕੋਈ ਕਮੀ ਨਹੀਂ ਹੈ। ਇਹ ਸਰਕਾਰ ਲਗਾਤਾਰ ਕਰਜ਼ਿਆਂ ਦੀ ਪੰਡ ਵਿੱਚ ਇਜਾਫਾ ਕਰਦਿਆਂ ਪੰਜਾਬ ਵਿੱਚ ਰਾਜ਼ ਕਰ ਰਹੀ ਹੈ.

ਜਿਲ੍ਹਾ ਪ੍ਰਧਾਨ ਸੰਜੀਵ ਭਾਰਗਵ ਨੇ ਦੱਸਿਆ ਕਿ ਪੰਜਾਬ ਕੋਰ ਕਮੇਟੀ ਦੀ ਅੱਜ ਹੋਈ ਮੀਟਿੰਗ ਵਿੱਚ ਜੱਥੇਬੰਦੀ ਨੇ 11 ਦਸੰਬਰ ਤੱਕ ਹੜਤਾਲ ਨੂੰ ਅੱਗੇ ਵਧਾਉਣ ਦੇ ਫੈਸਲਾ ਲਿਆ ਹੈ, ਜਿਸ ਦੌਰਾਨ ਕਲਮਛੋੜ ਹੜਤਾਲ ਅਤੇ ਖਜ਼ਾਨਾ ਦਫਤਰ ਵਿਖੇ ਧਰਨੇ ਤੋਂ ਮਿਤੀ 08 ਦਸੰਬਰ ਨੂੰ ਪੰਜਾਬ ਭਰ ਵਿੱਚ ਸਾਰੇ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ। ਜੱਥੇਬੰਦੀ ਵੱਲੋਂ ਸੀ.ਪੀ.ਐੱਫ. ਯੂਨੀਅਨ ਵੱਲੋਂ ਮੁਹਾਲੀ ਵਿਖੇ ਕੀਤੀ ਜਾ ਰਹੀ ਰੈਲੀ ਵਿੱਚ ਭਰਪੂਰ ਸਮਰਥਨ ਦਿੱਤਾ ਜਾਵੇਗਾ.

ਸੰਦੀਪ ਭਾਂਬਕ ਜ਼ਿਲ੍ਹਾ ਪ੍ਰਧਾਨ ਸੀ.ਪੀ.ਐਫ. ਨੇ ਕਿਹਾ 9 ਦਸੰਬਰ ਨੂੰ ਮੁਹਾਲੀ ਵਿਖੇ ਹੋਣ ਵਾਲੀ ਰੈਲੀ ਵਿੱਚ ਆਪ ਸਰਕਾਰ ਦੇ ਸਾਰੇ ਭਰਮ ਭੁਲੇਖੇ ਦੂਰ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸਿਆਸਤਦਾਨਾਂ ਨੂੰ ਕੁਰਸੀਆਂ ਤੇ ਬਹਾਉਣਾ ਜਾਣਦੇ ਹਾਂ ਤਾਂ ਕੁਰਸੀਆਂ ਤੋਂ ਲਾਹੁਣਾ ਵੀ ਜਾਣਦੇ ਹਾਂ।
     
ਇਸ ਦੌਰਾਨ ਮੁੱਖ ਬੁਲਾਰੇ ਸੁਨੀਲ ਕੁਮਾਰ, ਤਜਿੰਦਰ ਸਿੰਘ, ਤਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਕਿਰਨਪਾਲ ਕੌਰ, ਸੱਤਪਾਲ, ਰਕੇਸ਼ ਕੁਮਾਰ, ਸੰਦੀਪ ਸਿੰਘ ਜੇ.ਈ., ਅਮਨ ਪਰਾਸ਼ਰ, ਸਤਿੰਦਰ ਸਿੰਘ, ਮਹਿਕਦੀਪ ਸਿੰਘ, ਮਨਕਨ ਬਿਰਲਾ, ਦਲੀਪ ਸਿੰਘ, ਧਰਮ ਸਿੰਘ, ਜਸਵੀਰ ਸਿੰਘ ਅਤੇ ਹੋਰ ਬਹੁਤ ਸਾਰੇ ਵਿਭਾਗਾਂ ਦੇ ਆਗੂਆਂ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ।