ਪੰਜਾਬ ਦੇ ਰਾਜਪਾਲ ਨੇ ਦਿੱਤਾ ਅਸਤੀਫਾ

ਚੰਡੀਗੜ੍ਹ, 03 ਫ਼ਰਵਰੀ (ਜਨ ਸ਼ਕਤੀ ਨਿਊਜ਼ ਬਿਊਰੋ)ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਰਾਜਪਾਲ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਅੱਜ ਹੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਆਪਣਾ ਅਸਤੀਫਾ ਸੌਂਪਿਆ ਹੈ। ਜਾਣਕਾਰੀ ਮੁਤਾਬਕ ਬਨਵਾਰੀ ਲਾਲ ਨੇ ਨਿੱਜੀ ਕਾਰਨਾਂ ਕਰਕੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਦਿੱਤੇ ਅਸਤੀਫ਼ੇ ਦੇ ਪੱਤਰ 'ਚ ਬਨਵਾਰੀ ਲਾਲ ਨੇ ਲਿਖਿਆ ਹੈ ਕਿ ਮੈਂ ਆਪਣੇ ਨਿੱਜੀ ਕਾਰਨਾਂ ਅਤੇ ਕੁਝ ਹੋਰ ਵਚਨਬੱਧਤਾਵਾਂ ਕਾਰਨ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਰਿਹਾ ਹਾਂ। ਕਿਰਪਾ ਕਰਕੇ ਇਸਨੂੰ ਸਵੀਕਾਰ ਕਰੋ।  31 ਅਗਸਤ 2021 ਨੂੰ ਪੰਜਾਬ ਦੇ ਰਾਜਪਾਲ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ, ਉਹ ਅਸਾਮ ਅਤੇ ਤਾਮਿਲਨਾਡੂ ਦੇ ਰਾਜਪਾਲ ਵੀ ਰਹਿ ਚੁੱਕੇ ਹਨ। ਪੰਜਾਬ 'ਚ ਆਪਣੇ ਢਾਈ ਸਾਲ ਦੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਕਈ ਵਿਵਾਦਾਂ ਨੂੰ ਜਨਮ ਦਿੱਤਾ ਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਅਜਿਹਾ ਟਕਰਾਅ ਹੋਇਆ ਕਿ ਦੋਵਾਂ ਨੂੰ ਆਪਣੇ ਹੱਕਾਂ ਲਈ ਸੁਪਰੀਮ ਕੋਰਟ ਤਕ ਪਹੁੰਚ ਕਰਨੀ ਪਈ।