16 ਦੇ ਬੰਦ ਤੇ ਹੜਤਾਲ ਦੀਆਂ ਮੁਕੰਮਲ ਤਿਆਰੀਆਂ 

ਰਾਏਕੋਟ 11 ਫਰਵਰੀ(ਸਤਵਿੰਦਰ ਸਿੰਘ ਗਿੱਲ)- ਅੱਜ ਭਾਰਤ ਦੀਆਂ ਪ੍ਰਮੁੱਖ ਮਜ਼ਦੂਰ, ਮੁਲਾਜ਼ਮ ਅਤੇ ਸਾਰੀਆਂ ਟ੍ਰੇਡ ਜਥੇਬੰਦੀਆਂ ਵੱਲੋਂ ਪੂਰੇ ਦੇਸ਼ ਚ ਬੰਦ ਅਤੇ ਹੜਤਾਲ ਲਈ ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ ਸੰਯੁਕਤ ਕਿਸਾਨ ਮੋਰਚੇ ਅਤੇ ਟਰੇਡ ਯੂਨੀਅਨ ਦੀਆਂ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਮੀਟਿੰਗ ਕੀਤੀ। ਜਿਸ ਵਿੱਚ ਤਹਿ ਹੋਇਆ ਕਿ 16 ਫਰਵਰੀ ਨੂੰ ਸਥਾਨਕ ਹਰੀ ਸਿੰਘ ਨਲੂਆ ਚੌਂਕ ਚ ਪੱਕੇ ਤੌਰ ਤੇ ਬੰਦ ਕੀਤਾ ਜਾਵੇਗਾ। ਬਿਮਾਰ, ਮੌਤ, ਵਿਦਿਆਰਥੀ ਅਤੇ ਵਿਆਹ ਵਾਲੇ ਲੋਕਾਂ ਲਈ ਢਿੱਲ ਦਿੱਤੀ ਜਾਵੇਗੀ। ਪਿੰਡਾਂ ਵਿੱਚ ਵੀ ਮੁਕੰਮਲ ਤੌਰ ਤੇ ਸਾਰੇ ਕਾਰੋਬਾਰ ਬੰਦ ਰਹਿਣਗੇ। ਪੰਜਾਬ ਕਿਸਾਨ ਯੂਨੀਅਨ ਵੱਲੋਂ ਸੂਬਾ ਆਗੂ ਡਾਕਟਰ ਗੁਰਚਰਨ ਸਿੰਘ ਰਾਏਕੋਟ, ਜਿਲਾ ਵਿੱਤ ਸਕੱਤਰ ਮਲਕੀਤ ਸਿੰਘ, ਜਿਲਾ ਮੀਤ ਪ੍ਰਧਾਨ ਅਜਮੇਰ ਸਿੰਘ, ਕਿਰਤੀ ਕਿਸਾਨ ਯੂਨੀਅਨ ਪੰਜਾਬ ਵਲੋਂ ਹਰਨੇਕ ਸਿੰਘ ਤੇ ਅਮਰਜੀਤ ਸਿੰਘ ਚੱਕ ਭਾਈਕਾ, ਜਿਲਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਤੇ ਯੂਥ ਆਗੂ ਰਮਨ ਸਿੰਘ, ਕੁਲ ਹਿੰਦ ਕਿਸਾਨ ਸਭਾ ਆਗੂ ਮਾਸਟਰ ਬਲਦੇਵ ਸਿੰਘ ਲਤਾਲਾ, ਸ਼ਿਆਮ ਸਿੰਘ, ਭਾਰਤੀ ਕਿਸਾਨ ਯੂਨੀਅਨ ਕਾਦੀਆ ਅਮਨਦੀਪ ਸਿੰਘ,ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਦਾ(ਧਨੇਰ) ਸਰਬਜੀਤ ਸਿੰਘ ਬਲਾਕ ਪ੍ਰਧਾਨ, ਭਗਵੰਤ ਸਿੰਘ,ਹਾਕਮ ਸਿੰਘ,ਜਸਵਿੰਦਰ ਸਿੰਘ,ਭਾਰਤੀ ਕਿਸਾਨ ਯੂਨੀਅਨ ਦੋਆਬਾ ਗੁਰਮਿੰਦਰ ਸਿੰਘ ਬਲਾਕ ਪ੍ਰਧਾਨ, ਸੀਟੂ ਦੇ ਦਲਜੀਤ ਕੁਮਾਰ ਗੋਰਾ, ਪ੍ਰਕਾਸ਼ ਸਿੰਘ ਬਰਮੀ, ਮਨਰੇਗਾ ਦੇ ਰੁਲਦਾ ਸਿੰਘ, ਆਦਿ ਨੇ ਹਾਜਰੀ ਭਰੀ। ਉਹਨਾ ਸ਼ਹਿਰ  ਤੇ ਪਿੰਡ ਦੇ ਸਾਰੇ ਕਾਰੋਬਾਰੀਆ ਨੂੰ ਬੰਦ ਅਤੇ ਹੜਤਾਲ 'ਚ ਸ਼ਾਮਿਲ  ਹੋਣ ਦੀ ਪੁਰਜ਼ੋਰ ਅਪੀਲ ਕੀਤੀ।