ਆਉ ਭਾਰਤ ਰਤਨ ਬਾਰੇ ਜਾਣੀਏ ✍️ ਰਜਵਿੰਦਰ ਪਾਲ ਸ਼ਰਮਾ

ਪਿਛਲੇ ਦਿਨੀਂ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਕਰਪੂਰੀ ਠਾਕੁਰ ਨੂੰ ਭਾਰਤ ਦੇ ਸਰਵ ਉੱਚ ਸਨਮਾਨ ਭਾਰਤ ਰਤਨ ਦੇਣ ਦਾ ਫੈਸਲਾ ਕੀਤਾ ਗਿਆ ਹੈ ਜਿਸ ਕਰਕੇ ਭਾਰਤ ਰਤਨ ਸਨਮਾਨ ਇਕ ਵਾਰ ਫਿਰ ਸੁਰਖੀਆਂ ਵਿੱਚ ਆ ਗਿਆ ਹੈ । ਅੱਜ ਅਸੀਂ ਭਾਰਤ ਰਤਨ ਬਾਰੇ ਕੁਝ ਦਿਲਚਸਪ ਤੱਥਾਂ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ।

ਸ਼ੁਰੂਆਤ ਕਦੋ ਹੋਈ -ਭਾਰਤ ਰਤਨ ਭਾਰਤ ਦਾ ਸਰਵ ਉੱਚ ਨਾਗਰਿਕ ਸਨਮਾਨ ਹੈ ਜਿਸ ਦੀ ਸ਼ੁਰੂਆਤ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ ਰਜਿੰਦਰ ਪ੍ਰਸ਼ਾਦ ਜੀ ਦੁਆਰਾ 1954 ਵਿੱਚ ਕੀਤੀ ਗਈ।ਸਭ ਤੋਂ ਪਹਿਲਾਂ 1954 ਵਿੱਚ ਭਾਰਤ ਰਤਨ ਪ੍ਰਾਪਤ ਕਰਨ ਵਾਲਿਆਂ ਵਿੱਚ ਸੀ ਗੋਪਾਲਚਾਰੀਆ,ਡਾ ਸਰਵ ਪੱਲੀ ਰਾਧਾਕ੍ਰਿਸ਼ਨਨ ਅਤੇ ਭਾਰਤ ਦੇ ਮਹਾਨ ਵਿਗਿਆਨੀ ਸੀ ਵੀ ਰਮਨ ਸ਼ਾਮਿਲ ਸਨ। ਪਹਿਲਾਂ ਭਾਰਤ ਰਤਨ ਮਰਨ ਤੋਂ ਬਾਅਦ ਪ੍ਰਦਾਨ ਨਹੀਂ ਕੀਤਾ ਜਾਂਦਾ ਸੀ ਪ੍ਰੰਤੂ 1966 ਵਿੱਚ ਮਰਨ ਉਪਰੰਤ ਸਭ ਤੋਂ ਪਹਿਲਾਂ ਲਾਲ ਬਹਾਦਰ ਸ਼ਾਸਤਰੀ ਜੀ ਨੂੰ ਦਿੱਤਾ ਗਿਆ।

ਬਣਤਰ ਕਿਹੋ ਜਿਹੀ -ਇਸ ਸਨਮਾਨ ਦੇ ਵਿੱਚ ਇੱਕ ਪਿੱਪਲ ਦੇ ਪੱਤੇ ਦੀ ਸ਼ਕਲ ਦਾ ਮੈਡਲ ਦਿੱਤਾ ਜਾਂਦਾ ਹੈ ਜਿਸ ਦੇ ਇੱਕ ਪਾਸੇ ਸੂਰਜ਼ ਦੀ ਫੋਟੋ ਅਤੇ ਥੱਲੇ ਭਾਰਤ ਰਤਨ ਲਿਖਿਆ ਹੁੰਦਾ ਹੈ ਜਦਕਿ ਦੂਜੇ ਪਾਸੇ ਸ਼ੇਰਾਂ ਦੀ ਫੋਟੋ ਅਤੇ ਥੱਲੇ ਸੱਤਿਆਮੇਵ ਜਯਤੇ ਲਿਖਿਆ ਹੁੰਦਾ ਹੈ। ਮੈਡਲ ਤੋਂ ਇਲਾਵਾ ਇੱਕ ਸਰਟੀਫਿਕੇਟ ਵੀ ਪ੍ਰਦਾਨ ਕੀਤਾ ਜਾਂਦਾ ਹੈ।ਇਸ ਸਨਮਾਨ ਵਿੱਚ ਕੋਈ ਨਕਦ ਰਾਸ਼ੀ ਨਹੀਂ ਦਿੱਤੀ ਜਾਂਦੀ।

ਕਿਸ ਨੂੰ ਦਿੱਤਾ ਜਾਂਦਾ ਹੈ - ਭਾਰਤ ਰਤਨ ਉਸ ਵਿਅਕਤੀ ਨੂੰ ਦਿੱਤਾ ਜਾਂਦਾ ਹੈ ਜਿਸ ਨੇ ਕਲਾ,ਸੰਗੀਤ, ਖੇਡਾਂ, ਵਿਗਿਆਨ,ਸਾਹਿਤ, ਰਾਜਨੀਤੀ ਆਦਿ ਖੇਤਰਾਂ ਵਿੱਚ ਸਨਮਾਨ ਯੋਗ ਅਤੇ ਅਤੇ ਵਡਮੁੱਲਾ ਕੰਮ ਕੀਤਾ ਹੋਵੇ।

ਭਾਰਤ ਰਤਨ ਵੈਸੇ ਤਾਂ ਭਾਰਤ ਦੇ ਵਸਨੀਕਾਂ ਨੂੰ ਹੀ ਦਿੱਤਾ ਜਾਂਦਾ ਹੈ ਪ੍ਰੰਤੂ ਕਈ ਵਿਦੇਸ਼ੀ ਮਹਾਨ ਸ਼ਖ਼ਸੀਅਤਾਂ ਨੂੰ ਵੀ ਇਹ ਸਨਮਾਨ ਦਿੱਤਾ ਗਿਆ ਜਿਨ੍ਹਾਂ ਵਿੱਚ ਮਦਰ ਟੈਰੇਸਾ, ਨੈਲਸਨ ਮੰਡੇਲਾ ਅਤੇ ਅਬਦੁਲ ਗ਼ੁਫਾਰ ਖਾਂ ਦਾ ਨਾਂ ਸ਼ਾਮਿਲ ਹੈ। 

          

                     ਰਜਵਿੰਦਰ ਪਾਲ ਸ਼ਰਮਾ

                     7087367969