ਕਮਲਨਾਥ 'ਤੇ ਭਾਜਪਾ 'ਚ ਮਤਭੇਦ, ਭਾਜਪਾਈ ਸਿੱਖ ਆਗੂਆਂ ਨੇ ਜਤਾਇਆ ਇਤਰਾਜ਼

ਨਵੀਂ ਦਿੱਲੀ 18 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):-ਕਮਲਨਾਥ ਦੇ ਭਾਜਪਾ 'ਚ ਸ਼ਾਮਲ ਹੋਣ ਦੇ ਮੁੱਦੇ 'ਤੇ ਭਾਜਪਾ ਪਾਰਟੀ 'ਚ ਵਿਵਾਦ ਪੈਦਾ ਹੋ ਗਿਆ ਹੈ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ 1984 ਸਿੱਖ ਕਤਲੇਆਮ ਦੇ ਦੋਸ਼ੀ ਕਮਲ ਨਾਥ ਨੂੰ ਪਾਰਟੀ ਵਿੱਚ ਲੈਣ ਨਾਲ ਸਿੱਖ ਕੌਮ ਵਿੱਚ ਗਲਤ ਸੰਦੇਸ਼ ਜਾਵੇਗਾ। ਇਸ ਨਾਲ ਦਿੱਲੀ ਅਤੇ ਪੰਜਾਬ ਸਮੇਤ ਕਈ ਰਾਜਾਂ ਵਿੱਚ ਨੁਕਸਾਨ ਹੋ ਸਕਦਾ ਹੈ। ਪਾਰਟੀ ਦੇ ਸਿੱਖ ਆਗੂਆਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਪਾਰਟੀ ਦੇ ਢੁਕਵੇਂ ਮੰਚ 'ਤੇ ਆਪਣੇ ਵਿਚਾਰ ਉਠਾਏ ਹਨ ਅਤੇ ਕਮਲਨਾਥ ਨੂੰ ਪਾਰਟੀ 'ਚ ਲੈਣ 'ਤੇ ਆਪਣੀ ਅਸਹਿਮਤੀ ਦਰਜ ਕਰਵਾਈ ਹੈ। ਪਾਰਟੀ ਵਿੱਚ ਇਹ ਕਲੇਸ਼ ਅਜਿਹੇ ਸਮੇਂ ਵਿੱਚ ਹੋਇਆ ਹੈ ਜਦੋਂ ਕਾਂਗਰਸ ਆਗੂ ਕਮਲਨਾਥ ਅਤੇ ਉਨ੍ਹਾਂ ਦੇ ਪੁੱਤਰ ਨਕੁਲ ਨਾਥ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਅਟਕਲਾਂ ਚੱਲ ਰਹੀਆਂ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਰਟੀ ਵਰਕਰਾਂ ਨੂੰ ਲੋਕ ਸਭਾ ਚੋਣਾਂ ਵਿੱਚ 370 ਸੀਟਾਂ ਹਾਸਲ ਕਰਨ ਲਈ ਕਮਰ ਕੱਸਣ ਲਈ ਕਹਿ ਰਹੇ ਹਨ। ਪਾਰਟੀ ਦੇ ਸਿੱਖ ਆਗੂਆਂ ਦਾ ਕਹਿਣਾ ਹੈ ਕਿ ਹੁਣ ਤੱਕ ਉਹ ਆਪਣੇ ਭਾਈਚਾਰੇ ਦੇ ਲੋਕਾਂ ਤੋਂ ਇਹ ਕਹਿ ਕੇ ਵੋਟਾਂ ਮੰਗਦੇ ਰਹੇ ਹਨ ਕਿ ਭਾਜਪਾ ਉਨ੍ਹਾਂ ਨੂੰ ਇਨਸਾਫ਼ ਦਿਵਾਏਗੀ। ਕਮਲਨਾਥ, ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਦੇ ਨਾਲ, 1984 ਦੇ ਸਿੱਖ ਕਤਲੇਆਮ ਦੌਰਾਨ ਦੰਗਾਕਾਰੀਆਂ ਦੀ ਅਗਵਾਈ ਕਰਨ ਵਾਲੇ ਕਾਂਗਰਸੀ ਨੇਤਾਵਾਂ ਵਿੱਚ ਸ਼ਾਮਲ ਸਨ। ਕਤਲੇਆਮ ਦੀ ਘਟਨਾਵਾਂ ਵਿੱਚ 3500 ਤੋਂ ਵੱਧ ਸਿੱਖ ਮਾਰੇ ਗਏ ਸਨ। ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਇਨ੍ਹਾਂ ਘਟਨਾਵਾਂ ਵਿੱਚ ਸ਼ਾਮਲ ਹੋਣ ਲਈ ਦੋਸ਼ੀ ਠਹਿਰਾਇਆ ਗਿਆ ਹੈ, ਜਦੋਂ ਕਿ ਜਗਦੀਸ਼ ਟਾਈਟਲਰ ਨੂੰ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 
ਸਬੂਤਾਂ ਅਤੇ ਗਵਾਹਾਂ ਦੀ ਘਾਟ ਕਾਰਨ ਕਮਲ ਨਾਥ ਅਜੇ ਬਚਿਆ ਹੋਇਆ ਹੈ ਪਰ ਭਾਜਪਾ ਆਗੂ ਸਿੱਖ ਦੰਗਿਆਂ ਦੀ ਜਾਂਚ ਮੁੜ ਤੋਂ ਖੋਲ੍ਹਣ ਅਤੇ ਇਨਸਾਫ਼ ਦਿਵਾਉਣ ਦੀ ਮੰਗ ਕਰ ਰਹੇ ਹਨ। ਅਜਿਹੇ 'ਚ ਭਾਜਪਾ ਨੇਤਾਵਾਂ ਦਾ ਕਹਿਣਾ ਹੈ ਕਿ ਕਮਲਨਾਥ ਨੂੰ ਪਾਰਟੀ 'ਚ ਲੈਣ ਨਾਲ ਨਕਾਰਾਤਮਕ ਸੰਦੇਸ਼ ਜਾਵੇਗਾ, ਜਿਸ ਤੋਂ ਬਚਣਾ ਚਾਹੀਦਾ ਹੈ।