ਸਾਰੀ ਸੰਗਤ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਲਈ ਧੰਨਵਾਦੀ ਹੋਣਾ ਚਾਹੀਦਾ ਹੈ-ਬੀਬੀ ਮਨਦੀਪ ਕੌਰ ਜੀ

ਮੈਂ 23 ਫਰਵਰੀ ਦੀ ਮੋਰਚੇ ਵਿੱਚ ਹਾਜ਼ਰੀ ਲਗਾਉਣ ਜਾਂਦੀ ਹਾਂ। ਮੈਂ ਜਦੋਂ ਵੀ ਜਾਵਾਂ ਮਨਦੀਪ ਕੌਰ ਜੀ ਬਹੁਤ ਹੀ ਪਿਆਰ ਅਤੇ ਸਤਿਕਾਰ ਨਾਲ ਮਿਲਦੇ ਹਨ। ਭੁੱਖ ਹੜਤਾਲ ਉੱਤੇ ਬੈਠੇ ਪਰਿਵਾਰਾਂ ਦੀ ਦੇਖਭਾਲ ਕਰਦੇ ਦਿੱਸਦੇ ਹਨ। ਸੰਗਤ ਨੂੰ ਚਾਹ ਦਾ ਲੰਗਰ ਜਾਂ ਪਰਸ਼ਾਦਿਆਂ ਦਾ ਲੰਗਰ ਛੱਕਣ ਲਈ ਬੇਨਤੀ ਕਰਦੇ ਦਿੱਸਦੇ ਹਨ। ਬਿਮਾਰ ਮਾਵਾਂ ਦੀਆਂ ਲੱਤਾਂ ਘੁੱਟਦੇ ਦਿੱਸਦੇ ਹਨ। ਬਿਮਾਰ ਮਾਵਾਂ ਨੂੰ ਦਵਾਈਆਂ ਦਿੰਦੇ ਦਿੱਸਦੇ ਹਨ। ਭੁੱਖ ਹੜਤਾਲ ਵਿੱਚ ਸ਼ਾਮਿਲ ਸੰਗਤ ਦੇ ਕੱਪੜੇ ਧੋਣ ਦੀ ਸੇਵਾ ਕਰਦੇ ਦਿੱਸਦੇ ਹਨ। ਭੁੱਖ ਹੜਤਾਲ ਮੋਰਚੇ ਵਿੱਚ ਆਏ ਹਰ ਸਿੱਖ ਆਗੂ ਜਾਂ ਹਰ ਸਿਆਸੀ ਲੀਡਰ ਨੂੰ ਬੇਨਤੀ ਕਰਦੇ ਦਿੱਸਦੇ ਹਨ ਕਿ ਇੰਨਾਂ ਸਭ ਪਰਿਵਾਰਾਂ ਦਾ ਸੋਚੋ। ਇੰਨਾਂ ਦੇ ਹਾਲਾਤ ਦਿਨੋਂ ਦਿਨ ਵਿਗੜ ਰਹੇ ਹਨ।

ਮੈਂ ਰੋਜ਼ ਸੋਚਦੀ ਸੀ ਕਿ ਜ਼ਰੂਰ ਮਨਦੀਪ ਕੌਰ ਦਾ ਵੀ ਕੋਈ ਪਰਿਵਾਰਕ ਮੈਂਬਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਕੋਈ ਜੁਝਾਰੂ ਯੋਧਾ ਹੋਵੇਗਾ ਅਤੇ ਉਹ ਵੀ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਜੇਲ੍ਹ ਵਿੱਚ ਨਜ਼ਰਬੰਦ ਹੋਵੇਗਾ। ਇਸ ਲਈ ਹੀ ਮਨਦੀਪ ਕੌਰ ਵੀ ਇਸ ਭੁੱਖ ਹੜਤਾਲ ਵਿੱਚ ਸ਼ਾਮਿਲ ਹੋਈ ਹੈ।

ਕੱਲ 27 ਫਰਵਰੀ ਨੂੰ ਮੈਂ ਮਨਦੀਪ ਕੌਰ ਜੀ ਨੂੰ ਪੁੱਛ ਹੀ ਲਿਆ, “ਤੁਹਾਡਾ ਜੇਲ੍ਹ ਵਿੱਚ ਕਿਹੜਾ ਸਿੰਘ ਨਜ਼ਰਬੰਦ ਹੈ? ਅਤੇ ਉਨ੍ਹਾਂ ਦਾ ਕੀ ਨਾਮ ਹੈ?” ਤਾਂ ਉਨਾਂ ਬੜੀ ਹਲੀਮੀ ਨਾਲ ਕਿਹਾ, “ਭੈਣ ਜੀ ਕੋਈ ਨਹੀਂ।” ਮੈਂ ਬਹੁਤ ਹੈਰਾਨ ਹੋਈ। ਮੇਰਾ ਸਵਾਲ ਸੀ, “ਫਿਰ ਤੁਸੀਂ ਇੱਥੇ ਦਿਨ ਰਾਤ ਰਹਿ ਰਹੇ ਹੋ ਸਿਰਫ ਸੇਵਾ ਲਈ?” ਮਨਦੀਪ ਕੌਰ ਜੀ ਕਹਿੰਦੇ, “ਦਰਦ ਹੈ ਦਿਲ ਵਿੱਚ ਸਿੱਖ ਕੌਮ ਲਈ। ਸਾਡੇ ਸਿੰਘ ਜੇਲ੍ਹਾਂ ਵਿੱਚ ਨਜ਼ਰਬੰਦ ਹਨ, ਆਪਣੀ ਸਿੱਖ ਕੌਮ ਦੀ ਗੱਲ ਕਰਣ ਖਾਤਿਰ ਅਤੇ ਹੁਣ ਉਨਾਂ ਦੇ ਪਰਿਵਾਰ ਖੁੱਲੇ ਅਸਮਾਨ ਥੱਲੇ ਭੁੱਖ ਹੜਤਾਲ ਕਰਕੇ ਬੈਠ ਹਨ ਤਾਂ ਅਸੀਂ ਕਿਸ ਤਰਾਂ ਚੈਨ ਨਾਲ ਘਰ ਵਿੱਚ ਰਹਿ ਸਕਦੇ ਹਾਂ। ਸਾਡਾ ਇਖਲਾਕੀ ਹੱਕ ਬਣਦਾ ਹੈ ਕਿ ਅਸੀਂ ਇੰਨਾਂ ਦੀ ਤਕਲੀਫ ਵਿੱਚ ਸ਼ਾਮਿਲ ਹੋ ਕੇ ਇੰਨਾਂ ਦੀ ਸੇਵਾ ਕਰਿਏ।”

ਮਨਦੀਪ ਕੌਰ ਨੇ ਦੱਸਿਆ ਕਿ ਉਹ ਆਪਣੀ ਮਹਿਜ ਪੰਜ ਸਾਲ ਦੀ ਬੇਟੀ ਨੂੰ ਆਪਣੇ ਪੇਕੇ ਘਰ ਛੱਡ ਕੇ ਆਈ ਹੈ। ਮਨਦੀਪ ਕੌਰ ਬਤੌਰ ਸਹਾਇਕ ਅਕਾਉਟੈਂਟ, ਗੁਰਦੁਆਰਾ ਸਾਹਿਬ ਪੱਕਾ ਗੁਰੂ ਸਰ ਹੰਡਿਆਇਆ, ਬਰਨਾਲਾ ਵਿਖੇ ਨੌਕਰੀ ਵੀ ਕਰਦੇ ਹਨ। ਉਹ ਆਪਣੀ ਨੌਕਰੀ ਤੋਂ ਤਨਖਾਹ ਵੀ ਕਟਵਾ ਰਹੇ ਹਨ ਸਿਰਫ ਇੰਨਾਂ ਪਰਿਵਾਰਾਂ ਦੀ ਸੇਵਾ ਖਾਤਿਰ।

ਮਨਦੀਪ ਕੌਰ ਜੀ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲੇ ਦਿਨ ਤੋਂ ਹੀ ਭੁੱਖ ਹੜਤਾਲ ਉੱਤੇ ਬੈਠੇ ਪਰਿਵਾਰਾਂ ਦਾ ਸਮਰਥਣ ਕਰ ਰਹੇ ਹਨ। ਪਹਿਲੇ ਦਿਨ ਤੋਂ ਹੀ ਗੱਦੇ, ਕੰਬਲ ਦਾ ਇੰਤਜ਼ਾਮ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੇ ਕਰ ਕੇ ਦਿੱਤਾ ਹੈ। ਭੁੱਖ ਹੜਤਾਲ ਮੋਰਚੇ ਵਿੱਚ ਜਿੰਨਾਂ ਵੀ ਚਾਹ ਅਤੇ ਪ੍ਰਸ਼ਾਦੇ ਦਾ ਲੰਗਰ ਚੱਲ ਰਿਹਾ ਹੈ ਉਸ ਦਾ ਸਾਰਾ ਇੰਤਜ਼ਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ। ਕਮੇਟੀ ਦੇ ਸੇਵਾਦਾਰ ਸਵੇਰੇ ਸ਼ਾਮ ਚਾਹ ਅਤੇ ਲੰਗਰ ਪਕਾ ਕੇ ਭੁੱਖ ਹੜਤਾਲ ਮੋਰਚੇ ਵਿੱਚ ਖੁਦ ਦੇ ਕੇ ਜਾਂਦੇ ਹਨ ਤਾਂ ਜੋ ਸਮਰਥਣ ਵਿੱਚ ਜਿਹੜੀ ਸੰਗਤ ਦੂਰੋਂ ਚੱਲ ਕੇ ਆਉਂਦੀ ਹੈ ਜਾਂ ਦਿਨ ਰਾਤ ਪਰਿਵਾਰਾਂ ਦੀ ਸੇਵਾ ਕਰ ਰਹੇ ਹਨ ਉੱਨਾਂ ਨੂੰ ਕਿੱਧਰੇ ਜਾਣਾ ਨਾ ਪਏ ਉਹ ਇੱਥੇ ਹੀ ਮੋਰਚੇ ਵਿੱਚ ਬੈਠ ਕੇ ਅਰਾਮ ਨਾਲ ਲੰਗਰ ਛੱਕ ਸਕਣ। ਕਮੇਟੀ ਦੇ ਮੈਂਬਰ ਸੰਗਤ ਦੇ ਝੂਠੇ ਭਾਂਡੇ ਤੱਕ ਚੁੱਕ ਕੇ ਲੈ ਜਾਂਦੇ ਹਨ ਅਤੇ ਮਾਂਝ ਕੇ ਦੁਬਾਰਾ ਰੱਖ ਜਾਂਦੇ ਹਨ। ਮਨਦੀਪ ਕੌਰ ਜੀ ਨੇ ਕਿਹਾ ਕਿ ਸਾਰੀ ਸੰਗਤ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਲਈ ਧੰਨਵਾਦੀ ਹੋਣਾ ਚਾਹੀਦਾ ਹੈ।

ਮੋਰਚੇ ਵਿੱਚ ਜਾ ਕੇ ਨਵੇਂ-ਨਵੇਂ ਚਿਹਰਿਆਂ ਨੂੰ ਮਿਲ ਕੇ ਮੈਨੂੰ ਸਮਝ ਹੀ ਨਹੀਂ ਆਉਂਦੀ ਕਿ ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਅਜੇ ਵੀ ਇੰਨਾਂ ਵਿੱਚ ਅੱਤਵਾਦੀ ਦਿੱਸ ਰਹੇ ਹਨ? ਅਜੇ ਵੀ ਸਰਕਾਰਾਂ ਅਤੇ ਪ੍ਰਸ਼ਾਸਨ ਇੰਨਾਂ ਨੂੰ ਇਸ ਤਰਾਂ ਭੁੱਖੇ ਮਰਦਾ ਦੇਖਦੇ ਰਹਿਣਗੇ? ਅਜੇ ਵੀ ਸਰਕਾਰਾਂ ਅਤੇ ਪ੍ਰਸ਼ਾਸਨ ਇਹ ਕਹੇਗਾ ਕਿ ਇਸ ਭੁੱਖ ਹੜਤਾਲ ਮੋਰਚੇ ਲਈ ਫੰਡਿਗ ਖਾਲਿਸਤਾਨ ਮੁਹਿੰਮ ਤਹਿਤ ਹੋ ਰਹੀ ਹੈ? ਪੰਥ ਅਤੇ ਪੰਜਾਬ ਦੇ ਇਹ ਹਾਲਾਤ ਬਿਆਨ ਕਰਦਿਆਂ ਸੱਚੀ ਮਨ ਬਹੁਤ ਉਦਾਸ ਹੋ ਜਾਂਦਾ ਹੈ। ਪਰ ਮਨਦੀਪ ਕੌਰ ਵਰਗੀਆਂ ਬੀਬੀਆਂ ਦੀ ਸੇਵਾ ਦੇਖ ਕੇ ਮਨ ਫਿਰ ਚੜਦੀ ਕਲਾ ਵਿੱਚ ਆ ਜਾਂਦਾ ਹੈ।

ਰਸ਼ਪਿੰਦਰ ਕੌਰ ਗਿੱਲ

ਐਕਟਰ, ਲੇਖਕ, ਐਂਕਰ, ਸੰਪਾਦਕ, ਸੰਸਥਾਪਕ, ਪ੍ਰਧਾਨ- ਪੀਂਘਾਂ ਸੋਚ ਦੀਆਂ ਸਾਹਿਤ ਮੰਚ, ਪਬਲੀਕੇਸ਼ਨ, ਮੈਗਜ਼ੀਨ +91-9888697078