“ਬੀਬੀ ਬਲਜੀਤ ਕੌਰ ਜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੇ ਮੈਂਬਰ ਨਾਲ ਭੁੱਖ ਹੜ੍ਹਤਾਲ ਮੋਰਚੇ ਵਿਂਚ ਮੁਲਾਕਾਤ”

ਬੀਬੀ ਬਲਜੀਤ ਕੌਰ ਜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੇ ਮੈਂਬਰ ਹਨ। ਮੈਂ ਇੰਨਾਂ ਨੂੰ ਪਹਿਲੀ ਵਾਰ ਸੰਗਰੂਰ ਵਿਖੇ ਸ: ਸਿਮਰਨਜੀਤ ਸਿੰਘ ਮਾਨ ਜੀ ਦੇ ਦਫਤਰ ਵਿੱਚ ਮਿਲੀ ਸੀ। ਮੈਨੂੰ ਯਾਦ ਹੈ ਕਿ ਬਲਜੀਤ ਕੌਰ ਜੀ ਨੇ ਪਹਿਲੀ ਹੀ ਮੁਲਾਕਤ ਵਿੱਚ ਬਹੁਤ ਹੀ ਅਪਨਾ ਪਣ ਅਤੇ ਸਨੇਹ ਦਿਖਾਇਆ ਸੀ। ਬਲਜੀਤ ਕੌਰ ਜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਵਿੱਚ ਕਾਫੀ ਕਾਰਜਸ਼ੀਲ ਰਹਿੰਦੇ ਹਨ। ਬਲਜੀਤ ਕੌਰ ਜੀ ਨਾਲ ਅਕਸਰ ਫੋਨ ਰਾਹੀਂ ਗੱਲ ਬਾਤ ਹੁੰਦੀ ਰਹਿੰਦੀ ਹੈ। ਸਮੇਂ-ਸਮੇਂ ਬਲਜੀਤ ਕੌਰ ਜੀ ਪਾਰਟੀ ਵੱਲੋਂ ਹੋ ਰਹੇ ਕਾਰਜਾਂ ਦਾ ਪ੍ਰਚਾਰ ਵੀ ਕਰਦੇ ਰਹਿੰਦੇ ਹਨ।

ਕੱਲ ਜਦੋਂ ਮਿਤੀ 27 ਫਰਵਰੀ ਨੂੰ ਬਲਜੀਤ ਕੌਰ ਜੀ ਮੈਨੂੰ ਭੁੱਖ ਹੜਤਾਲ ਮੋਰਚੇ ਵਿੱਚ ਮਿਲੇ ਤਾਂ ਉਨਾਂ ਨੇ ਇਸ ਮੋਰਚੇ ਨੂੰ ਸੰਜੀਦਗੀ ਨਾਲ ਲੈਂਦੇ ਹੋਏ ਪਰਿਵਾਰਾਂ ਦੀ ਸਿਹਤ ਦਾ ਫ਼ਿਕਰ ਜਤਾਇਆ। ਉਨਾਂ ਕਿਹਾ ਕਿ ਮਾਨ ਸਾਹਿਬ ਨੇ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਹੋਏ ਹਨ ਕਿ ਵੱਧ ਤੋਂ ਵੱਧ ਪਾਰਟੀ ਦੇ ਮਹਿਲਾ ਮੈਂਬਰ ਲੈ ਕੇ ਇੱਥੇ ਇੰਨਾਂ ਪਰਿਵਾਰਾਂ ਦੀ ਸੇਵਾ ਕਰੋ। ਪਰ ਉਨਾਂ ਇਹ ਨਿਰਾਸ਼ਾ ਵੀ ਜਾਹਿਰ ਕੀਤੀ ਕਿ ਮਾਨ ਸਾਹਿਬ ਅਤੇ ਸਾਡੀ ਸਾਰੀ ਪਾਰਟੀ ਹਰ ਮੋਰਚੇ ਵਿੱਚ ਚਾਹੇ ਉਹ ਕਿਸਾਨੀ ਮੋਰਚਾ ਹੋਵੇ, ਚਾਹੇ ਬੇਅਦਬੀਆਂ ਦਾ ਮੋਰਚਾ ਹੋਵੇ ਪਹੁੰਚ ਕੇ ਡੱਟ ਕੇ ਜਨਤਾ ਦਾ ਸਾਥ ਦਿੰਦੇ ਹਾਂ। ਪਰ ਬਾਕੀ ਦੀ ਸਿਆਸੀ ਪਾਰਟੀਆਂ ਸਿਰਫ ਭਾਸ਼ਣ ਦੇ ਕੇ ਚਲੀ ਜਾਂਦੀਆਂ ਹਨ ਨਾ ਤੇ ਜਨਤਾ ਨਾਲ ਮੋਰਚੇ ਵਿੱਚ ਡੱਟ ਕੇ ਖੜਦੀਆਂ ਹਨ ਅਤੇ ਨਾ ਹੀ ਜਨਤਾ ਦੇ ਮਸਲਿਆਂ ਦਾ ਹੱਲ ਕਰਦੀਆਂ ਹਨ।

ਬਲਜੀਤ ਕੌਰ ਜੀ ਨੇ ਕਿਹਾ ਕਿ ਜਨਤਾ ਵੱਲੋਂ ਸਹੀ ਲੀਡਰ ਦੀ ਚੋਣ ਨਾ ਕਰਣ ਦਾ ਨਤੀਜਾ ਹੈ ਕਿ ਅੱਜ ਪੰਜਾਬ ਸਿਰਫ ਧਰਨੇ ਜਾਂ ਮੋਰਚੇ ਲਗਾਉਣ ਜੋਗਾ ਰਹਿ ਗਿਆ ਹੈ। ਬਲਜੀਤ ਕੌਰ ਜੀ ਨੇ ਪੰਜਾਬ ਦੀ ਜਨਤਾ ਨੂੰ ਅਪੀਲ ਕੀਤੀ ਕਿ ਪੰਜਾਬ ਦੀ ਸੱਤਾ ਪੰਜਾਬ ਦੇ ਵਸਨੀਕ ਸਿੱਖ ਆਗੂਆਂ ਦੇ ਹੱਥ ਵਿੱਚ ਹੀ ਫੜਾਉ। ਜਿੰਨਾਂ ਨੂੰ ਪੰਜਾਬ, ਪੰਥ ਅਤੇ ਪੰਜਾਬਿਅਤ ਨਾਲ ਪਿਆਰ ਹੈ। ਨਹੀਂ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਅਸੀ ਪੰਜਾਬ ਦਾ ਗੋਰਵਮਈ ਵਿਰਸਾ ਗਵਾ ਬੈਠਾਂਗੇ।

ਦੇਖਿਆ ਜਾਵੇ ਤਾਂ ਗੱਲ ਹੈ ਤਾਂ ਸੌਲਾ ਆਨੇ ਸੱਚੀ। ਪੰਜਾਬ ਦੀ ਜਨਤਾ ਹਰ ਚੁਣਾਵ ਵਿੱਚ ਇਸ ਉਮੀਦ ਨਾਲ ਨਵੀਂ ਪਾਰਟੀ ਨੂੰ ਮੌਕਾ ਦੇ ਦਿੰਦੀ ਹੈ ਕਿ ਇਸ ਵਾਰ ਪੰਜਾਬ ਦਾ ਸੁਧਾਰ ਹੋ ਜਾਵੇਗਾ। ਪਰ ਦਿਨੋਂ ਦਿਨ ਪੰਜਾਬ ਦਾ ਹੁੰਦਾ ਬੱਦ ਤੋਂ ਬੱਦਤਰ ਹਾਲ ਕਿਸੇ ਤੋਂ ਲੁੱਕਿਆ ਨਹੀਂ ਹੈ।

ਰਸ਼ਪਿੰਦਰ ਕੌਰ ਗਿੱਲ

ਐਕਟਰ, ਲੇਖਕ, ਐਂਕਰ, ਸੰਪਾਦਕ, ਸੰਸਥਾਪਕ, ਪ੍ਰਧਾਨ- ਪੀਂਘਾਂ ਸੋਚ ਦੀਆਂ ਸਾਹਿਤ ਮੰਚ, ਪਬਲੀਕੇਸ਼ਨ, ਮੈਗਜ਼ੀਨ +91-9888697078