ਜਵੱਦੀ ਟਕਸਾਲ ਵੱਲੋਂ ਕਿਸਾਨੀ ਸ਼ੰਘਰਸ਼ ਦੀ ਹਮਾਇਤ

ਸਰਕਾਰੀ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰ ਰਹੇ ਕਿਸਾਨਾਂ ਦੇ ਨਾਲ ਜਵੱਦੀ ਟਕਸਾਲ ਪੂਰੀ ਤਰ੍ਹਾਂ ਡੱਟ ਕੇ ਖੜੇਗੀ -ਸੰਤ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ
ਲੁਧਿਆਣਾ 3 ਮਾਰਚ ( ਕਰਨੈਲ ਸਿੰਘ ਐੱਮ.ਏ. ) ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱੱਦੀ ਟਕਸਾਲ ਨੇ ਪੰਜਾਬ ਦੇ ਕਿਸਾਨਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਮਨਵਾਉਣ ਅਤੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸ਼ੰਭੂ ਅਤੇ ਖਨੌਰੀ ਬਾਰਡਰਾਂ ਉੱਪਰ ਚੱਲ ਰਹੇ ਕਿਸਾਨ ਮੋਰਚੇ ਦਾ ਭਰਵਾਂ ਸਮਰਥਨ ਕਰਦਿਆਂ ਹੋਇਆਂ ਕਿਹਾ ਕਿ ਸਮੁੱਚੇ ਦੇਸ਼ ਦੇ ਮਿਹਨਤਕਸ਼ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਕਰਨ ਲਈ ਆਰੰਭ ਕੀਤਾ ਗਿਆ ਉਕਤ ਕਿਸਾਨ ਮੋਰਚਾ ਹੁਣ ਕੇਵਲ ਕਿਸਾਨਾਂ ਦਾ ਮੋਰਚਾ ਹੀ ਨਹੀਂ  ਰਿਹਾ ਬਲਕਿ ਕਿ ਸਮੁੱਚੇ ਪੰਜਾਬੀਆਂ ਤੇ ਦੇਸ਼ਵਾਸੀਆਂ ਦਾ ਸਾਂਝਾ ਮੋਰਚਾ ਬਣ ਚੁੱਕਾ ਹੈ। ਉਨ੍ਹਾਂ ਨੇ ਕਿ ਸ਼ਾਂਤਮਈ ਢੰਗ ਨਾਲ ਦੇਸ਼ ਦੀ ਰਾਜਧਾਨੀ ਦਿੱਲੀ ਵੱਲ ਆਪਣਾ ਰੋਸ ਪ੍ਰਗਟ ਕਰਨ ਲਈ ਜਾ ਰਹੇ ਪੰਜਾਬ ਦੇ ਨਿਰਦੋਸ਼ ਕਿਸਾਨਾਂ ਦੇ ਉੱਪਰ ਜਿਸ ਢੰਗ ਨਾਲ ਹਰਿਆਣਾ ਸਰਕਾਰ ਦੀ ਪੁਲਿਸ ਤੇ ਅਰਧ ਸੈਨਿਕ ਬਲਾਂ ਦੇ ਵੱਲੋਂ ਆਪਣਾ ਤਸ਼ੱਦਦ ਭਰਿਆ ਕਹਿਰ ਢਾਹਿਆ ਗਿਆ। ਉਹ ਦੇਸ਼ ਦੇ ਅੰਨਦਾਤਿਆਂ ਉੱਪਰ ਇੱਕ ਵੱਡੇ ਕਹਿਰ ਦੇ ਬਰਾਬਰ ਹੈ। ਜਿਸ ਦੀ ਅਸੀਂ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ,ਉੱਥੇ ਨਾਲ ਹੀ ਅਸੀਂ ਪੰਜਾਬ ਸਰਕਾਰ ਕੋਲੋਂ  ਖਨੌਰੀ ਬਾਰਡਰ ਤੇ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਣ ਵਾਲੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੇ ਪਰਿਵਾਰ ਨੂੰ ਪੂਰਨ ਇਨਸਾਫ ਤੇ ਸਹਾਇਤਾ ਦੇਣ ਦੀ ਮੰਗ ਕਰਦੇ ਹਾਂ। ਇਸ ਦੌਰਾਨ ਆਪਣੀ ਗੱਲਬਾਤ ਦੌਰਾਨ ਸੰਤ ਬਾਬਾ ਅਮੀਰ ਸਿੰਘ ਜੀ ਨੇ ਕੇਂਦਰ ਸਰਕਾਰ ਤੋਂ ਜ਼ੋਰਦਾਰ ਮੰਗ ਕਰਦਿਆਂ ਹੋਇਆਂ ਕਿਹਾ ਕਿ ਦੇਸ਼ ਦੇ ਸਮੂਹ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਮੰਨਣ ਅਤੇ ਕਿਸਾਨਾਂ, ਮਜ਼ਦੂਰਾਂ ਤੇ ਸਿਰਾਂ ਤੇ ਚੜੇ ਕਰਜ਼ੇ ਨੂੰ ਖਤਮ ਕਰਨ,ਦਿੱਲੀ ਕਿਸਾਨੀ ਅੰਦੋਲਨ ਦੀਆਂ ਅਧੂਰੀਆਂ ਰਹਿੰਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਪੂਰੀਆਂ ਕਰਨ ਅਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਐਮ.ਐਸ.ਪੀ ਦੀ ਗਰੰਟੀ ਵਾਲਾ ਕਾਨੂੰਨ ਲਾਗੂ ਕਰਵਾਉਣ ਸਮੇਤ ਕਿਸਾਨੀ ਨਾਲ ਸੰਬੰਧਿਤ ਵੱਖ ਵੱਖ ਭੱਖਵੇ ਮਸਲਿਆਂ ਨੂੰ ਪੂਰੀ ਸੁਹਿਰਦਤਾ ਨਾਲ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਉਸ ਨੂੰ ਆਪਣੀ ਫਰਾਖਦਿਲੀ ਦਿਖਾਉਣੀ ਚਾਹੀਦੀ ਹੈ, ਕਿਉਂਕਿ ਦੇਸ਼ ਦੇ ਅੰਨਦਾਤੇ ਕੋਈ ਬਾਹਰਲੇ ਮੁਲਕ ਦੇ ਦੁਸ਼ਮਣ ਨਹੀਂ ਬਲਕਿ ਇਸੇ ਆਜ਼ਾਦ ਦੇਸ਼ ਦੇ ਨਾਗਰਿਕ ਹਨ। ਜਿੰਨ੍ਹਾਂ ਨੇ ਆਪਣੀ ਹੱਡ ਤੋੜਵੀਂ ਮਿਹਨਤ ਸਦਕਾ ਹੀ ਦੇਸ਼ ਨੂੰ ਅੰਨ ਭੰਡਾਰ ਸਮਰੱਥ ਬਣਾਇਆ ਹੈ। ਇਸ ਲਈ ਉਨ੍ਹਾਂ ਉੱਪਰ ਜਬਰ ਤੇ ਜ਼ੁਲਮ ਕਿਉਂ ? ਇਸ ਦੌਰਾਨ ਉਨ੍ਹਾਂ ਨੇ ਰਸਮੀ ਤੌਰ ਤੇ ਐਲਾਨ ਕੀਤਾ ਕਿ  ਆਪਣੀਆਂ ਹੱਕੀ ਮੰਗਾਂ ਨੂੰ ਮਨਵਾਉਣ ਲਈ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰ ਰਹੇ ਕਿਸਾਨਾਂ ਦੇ ਨਾਲ ਜਵੱਦੀ ਟਕਸਾਲ ਪੂਰੀ ਤਰ੍ਹਾਂ ਡੱਟ ਕੇ ਖੜੀ ਹੈ ਅਤੇ ਉਨ੍ਹਾਂ ਦੀ ਹਰ ਪੱਖੋਂ ਸਹਾਇਤਾ ਕਰਨ ਵਿੱਚ ਹਮੇਸ਼ਾਂ ਆਪਣਾ ਮੋਹਰੀ ਰੋਲ ਅਦਾ ਕਰੇਗੀ।