ਪੀ.ਏ.ਯੂ. ਨੂੰ ਪੋਸਟ ਹਾਰਵੈਸਟ ਇੰਜਨੀਅਰਿੰਗ ਅਤੇ ਤਕਨਾਲੋਜੀ ਕੇਂਦਰ ਦਾ ਸਰਵੋਤਮ ਪੁਰਸਕਾਰ ਮਿਲਿਆ

ਲੁਧਿਆਣਾ, 18 ਮਾਰਚ(ਟੀ. ਕੇ.) 

 
ਪੀ.ਏ.ਯੂ. ਨੂੰ ਸਾਲ 2023-24 ਲਈ ਆਲ ਇੰਡੀਆ ਕੁਆਡੀਨੇਟਿਡ ਖੋਜ ਪੋ੍ਰਜੈਕਟ ਤਹਿਤ ਸਰਵੋਤਮ ਪੋਸਟ ਹਾਰਵੈਸਟ ਇੰਜਨੀਅਰਿੰਗ ਅਤੇ ਤਕਨਾਲੋਜੀ ਕੇਂਦਰ ਐਵਾਰਡ ਨਾਲ ਨਿਵਾਜ਼ਿਆ ਗਿਆ| ਇਹ ਐਵਾਰਡ ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਵਿਭਾਗ ਨੂੰ ਸ਼ਾਨਦਾਰ ਕਾਰਗੁਜ਼ਾਰੀ ਲਈ ਬੀਤੇ ਦਿਨੀਂ ਸਿਫਟ ਲੁਧਿਆਣਾ ਵਿਖੇ ਹੋਈ ਸਲਾਨਾ ਕਾਰਜਸ਼ਾਲਾ ਦੌਰਾਨ ਪ੍ਰਦਾਨ ਕੀਤਾ ਗਿਆ| ਇਸ ਕੇਂਦਰ ਨੂੰ ਦੇਸ਼ ਭਰ ਦੇ 29 ਹੋਰ ਕੇਂਦਰਾਂ ਵਿੱਚੋਂ ਸਭ ਤੋਂ ਬਿਹਤਰ ਕੰਮ ਕਾਜ ਲਈ ਸਰਵੋਤਮ ਕੇਂਦਰ ਐਵਾਰਡ ਮਿਲਿਆ| ਪੀ.ਏ.ਯੂ. ਕੇਂਦਰ ਨੇ ਵਢਾਈ ਤੋਂ ਬਾਅਦ ਫਸਲਾਂ ਦੀ ਤਕਨਾਲੋਜੀ ਦੇ ਵਿਕਾਸ ਵਿਚ ਬਿਹਤਰੀਨ ਯੋਗਦਾਨ ਪਾਇਆ|

 
ਇਸ ਐਵਾਰਡ ਨੂੰ ਦੇਣ ਲਈ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਨਿਰਦੇਸ਼ਕ ਜਨਰਲ ਡਾ. ਐੱਮ ਐੱਮ ਝਾ ਮੌਜੂਦ ਸਨ| ਉਹਨਾਂ ਤੋਂ ਇਲਾਵਾ ਡਾ. ਕੇ ਨਰਸੀਆਹ, ਸਿਫਟ ਦੇ ਨਿਰਦੇਸ਼ਕ ਡਾ. ਨਚਿਕੇਤ ਕੋਤਵਾਲੀ ਵਾਲੇ ਅਤੇ ਕੁਝ ਹੋਰ ਉੱਚ ਅਧਿਕਾਰੀ ਵੀ ਮੌਜੂਦ ਰਹੇ| ਇਹਨਾਂ ਮਾਹਿਰਾਂ ਨੇ ਸ਼ਾਨਦਾਰ ਕਾਰਗੁਜ਼ਾਰੀ ਲਈ ਡਾ. ਐੱਮ ਐੱਸ ਆਲਮ, ਡਾ. ਸੁਰੇਖਾ ਭਾਟੀਆ, ਡਾ. ਸੰਧਿਆ, ਡਾ. ਮਨਪ੍ਰੀਤ ਕੌਰ ਸੈਣੀ, ਡਾ. ਰੋਹਿਤ ਸ਼ਰਮਾ ਅਤੇ ਡਾ. ਗਗਨਦੀਪ ਕੌਰ ਦੀ ਤਾਰੀਫ ਕਰਦਿਆਂ ਹੋਰ ਚੰਗੇ ਕੰਮ ਲਈ ਪ੍ਰੇਰਿਤ ਕੀਤਾ|

 
ਪੀ.ਏ.ਯੂ. ਦਾ ਇਹ ਕੇਂਦਰ ਖੇਤੀ ਪ੍ਰੋਸੈਸਿੰਗ ਕੰਪਲੈਕਸ ਸਥਾਪਿਤ ਕਰਨ ਲਈ ਆਪਣੇ ਵਿਸ਼ੇਸ਼ ਕਾਰਜ ਕਰਨ ਹਿਤ ਪ੍ਰਸਿੱਧ ਹੈ| ਇਸ ਕਾਰਜ ਦੇ ਮੁੱਖ ਨਿਗਰਾਨ ਡਾ. ਐੱਮ ਐੱਸ ਆਲਮ ਨੇ ਇਸ ਕੰਮ ਬਾਰੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਕੇਂਦਰ ਵੱਲੋਂ ਤਕਨਾਲੋਜੀਆਂ ਦੇ ਵਿਕਾਸ ਵਿਚ ਕੀਤੇ ਗਏ ਕੰਮ ਵਿਚ ਸਟੀਵੀਆ ਪਾਊਡਰ ਤਿਆਰ ਕਰਨ, ਮੈਂਥੇ ਦੇ ਤੇਲ ਦੀ ਪ੍ਰੋਸੈਸਿੰਗ ਅਤੇ ਆਂਵਲੇ ਦੇ ਜੂਸ ਸੰਬੰਧੀ ਕੀਤੇ ਕੰਮ ਪ੍ਰਮੁੱਖ ਹਨ| ਇਸ ਤੋਂ ਇਲਾਵਾ ਭੰਡਾਰ ਕੀਤੀਆਂ ਜਾਣ ਵਾਲੀਆਂ ਦਾਲਾਂ ਦੀ ਸੰਭਾਲ ਲਈ ਸੁਰੱਖਿਆ ਕਿੱਟ ਅਤੇ ਸ਼ਹਿਦ ਦੀ ਸੈਂਸਰ ਅਧਾਰਿਤ ਜਾਂਚ ਤੋਂ ਇਲਾਵਾ ਸਬਜ਼ੀਆਂ ਦੇ ਖੇਤਰ ਵਿਚ ਕੀਤੇ ਕਾਰਜ ਨੂੰ ਦੇਖਿਆ ਜਾ ਸਕਦਾ ਹੈ| ਇਸ ਤੋਂ ਇਲਾਵਾ ਕੇਂਦਰ ਨੇ ਖੇਤ ਪੱਧਰ ਤੇ ਫਲਾਂ ਅਤੇ ਸਬਜ਼ੀਆਂ ਦੀ ਧੁਆਈ ਦੀ ਤਕਨਾਲੋਜੀ, ਹਲਦੀ ਦੀ ਧੁਆਈ ਅਤੇ ਪਾਲਸ਼ ਦੀ ਮਸ਼ੀਨ ਤੋਂ ਇਲਾਵਾ ਸ਼ਹਿਦ ਦੀ ਸਾਂਭ-ਸੰਭਾਲ ਲਈ ਤਿਆਰ ਕੀਤੀਆਂ ਤਕਨਾਲੋਜੀਆਂ ਨੂੰ ਅੰਜ਼ਾਮ ਦਿੱਤਾ ਹੈ| ਉਹਨਾਂ ਕਿਹਾ ਕਿ ਇਹਨਾਂ ਸਾਰੀਆਂ ਤਕਨਾਲੋਜੀਆਂ ਨੂੰ ਕਿਸਾਨਾਂ ਅਤੇ ਹੋਰ ਲੋਕਾਂ ਤੱਕ ਪਹੁੰਚਾਉਣ ਲਈ ਕੇਂਦਰ ਨੇ ਵੱਡੀ ਪੱਧਰ ਤੇ ਲੋਕਾਂ ਨੂੰ ਸਿਖਲਾਈ ਦਿੱਤੀ ਹੈ|

 
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਅਤੇ ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਟੀ ਸੀ ਮਿੱਤਲ ਨੇ ਇਸ ਪਰਿਵਾਰ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ|