ਦਿੱਲੀ ਮੋਰਚਾ -2 ਦੇ ਸਾਂਝੇ ਫੋਰਮ ਦੇ ਸੱਦੇ 'ਤੇ ਵਿਸ਼ਾਲ ਤੇ ਰੋਹ ਭਰਪੂਰ ਕਿਸਾਨ- ਮਜ਼ਦੂਰ ਰੈਲੀ ਤੇ ਮਾਰਚ ਉਪਰੰਤ ਡੀ.ਸੀ. ਦਫਤਰ ਲੁਧਿਆਣਾ ਵਿਖੇ ਫੂਕਿਆ ਪ੍ਰਧਾਨ ਮੰਤਰੀ ਦਾ ਪੁਤਲਾ 

ਲੁਧਿਆਣਾ 7 ਅਪ੍ਰੈਲ (ਸਤਵਿੰਦਰ ਸਿੰਘ ਗਿੱਲ)ਦਿੱਲੀ ਮੋਰਚਾ -2 ਦੀਆਂ 200 ਕਿਸਾਨ ਜੱਥੇਬੰਦੀਆਂ ਦੇ ਸਾਂਝੇ ਫੋਰਮ ਦੇ ਸੰਗਰਾਮੀ ਸੱਦੇ ਅਨੁਸਾਰ ਇਸ ਦੀਆਂ ਅੰਗ ਜੱਥੇਬੰਦੀਆਂ ਦਸਮੇਸ਼ ਕਿਸਾਨ -ਮਜ਼ਦੂਰ ਯੂਨੀਅਨ (ਰਜਿ:), ਭਾਰਤੀ ਕਿਸਾਨ ਮਜ਼ਦੂਰ ਯੂਨੀਅਨ,ਵੱਲੋਂ ਅੱਜ ਭਾਈ ਬਾਲਾ ਚੌਂਕ ਨੇੜੇ ਲੁਧਿਆਣਾ ਵਿਖੇ ਵਿਸ਼ਾਲ ਤੇ ਰੋਹ ਭਰਪੂਰ ਕਿਸਾਨ - ਮਜ਼ਦੂਰ ,ਨੌਜਵਾਨ ਪੁਤਲਾ ਫੂਕ ਜਨਤਕ ਰੈਲੀ ਰੱਖੀ ਗਈ ।
     ਇਸ ਰੈਲੀ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਜੱਥੇਬੰਦੀਆਂ ਦੇ ਨਾਮਵਰ ਆਗੂਆਂ ਗੁਰਦਿਆਲ ਸਿੰਘ ਤਲਵੰਡੀ, ਜਸਦੇਵ ਸਿੰਘ ਲਲਤੋਂ, ਗੁਰਦੇਵ ਸਿੰਘ,   ਦਿਲਬਾਗ ਸਿੰਘ ਪ੍ਰਧਾਨ  ,ਮਨਜੀਤ ਸਿੰਘ , ਗੁਰਚਰਨ ਸਿੰਘ,  ਰਣਜੀਤ ਸਿੰਘ, ਅਮਰਜੀਤ ਸਿੰਘ ਨੇ ਵਰਨਣ ਕੀਤਾ ਕਿ ਦਿੱਲੀ ਮੋਰਚਾ -2  ਦੇ ਖਨੌਰੀ ਬਾਰਡਰ ਦੇ ਸ਼ਹੀਦ ਸ਼ੁਭਕਰਨ ਸਿੰਘ ਬੱਲੋ ਦੇ ਕਤਲ ਦੇ ਮੁੱਖ ਦੋਸ਼ੀ ਹਰਿਆਣਾ ਸਰਕਾਰ ਦੇ ਸਾਬਕਾ ਗ੍ਰਹਿ ਮੰਤਰੀ, ਸਬੰਧਤ ਡੀ.ਜੀ.ਪੀ. ਤੇ ਸਾਬਕਾ ਮੁੱਖ ਮੰਤਰੀ ਦੇ ਨਾਮ ਐਫ.ਆਈ.ਆਰ. ਵਿੱਚ ਦਰਜ ਕਰਨ ,ਸਮੇਤ ਕੁੱਲ 12 ਅਹਿਮ ਮੰਗਾਂ ਦੀ ਪ੍ਰਾਪਤੀ ਯਕੀਨੀ ਬਣਾਉਣ ,ਮੋਰਚੇ ਲਈ ਦਿੱਲੀ ਤੱਕ ਦੀਆਂ ਕੁੱਲ ਸੜਕੀ ਰੋਕਾਂ ਖਤਮ ਕਰਵਾਉਣ ਵਾਸਤੇ ਅੱਜ ਦਾ ਦੇਸ਼ ਪੱਧਰੀ ਪੁਤਲਾ ਫੂਕ ਐਕਸ਼ਨ ਕੀਤਾ ਜਾ ਰਿਹਾ ਹੈ ।ਜੇਕਰ ਅਜੇ ਵੀ ਇਹ ਮੰਗਾਂ ਨਾਂ ਮੰਨੀਆਂ  ਗਈਆਂ ਤਾਂ 9 ਅਪ੍ਰੈਲ ਤੋਂ ਸ਼ੰਭੂ ਬਾਰਡਰ 'ਤੇ ਪੂਰੀ ਰੇਲ ਆਵਾਜਾਈ ਠੱਪ ਕਰ ਦਿੱਤੀ ਜਾਵੇਗੀ।          
      ਅੱਜ ਦੀ ਪੁਤਲਾ ਫੂਕ ਰੈਲੀ ਉਪਰੰਤ ਡੀਸੀ ਦਫਤਰ ਲੁਧਿਆਣਾ ਤੱਕ ਭਾਰੀ ਤੇ ਜੋਸ਼ ਭਰਪੂਰ ਪੈਦਲ ਮਾਰਚ ਕੀਤਾ ਗਿਆ ,ਜਿਸ ਉਪਰੰਤ ਫਿਰਕੂ, ਫਾਸ਼ੀ, ਜਾਲਮ ਕਿਸਾਨ -ਮਜ਼ਦੂਰ ਵਿਰੋਧੀ ਤੇ ਲੋਕ ਵਿਰੋਧੀ ਕੇਂਦਰੀ ਹਕੂਮਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਹੱਕੀ ਮੰਗਾਂ ਦੇ ਪੱਖ 'ਚ ਤੇ ਕੇਂਦਰ ਸਰਕਾਰ ਦੇ ਵਿਰੁੱਧ ਆਕਾਸ਼ ਗੁੰਜਾਊ ਨਾਹਰੇ ਤੇ ਜੈਕਾਰੇ ਬੁਲੰਦ ਕੀਤੇ ਗਏ ।
     ਅੱਜ ਦੇ ਐਕਸ਼ਨ ਵਿੱਚ ਹੋਰਨਾਂ ਤੋਂ ਇਲਾਵਾ ਗੁਰਸੇਵਕ ਸਿੰਘ ਸੋਨੀ ਸਵੱਦੀ ,ਬਲਜੀਤ ਸਿੰਘ ਸਵੱਦੀ, ਗੁਰਮੇਲ ਸਿੰਘ ਢੱਟ, ਗੁਰਮੇਲ ਸਿੰਘ ਕਲਾਰ, ਅਮਰੀਕ ਸਿੰਘ ਤਲਵੰਡੀ, ਗੁਰਬਖ਼ਸ਼  ਸਿੰਘ ਤਲਵੰਡੀ, ਅਵਤਾਰ ਸਿੰਘ ਬਿੱਲੂ ਉਚੇਚੇ ਤੌਰ ਤੇ ਸ਼ਾਮਿਲ ਹੋਏ।