ਬਰਤਾਨੀਆ ਦੀ ਆਕਸਫੋਰਡ ਯੂਨੀਵਰਸਿਟੀ ਲਗਾਤਾਰ ਚੌਥੀ ਵਾਰ ਸਿਖਰਲੇ ਸਥਾਨ

ਭਾਰਤ ‘ਟਾਈਮਜ਼ ਹਾਇਰ ਐਜੂਕੇਸ਼ਨ ਵਰਲਡ ਯੂਨੀਵਰਸਿਟੀ ਦਰਜਾਬੰਦੀ’ ਵਿੱਚ ਸਿਖਰਲੀਆਂ ਤਿੰਨ ਸੌ ਸਿੱਖਿਆ ਸੰਸਥਾਵਾਂ ’ਚੋਂ ਬਾਹਰ

ਬਰਮਿਘਮ, ਸਤੰਬਰ 2019- ( ਗਿਆਨੀ ਰਾਵਿਦਰਪਾਲ ਸਿੰਘ )-

 ਵਿਸ਼ਵ ਦੀਆਂ ਸਿਖਰਲੀਆਂ ਸਿੱਖਿਆ ਸੰਸਥਾਵਾਂ ਦੀ ਸਾਲਾਨਾ ਦਰਜਾਬੰਦੀ ਵਿੱਚ ਭਾਰਤੀ ਯੂਨੀਵਰਸਿਟੀਆਂ ਨੇ ਆਪਣੀ ਮੌਜੂਦਗੀ ਵਿੱਚ ਵਾਧਾ ਦਰਜ ਕੀਤਾ ਹੈ। ਇਹ ਵਾਧਾ 49 ਫੀਸਦ ਤੋਂ ਵਧ ਕੇ 56 ਫੀਸਦ ਹੋ ਗਿਆ ਹੈ। ਹਾਲਾਂਕਿ ਭਾਰਤ ਇਸ ਸਾਲ ਦੀ ‘ਟਾਈਮਜ਼ ਹਾਇਰ ਐਜੂਕੇਸ਼ਨ ਵਰਲਡ ਯੂਨੀਵਰਸਿਟੀ ਦਰਜਾਬੰਦੀ’ ਵਿੱਚ ਸਿਖਰਲੀਆਂ ਤਿੰਨ ਸੌ ਸਿੱਖਿਆ ਸੰਸਥਾਵਾਂ ’ਚੋਂ ਬਾਹਰ ਹੋ ਗਿਆ ਹੈ। ਸਾਲ 2012 ਮਗਰੋਂ ਪਹਿਲੀ ਵਾਰ ਹੈ ਜਦੋਂ ਭਾਰਤ ਦੀ ਅੱਵਲ ਨੰਬਰ ਸਿੱਖਿਆ ਸੰਸਥਾ ਬੰਗਲੌਰ ਦੀ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ (ਆਈਆਈਐੱਸਸੀ) ਨੂੰ ਸਿਖਰਲੇ 300 ’ਚੋਂ ਬਾਹਰ ਹੋਣਾ ਪਿਆ ਹੈ। ਉਧਰ ਬਰਤਾਨੀਆ ਦੀ ਆਕਸਫੋਰਡ ਯੂਨੀਵਰਸਿਟੀ ਲਗਾਤਾਰ ਚੌਥੀ ਵਾਰ ਸਿਖਰਲੇ ਸਥਾਨ ’ਤੇ ਰਹੀ ਹੈ। ਨਵੀਆਂ ਯੂਨੀਵਰਸਿਟੀਆਂ ’ਚੋਂ ਆਈਆਈਟੀ ਰੂਪਨਗਰ ਨੇ ਆਈਆਈਟੀ ਇੰਦੌਰ ਨੂੰ ਪਛਾੜਦਿਆਂ ਆਪਣਾ ਨਾਂ ਦਰਜ ਕਰਵਾਇਆ ਹੈ।
ਉਂਜ ਆਈਆਈਐੱਸਸੀ ਅਜੇ ਵੀ ਭਾਰਤ ਦਾ ਸਰਵੋਤਮ ਦਰਜਾਬੰਦੀ ਵਾਲਾ ਸੰਸਥਾਨ ਹੈ, ਪਰ ਇਹ ‘251-300’ ਦੇ ਵਰਗ ’ਚੋਂ ਨਿਕਲ ਕੇ ‘301-350’ ਵਾਲੇ ਵਰਗ ਵਿੱਚ ਚਲਾ ਗਿਆ ਹੈ। ਆਲਮੀ ਦਰਜਾਬੰਦੀ ਵਿੱਚ ਨਿਘਾਰ ਯੂਨਵਰਸਿਟੀ ਦੇ ਸੋਧ, ਸਿੱਖਿਆ ਤੇ ਉਦਯੋਗਾਂ ਲਈ ਉਪਯੋਗਤਾ ਦੇ ਪੱਧਰ ਵਿੱਚ ਕਮੀ ਨੂੰ ਦਰਸਾਉਂਦਾ ਹੈ।
ਟਾਈਮਜ਼ ਹਾਇਰ ਐਜੂਕੇਸ਼ਨ ਦਰਜਾਬੰਦੀ ਦੀ ਸੰਪਾਦਕ ਐਲੀ ਬੋਥਵੇਲ ਨੇ ਕਿਹਾ, ‘ਭਾਰਤ ਵਿੱਚ ਨੌਜਵਾਨਾਂ ਦੀ ਤੇਜ਼ੀ ਨਾਲ ਵਧਦੀ ਆਬਾਦੀ ਤੇ ਅੰਗਰੇਜ਼ੀ ਭਾਸ਼ਾ ਦੇ ਵਧਦੇ ਇਸਤੇਮਾਲ ਕਰਕੇ ਆਲਮੀ ਉੱਚ ਸਿੱਖਿਆ ਵਿੱਚ ਭਾਰਤ ਕੋਲ ਅਸੀਮ ਸੰਭਾਵਨਾਵਾਂ ਹਨ। ਹਾਲਾਂਕਿ ਇਸ ਸਾਲ ਦੀ ਸਿਖਰਲੀ 300 ਦਰਜਾਬੰਦੀ ਵਿੱਚੋਂ ਇਸ ਦਾ ਬਾਹਰ ਹੋਣਾ ਤੇ ਸਿਰਫ਼ ਕੁਝ ਗਿਣਤੀ ਦੀਆਂ ਸੰਸਥਾਵਾਂ ਦਾ ਵਿਕਾਸ ਕਰਨਾ ਕਾਫ਼ੀ ਨਿਰਾਸ਼ਾਜਨਕ ਹੈ।’
ਯੂਨੀਵਰਸਿਟੀਆਂ ਦੀ ਸੰਪੂਰਨ ਸੂਚੀ ਵਿੱਚ ਕੁੱਲ 56 ਭਾਰਤੀ ਯੂਨੀਵਰਸਿਟੀਆਂ ਨੇ ਆਪਣੀ ਥਾਂ ਬਣਾਈ ਹੈ, ਜੋ ਪਿਛਲੇ ਸਾਲ ਦੀ ਗਿਣਤੀ ਨਾਲੋਂ 49 ਵਧ ਹੈ। ਯੂਨੀਵਰਸਿਟੀਆਂ ਦੀ ਨੁਮਾਇੰਦਗੀ ਦੇ ਮਾਮਲੇ ’ਚ ਭਾਰਤ ਪੰਜਵੇਂ ਸਥਾਨ ’ਤੇ ਹੈ। ਇਸ ਸੂਚੀ ਵਿੱਚ ਏਸ਼ੀਆ ’ਚੋਂ ਜਾਪਾਨ ਤੇ ਚੀਨ, ਭਾਰਤ ਨਾਲੋਂ ਉੱਤੇ ਹਨ। ਇਸ ਸਾਲ ਕੁੱਲ ਮਿਲਾ ਕੇ ਸੱਤ ਭਾਰਤੀ ਯੂਨੀਵਰਸਿਟੀਆਂ ਹੇਠਲੇ ਵਰਗ ਵਿੱਚ ਹਨ ਜਦੋਂਕਿ ਦੇਸ਼ ਦੀਆਂ ਬਹੁਤ ਸਾਰੀਆਂ ਸਿੱਖਿਆ ਸੰਸਥਾਵਾਂ ਦੀ ਦਰਜਾਬੰਦੀ ਸਥਿਰ ਹੈ।