ਲੋਹਪੁਰਸ ਜਥੇਦਾਰ ਜਗਦੇਵ ਸਿੰਘ ਤਲਵੰਡੀ ਕਾਲਜ ਆਫ਼ ਪ੍ਰੋਫੈਸ਼ਨਲ ਸਟੱਡੀ ਦੀ ਹੋਂਦ ਨੂੰ ਖ਼ਤਰਾ

ਸਰਕਾਰ ਨਿੱਤ ਨਵੇਂ ਕਾਨੂੰਨਾਂ ਨਾਲ ਪਿਛਲੇ ਖਰਚੇ ਪੈਸੇ ਬਰਬਾਦ ਕਰ ਰਹੀ ਹੈ ਅਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੀ ਹੈ -ਜੱਟਪੁਰੀ

ਰਾਏਕੋਟ, ਸਤੰਬਰ 2019-(ਗੁਰਸੇਵਕ ਸੋਹੀ)-

ਪਿਛਲੀ ਅਕਾਲੀ ਸਰਕਾਰ ਵਲੋਂ ਕੋਠੀ ਬੱਸੀਆਂ ਵਿਖੇ ਸ਼ੁਰੂ ਕੀਤੇ ਲੋਹਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਕਾਲਜ ਆਫ਼ ਪ੍ਰੋਫੈਸ਼ਨਲ ਸਟੱਡੀ ਦੀ ਹੋਂਦ ਨੂੰ ਉਸ ਸਮੇਂ ਖਤਰਾ ਪੈਦਾ ਹੋ ਗਿਆ, ਜਦੋਂ ਸਥਾਨਕ ਕਾਂਗਰਸ ਆਗੂ ਅਤੇ ਨਵੇਂ ਸੰਸਦ ਮੈਂਬਰ ਦੀ ਸਿਫ਼ਾਰਸ਼ 'ਤੇ ਕੈਪਟਨ ਸਰਕਾਰ ਦੇ ਤਕਨੀਕੀ ਸਿੱਖਿਆ ਵਿਭਾਗ ਨੇ ਉਚੇਰੀ ਵਿੱਦਿਆ ਵਾਲੀ ਇਸ ਸੰਸਥਾ ਨੂੰ ਤਬਦੀਲ ਕਰਕੇ ਆਈ.ਟੀ.ਆਈ. ਵਿਚ ਰਲੇਵਾਂ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ । ਅੱਜ ਤਕਨੀਕੀ ਸਿੱਖਿਆ ਵਿਭਾਗ ਦੇ ਹੁਕਮਾਂ 'ਤੇ ਵਿਭਾਗ ਦੀ ਇਕ ਟੀਮ ਕੋਠੀ ਬੱਸੀਆਂ ਵਿਖੇ ਉਸਾਰੀ ਅਧੀਨ ਕਾਲਜ ਦੀ ਇਮਾਰਤ ਦਾ ਨਿਰੀਖਣ ਕਰਨ ਪੁੱਜੀ ਤਾਂ ਇਸ ਦੀ ਭਿਣਕ ਪੈਣ 'ਤੇ ਮਹਾਰਾਜਾ ਦਲੀਪ ਸਿੰਘ ਟਰੱਸਟ ਦੇ ਸਕੱਤਰ ਪਰਮਿੰਦਰ ਸਿੰਘ ਜੱਟਪੁਰੀ ਸਮੇਤ ਟਰੱਸਟੀ ਮੈਂਬਰ ਮੌਕੇ 'ਤੇ ਪੁੱਜੇ, ਜਿਨ੍ਹਾਂ ਟੀਮ ਦਾ ਵਿਰੋਧ ਕੀਤਾ । ਇਸ ਮੌਕੇ ਟਰੱਸਟੀ ਮੈਂਬਰਾਂ ਨੇ ਕਿਹਾ ਕਿ ਇਸ ਕਾਲਜ 'ਤੇ ਪੀ.ਟੀ.ਯੂ. ਵਲੋਂ ਕਰੋੜਾਂ ਰੁਪਏ ਖਰਚੇ ਜਾ ਚੁੱਕੇ ਹਨ ਜਦਕਿ ਇਸ ਜ਼ਮੀਨ ਦੀ ਸੀ.ਐੱਲ.ਯੂ. ਤੱਕ ਹੋ ਚੁੱਕੀ ਹੈ | ਟਰੱਸਟੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਯਾਦ 'ਚ ਬਣੇ ਟੈਕਨੀਕਲ ਕਾਲਜ ਦਾ ਰਲੇਵਾਂ ਨਾ ਕੀਤਾ ਜਾਏ । ਉਧਰ ਜਦ ਟਰੱਸਟ ਦੇ ਪ੍ਰਧਾਨ ਰਣਜੀਤ ਸਿੰਘ ਤਲਵੰਡੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਕਾਂਗਰਸੀ ਆਗੂ ਆਪਣੀ ਸਿਆਸਤ ਚਮਕਾਉਣ ਲਈ ਅਜਿਹਾ ਕਰਵਾ ਰਹੇ ਹਨ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਉਨ੍ਹਾਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਜੇਕਰ ਕਾਲਜ ਦੀ ਹੋਂਦ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸ਼੍ਰੋਮਣੀ ਅਕਾਲੀ ਦਲ ਸਮੇਤ ਸੁਮੱਚਾ ਹਲਕਾ ਸੰਘਰਸ਼ ਕਰੇਗਾ ।