ਪੰਜਾਬ ਸਰਕਾਰ ਵੱਲੋਂ ਖੋਜ ਅਤੇ ਨਵੀਨਤਾ ਨੂੰ ਹੁਲਾਰਾ ਦੇਣ ਲਈ ਉਦਯੋਗਿਕ ਐਸੋਸੀਏਸ਼ਨਾਂ ਅਤੇ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਨਾਲ ਸਮਝੌਤਾ ਸਹੀਬੱਧ

ਲੁਧਿਆਣਾ,ਅਕਤੂਬਰ 2019 -( ਮਨਜਿੰਦਰ ਗਿੱਲ)-ਸੂਬੇ ਵਿੱਚ ਖੋਜ ਅਤੇ ਨਵੀਨਤਾ ਨੂੰ ਹੋਰ ਹੁਲਾਰਾ ਦੇਣ ਲਈ, ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ, ਪੰਜਾਬ ਵੱਲੋਂ ਸਾਂਝੇ ਯਤਨਾਂ ਸਦਕਾ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ (ਜੀ.ਐਨ.ਡੀ.ਈ.ਸੀ.), ਲੁਧਿਆਣਾ ਅਤੇ ਸੈਨੇਟਰੀ ਫਿਟਿੰਗ ਕਲੱਸਟਰ, ਸਟੀਲ ਰੀ-ਰੋਲਿੰਗ ਮਿੱਲ ਅਤੇ ਸਿਲਾਈ ਮਸ਼ੀਨ ਅਤੇ ਪੁਰਜ਼ਿਆਂ ਦੇ ਉਤਪਾਦਕਾਂ ਦੀਆਂ ਪ੍ਰਮੁੱਖ ਉਦਯੋਗਿਕ ਐਸੋਸੀÂਸ਼ਨਾਂ ਨਾਲ ਸਮਝੌਤਾ (ਐਮ.ਓ.ਯੂ.) ਸਹੀਬੱਧ ਕੀਤਾ ਗਿਆ ਹੈ। ਇਹ ਸਮਝੌਤਾ ਸਾਇੰਸ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਕੇਸ਼ ਵਰਮਾ, ਜੀ.ਐਨ.ਡੀ.ਈ.ਸੀ.ਐਲ. ਦੇ ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ, ਆਲ ਇੰਡੀਆ ਸਟੀਲ ਰੀ-ਰੋਲਰਜ਼ ਐਸੋਸੀਏਸ਼ਨ (ਏ.ਆਈ.ਐਸ.ਆਰ.ਏ.), ਮੰਡੀ ਗੋਬਿੰਦਗੜ ਦੇ ਪ੍ਰਧਾਨ ਵਿਨੋਦ ਵਸ਼ਿਸ਼ਟ ਦੁਆਰਾ ਦਸਤਖਤ ਕੀਤੇ ਗਏ ਅਤੇ ਮੋਹਾਲੀ ਹਾਈਟੈੱਕ ਮੈਟਲ ਕਲੱਸਟਰ (ਐਮ.ਐਚ.ਐਮ.ਸੀ.), ਮੁਹਾਲੀ ਦੇ ਡਾਇਰੈਕਟਰ ਬੀ. ਐਸ. ਆਨੰਦ ਅਤੇ ਯੂਨਾਈਟਿਡ ਸਿਲਾਈ ਮਸੀਨ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ (ਯੂ.ਐਸ.ਐਮ.ਪੀ.ਐਮ.ਏ.), ਲੁਧਿਆਣਾ ਦੇ ਚੇਅਰਮੈਨ ਸ. ਦਲਬੀਰ ਸਿੰਘ ਵੱਲੋਂ ਸਹੀਬੱਧ ਕੀਤਾ ਗਿਆ। ਵਰਮਾ ਨੇ ਕਿਹਾ ਕਿ ਮਿਸ਼ਨ ਤੰਦਰੁਸਤ ਪੰਜਾਬ 2.0 ਦੇ ਉਦੇਸ਼ ਦੀ ਪੂਰਤੀ ਲਈ ਵਾਤਾਵਰਣ, ਮੌਸਮ ਵਿੱਚ ਤਬਦੀਲੀ ਅਤੇ ਜਨਤਕ ਸਿਹਤ ਨਾਲ ਜੁੜੇ ਸੂਬੇ ਦੇ ਮਹੱਤਵਪੂਰਨ ਮੁੱਦਿਆਂ ਨੂੰ ਸਾਂਝੇ ਰੂਪ ਵਿੱਚ ਹੱਲ ਕਰਨ ਲਈ ਇਹ ਪਹਿਲਕਦਮੀ ਕੀਤੀ ਗਈ ਹੈ। ਉਹਨਾਂ ਅੱਗੇ ਕਿਹਾ ਕਿ ਇਸ ਪਹਿਲਕਦਮੀ ਸਦਕਾ ਸੂਬੇ ਵਿਚ ਖੋਜ ਅਤੇ ਨਵੀਨਤਾ ਨੂੰ ਹੁਲਾਰਾ ਮਿਲੇਗਾ ਜਿਸ ਨਾਲ ਮੁਕਾਬਲੇਬਾਜ਼ੀ ਤੇ ਆਰਥਿਕ ਵਿਕਾਸ ਵੱਧਣ ਦੇ ਨਾਲ ਨਾਲ ਨੌਕਰੀਆਂ ਦੇ ਵਧੇਰੇ ਮੌਕੇ ਪੈਦਾ ਹੋਣਗੇ। ਇਸ ਸਮਾਗਮ ਦੌਰਾਨ, ਰਾਕੇਸ ਵਰਮਾ ਨੇ ਦੱਸਿਆ ਕਿ ਮਾਰਕਿਟ ਵਿਚ ਬਣੇ ਰਹਿਣ ਲਈ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਵਿਚ ਖੋਜ ਅਤੇ ਨਵੀਨਤਾ ਸਮੇਂ ਦੀ ਲੋੜ ਹੈ। ਇਸ ਤੋਂ ਇਲਾਵਾ, ਸੂਬੇ ਵਿਚ ਐਮ.ਐਸ.ਐਮ.ਈਜ਼ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਲਈ ਉਦਯੋਗ ਅਤੇ ਅਕਾਦਮੀਆਂ ਨੂੰ ਆਪਸ ਵਿਚ ਜੋੜਨ ਦੀ ਸਖਤ ਜ਼ਰੂਰਤ ਹੈ। ਉਨਾਂ ਅੱਗੇ ਕਿਹਾ ਕਿ ਉਦਯੋਗਿਕ ਐਸੋਸੀਏਸ਼ਨਾਂ ਨਾਲ ਕੀਤੇ ਇਸ ਸਮਝੌਤੇ ਵਿਚ ਨਵੇਂ ਉਤਪਾਦਾਂ ਦੇ ਵਿਕਾਸ ਲਈ ਆਰ ਐਂਡ ਡੀ ਸਹਾਇਤਾ, ਉੱਨਤ ਨਿਰਮਾਣ, ਇੰਡਸਟਰੀ 4.0, ਕਾਰਜ ਕੁਸ਼ਲਤਾ, ਕੂੜੇ ਨੂੰ ਘੱਟ ਕਰਨਾ ਅਤੇ ਸਮਰੱਥਾ ਵਧਾਉਣਾ ਸ਼ਾਮਲ ਹੈ। ਵਰਮਾ ਨੇ ਕਿਹਾ ਕਿ ਇਸ ਪਹਿਲਕਦਮੀ ਨਾਲ ਨਿਰਮਾਣ, ਊਰਜਾ ਅਤੇ ਵਾਤਾਵਰਣ ਦੇ ਖੇਤਰਾਂ ਵਿਚ ਨਵੀਆਂ ਖੋਜਾਂ ਲਈ ਸੂਬੇ ਵਿਚ ਵਿਸ਼ੇਸ਼ ਸਹਿਯੋਗੀ ਪ੍ਰੋਗਰਾਮ ਚਲਾਏ ਜਾਣਗੇ।