ਡੇਅਰੀ ਉੱਦਮ ਸਿਖ਼ਲਾਈ ਲਈ ਸਿਖਿਆਰਥੀਆਂ ਦੀ ਚੋਣ 8 ਨਵੰਬਰ ਨੂੰ-ਡਿਪਟੀ ਡਾਇਰੈਕਟਰ

 

ਡੇਅਰੀ ਫਾਰਮਿੰਗ ਸ਼ੁਰੂ ਕਰਨ ਤੋਂ ਪਹਿਲਾਂ ਧਿਆਨਯੋਗ ਗੱਲਾਂ ਬਾਰੇ ਦਿੱਤੀ ਜਾਵੇਗੀ ਸਿਖ਼ਲਾਈ

ਲੁਧਿਆਣਾ, ਅਕਤੂਬਰ 2019- (ਮਨਜਿੰਦਰ ਗਿੱਲ)- ਡੇਅਰੀ ਸਿਖ਼ਲਾਈ ਅਤੇ ਵਿਸਥਾਰ ਕੇਂਦਰ, ਬੀਜਾ (ਲੁਧਿਆਣਾ) ਵਿਖੇ ਡੇਅਰੀ ਸਿਖ਼ਲਾਈ ਕੋਰਸ ਚਲਾਏ ਜਾ ਰਹੇ ਹਨ। ਇਹਨਾਂ ਸਿਖ਼ਲਾਈ ਕੋਰਸਾਂ ਦੌਰਾਨ ਡੇਅਰੀ ਕਿੱਤੇ ਨਾਲ ਸੰਬੰਧਤ ਕਿਸਾਨਾਂ ਨੂੰ ਇਸ ਕਿੱਤੇ ਵਿੱਚ ਸਫ਼ਲ ਹੋਣ ਲਈ ਵੱਖ-ਵੱਖ ਵਿਸ਼ਾ ਮਾਹਿਰਾਂ ਵੱਲੋਂ ਸਿਖ਼ਲਾਈ ਦਿੱਤੀ ਜਾਂਦੀ ਹੈ। ਦਿਲਬਾਗ ਸਿੰਘ ਹਾਂਸ, ਡਿਪਟੀ ਡਾਇਰੈਕਟਰ ਡੇਅਰੀ ਲੁਧਿਆਣਾ-ਕਮ-ਇੰਚਾਰਜ ਡੇਅਰੀ ਸਿਖ਼ਲਾਈ ਕੇਂਦਰ, ਬੀਜਾ ਨੇ ਦੱਸਿਆ ਕਿ ਅਗਲੇ ਡੇਅਰੀ ਉੱਦਮ ਸਿਖ਼ਲਾਈ ਕੋਰਸ ਲਈ ਉਮੀਦਵਾਰਾਂ ਦੀ ਚੋਣ ਮਿਤੀ 8 ਨਵੰਬਰ, 2019 ਨੂੰ ਸਵੇਰੇ 10.00 ਵਜੇ ਡੇਅਰੀ ਸਿਖ਼ਲਾਈ ਅਤੇ ਵਿਸਥਾਰ ਕੇਂਦਰ, ਬੀਜਾ ਵਿਖੇ ਕੀਤੀ ਜਾਣੀ ਹੈ। ਸਿਖ਼ਲਾਈ ਲੈਣ ਦੇ ਚਾਹਵਾਨ ਨੌਜਵਾਨ ਵਧੇਰੇ ਜਾਣਕਾਰੀ ਲਈ ਆਪਣੇ ਜ਼ਿਲੇ ਦੇ ਡਿਪਟੀ ਡਾਇਰੈਕਟਰ ਡੇਅਰੀ ਜਾਂ ਡੇਅਰੀ ਵਿਕਾਸ ਵਿਭਾਗ ਦੇ ਲੁਧਿਆਣਾ ਦਫ਼ਤਰ ਦੇ ਹੈਲਪਲਾਈਨ ਨੰ: 0161-2400223 ਵਿਖੇ ਸੰਪਰਕ ਕਰ ਸਕਦੇ ਹਨ। ਉਨਾਂ ਦੱਸਿਆ ਕਿ ਇਨਾਂ ਕੋਰਸਾਂ ਦੌਰਾਨ ਡੇਅਰੀ ਫਾਰਮਿੰਗ ਸ਼ੁਰੂ ਕਰਨ ਤੋਂ ਪਹਿਲਾਂ ਧਿਆਨਯੋਗ ਗੱਲਾਂ, ਦੁਧਾਰੂ ਪਸ਼ੂਆਂ ਦੀਆਂ ਨਸਲਾਂ, ਨਸਲ ਸੁਧਾਰ ਲਈ ਨਸਲਕਸੀ, ਬਨਾਵਟੀ ਗਰਭਦਾਨ, ਸਾਰਾ ਸਾਲ ਹਰਾ ਚਾਰਾ ਪੈਦਾ ਕਰਨ ਦੀ ਵਿਉਂਤਬੰਦੀ, ਪਸ਼ੂਆਂ ਦੀਆਂ ਆਮ ਬੀਮਾਰੀਆਂ ਬਾਰੇ, ਦੁੱਧ ਦੀ ਫੈਟ/ਐਸ.ਐਨ.ਐਫ ਬਾਰੇ, ਦੁੱਧ ਤੋਂ ਦੁੱਧ ਪਦਾਰਥ ਤਿਆਰ ਕਰਨ ਬਾਰੇ, ਗੰਢੋਇਆਂ ਦੀ ਖਾਦ ਤਿਆਰ ਕਰਨ ਬਾਰੇ, ਸੰਤੁਲਿਤ ਪਸ਼ੂ ਖੁਰਾਕ ਤਿਆਰ ਕਰਨ ਅਤੇ ਵਰਤੋਂ, ਸਾਫ ਦੁੱਧ ਪੈਦਾ ਕਰਨ, ਡੇਅਰੀ ਫਾਰਮਿੰਗ ਦੀ ਆਰਥਿਕਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਂਦੀ ਹੈ। ਡੇਅਰੀ ਉੱਦਮ ਸਿਖ਼ਲਾਈ ਵਿੱਚ ਸਿਖਿਆਰਥੀਆਂ ਨੂੰ ਪਸ਼ੂਧੰਨ ਪ੍ਰਬੰਧਨ ਅਤੇ ਦੁੱਧ ਤੋਂ ਦੁੱਧ ਪਦਾਰਥ ਤਿਆਰ ਕਰਨ ਬਾਰੇ ਪ੍ਰੈਕਟੀਕਲ ਵੀ ਕਰਵਾਏ ਜਾਂਦੇ ਹਨ। ਵਿਭਾਗੀ ਮਾਹਿਰਾਂ ਤੋਂ ਇਲਾਵਾ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਮਾਹਿਰਾਂ ਵੱਲੋਂ ਵੀ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਡੇਅਰੀ ਕਿੱਤੇ ਨਾਲ ਸਬੰਧਤ ਫਿਲਮਾਂ ਵੀ ਦਿਖਾਈਆਂ ਜਾਂਦੀਆਂ ਹਨ ਅਤੇ ਸਿੱਖਿਆਰਥੀਆਂ ਨੂੰ ਅਗਾਂਹਵਧੂ ਡੇਅਰੀ ਫਾਰਮਾਂ ਦੇ ਦੌਰੇ ਵੀ ਕਰਵਾਏ ਜਾਂਦੇ ਹਨ। ਸਫਲਤਾਪੂਰਵਕ ਸਿਖ਼ਲਾਈ ਪ੍ਰਾਪਤ ਕਰਤਾ ਨੂੰ ਡੇਅਰੀ ਧੰਦਾ ਸ਼ੁਰੂ ਕਰਕੇ ਸਵੈ-ਰੋਜ਼ਗਾਰ ਸਥਾਪਤ ਕਰਨ ਲਈ ਡੇਅਰੀ ਕਰਜ਼ਾ ਮੁਹੱਈਆ ਕਰਵਾਇਆ ਜਾਂਦਾ ਹੈ। ਉਨਾਂ ਕਿਹਾ ਕਿ ਨੌਜਵਾਨਾਂ ਨੂੰ ਡੇਅਰੀ ਸਿਖ਼ਲਾਈ ਪ੍ਰਾਪਤ ਕਰਕੇ ਵਿਭਾਗ ਦੀਆਂ ਸਕੀਮਾਂ ਦਾ ਪੂਰਨ ਲਾਹਾ ਲੈ ਕੇ ਆਪਣੇ ਡੇਅਰੀ ਦੇ ਧੰਦੇ ਨੂੰ ਵਪਾਰਕ ਲੀਹਾਂ 'ਤੇ ਲਿਜਾਣਾ ਚਾਹੀਦਾ ਹੈ। ਨੌਜਵਾਨ ਆਪਣੇ ਡੇਅਰੀ ਫਾਰਮ ਦੀ ਵਧੀਆ ਦੇਖਭਾਲ ਅਤੇ ਮਨਸੂਈ ਗਰਭਦਾਨ ਰਾਹੀਂ ਨਸਲ ਸੁਧਾਰ ਕਰਨ ਅਤੇ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰਨ। ਅੱਜ ਦੇ ਸਮੇਂ ਵਿਚ ਖੇਤੀ ਜਿਣਸਾਂ ਦੀਆਂ ਕੀਮਤਾਂ ਵਿਚ ਖੜੋਤ, ਜ਼ਮੀਨ ਦੀ ਵੰਡ ਅਤੇ ਖੇਤੀ ਲਾਗਤਾਂ ਦੇ ਵਧ ਜਾਣ ਕਾਰਨ ਕਿਸਾਨਾਂ ਦੀ ਮਾਲੀ ਹਾਲਤ ਕਮਜ਼ੋਰ ਹੋ ਰਹੀ ਹੈ। ਇਸ ਤੋਂ ਬਚਣ ਲਈ ਨੌਜਵਾਨਾਂ ਨੂੰ ਡੇਅਰੀ ਦੇ ਧੰਦੇ ਸਬੰਧੀ ਤਕਨੀਕੀ ਜਾਣਕਾਰੀ ਹਾਸਿਲ ਕਰਕੇ ਅਤੇ ਵਪਾਰਕ ਲੀਹਾਂ 'ਤੇ ਚਲਾ ਕੇ ਵੱਧ ਤੋਂ ਵੱਧ ਮੁਨਾਫਾ ਕਮਾਉਣਾ ਚਾਹੀਦਾ ਹੈ ਅਤੇ ਵਿਭਾਗ ਦੀਆਂ ਸਕੀਮਾਂ ਦਾ ਵੀ ਲਾਭ ਲੈਣਾ ਚਾਹੀਦਾ ਹੈ।