ਪਿੰਡ ਮਲਕ ਦੇ ਅਕਾਲੀ ਦਲ ਨਾਲ ਸਬੰਧਿਤ ਸਾਬਕਾ ਸਰਪੰਚ ਤੇ ਮਿ੍ਤਕਾਂ ਦੀਆਂ ਬੁਢਾਪਾ ਪੈਨਸ਼ਨਾਂ ਖਾਣ ਦੇ ਦੋਸ਼

ਵਿਭਾਗ ਵਲੋਂ ਮੁਹੱਈਆ ਕਰਵਾਏ ਰਿਕਾਰਡ ਅਨੁਸਾਰ ਸਾਲ 2013 ਤੋਂ 2017 ਦੌਰਾਨ ਪਿੰਡ ਦੇ ਮਰ ਚੁੱਕੇ ਅਨੇਕਾਂ ਬਜੁਰਗ ਲਗਤਾਰ ਪੈਨਸ਼ਨਾਂ ਪ੍ਰਾਪਤ ਕਰ ਰਹੇ ਹਨ 

ਜਗਰਾਉਂ/ਲੁਧਿਆਣਾ, ਨਵੰਬਰ  2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )-

ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਨਜ਼ਦੀਕੀ ਪਿੰਡ ਮਲਕ ਦੇ ਸਾਬਕਾ ਸਰਪੰਚ ਆਪਣੇ ਸਾਥੀਆਂ ਨਾਲ ਮਿਲ ਕੇ ਪਿੰਡ ਦੇ ਮਿ੍ਤਕ ਵਿਅਕਤੀਆਂ ਅਤੇ ਔਰਤਾਂ ਦੀਆਂ 2-3 ਸਾਲ ਪੈਨਸ਼ਨਾਂ ਛਕਦਾ ਰਿਹਾ | ਜਿਸਦਾ ਖ਼ੁਲਾਸਾ ਬੂਟਾ ਸਿੰਘ ਢਿੱਲੋਂ ਵਲੋਂ ਆਰ.ਟੀ.ਆਈ. ਕਨੂੰਨ ਅਧੀਨ ਪ੍ਰਾਪਤ ਸੂਚਨਾ ਦੇ ਅਧਾਰ 'ਤੇ ਕੀਤਾ ਹੈ | ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਸੂਬੇ ਦੀ ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਸੂਬੇ ਭਰ 'ਚ ਬੁਢਾਪਾ, ਬੇਸਹਾਰਾ ਆਦਿ ਪੈਨਸ਼ਨਾਂ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਰਾਹੀ ਵੰਡੀਆਂ ਜਾਂਦੀਆਂ ਸਨ | ਇਸੇ ਲੜੀ ਅਧੀਨ ਹਲਕਾ ਜਗਰਾਉਂ ਦੇ ਪਿੰਡ ਮਲਕ 'ਚ 2013 ਤੋਂ 2017 ਤੱਕ ਜ਼ਰੂਰਤਮੰਦਾਂ ਨੂੰ ਪਿੰਡ ਦੇ ਸਰਪੰਚ ਬਲਦੇਵ ਸਿੰਘ ਜਿਊਣਾ ਦੀ ਅਗਵਾਈ 'ਚ ਸਬੰਧਿਤ ਕਮੇਟੀ ਵਲੋਂ ਪੈਨਸ਼ਨਾਂ ਵੰਡੀਆਂ ਜਾਂਦੀਆਂ ਸਨ | ਇਸੇ ਪਿੰਡ ਦੇ ਨਾਗਰਿਕ ਬੂਟਾ ਸਿੰਘ ਢਿੱਲੋਂ ਵਲੋਂ ਸਾਲ 2013 ਤੋਂ 2017 ਦੌਰਾਨ ਪਿੰਡ ਮਲਕ 'ਚ ਵੰਡੀਆਂ ਗਈਆਂ ਪੈਨਸ਼ਨਾਂ ਦੀ ਆਰ.ਟੀ.ਆਈ ਅਧੀਨ ਬਾਲ ਵਿਕਾਸ ਅਤੇ ਸਮਾਜ ਭਲਾਈ ਵਿਭਾਗ ਤੋਂ ਜਾਣਕਾਰੀ ਮੰਗੀ ਗਈ | ਪਰ ਵਿਭਾਗ ਵਲੋਂ ਲੰਮਾ ਸਮਾਂ ਸੂਚਨਾ ਮੁਹੱਈਆ ਨਾ ਕਰਵਾਏ ਜਾਣ ਕਾਰਨ ਅਖੀਰ ਬੂਟਾ ਸਿੰਘ ਢਿੱਲੋਂ ਨੂੰ ਪੰਜਾਬ ਦੇ ਮੁੱਖ ਸੂਚਨਾ ਕਮਿਸ਼ਨ ਦਾ ਦਰਵਾਜ਼ਾ ਖੜਕਾਉਣਾ ਪਿਆ | ਜਿਸ ਤੋਂ ਬਾਅਦ ਵਿਭਾਗ ਵਲੋਂ ਪਿੰਡ ਮਲਕ 'ਚ ਵੰਡੀਆਂ ਗਈਆਂ ਪੈਨਸ਼ਨਾਂ ਦਾ ਰਿਕਾਰਡ ਮੁਹੱਈਆਂ ਕਰਵਾਇਆ | ਜਿਸ ਨੂੰ ਦੇਖ ਕੇ ਹਰੇਕ ਵਿਅਕਤੀ ਦੇ ਦੰਦ ਜੁੜ ਗਏ, ਕਿਉਂਕਿ ਵਿਭਾਗ ਵਲੋਂ ਮੁਹੱਈਆ ਕਰਵਾਏ ਰਿਕਾਰਡ ਅਨੁਸਾਰ ਸਾਲ 2013 ਤੋਂ 2017 ਦੌਰਾਨ ਪਿੰਡ ਦੇ ਮਰ ਚੁੱਕੇ ਅਨੇਕਾਂ ਬਜੁਰਗ ਲਗਤਾਰ ਪੈਨਸ਼ਨਾਂ ਪ੍ਰਾਪਤ ਕਰ ਰਹੇ ਹਨ | ਜਿਨ੍ਹਾਂ ਦੀ ਪੈਨਸ਼ਨ ਛਕਣ ਲਈ ਸਰਪੰਚ ਵਲੋਂ ਫਰਜ਼ੀ ਅੰਗੂਠੇ ਲਾਏ ਗਏ ਹਨ | ਇਥੇ ਹੀ ਬਸ ਨਹੀਂ ਪਿੰਡ ਮਲਕ ਦੇ ਇਕ ਮਹੀਨੇ ਦੀ ਪੂਰੀ ਦੀ ਪੂਰੀ ਪੈਨਸ਼ਨ ਵੰਡੇ ਜਾਣ ਦਾ ਸਰਪੰਚ ਵਲੋਂ ਵਿਭਾਗ ਕੋਲ ਰਿਕਾਰਡ ਜਮ੍ਹਾਂ ਨਹੀਂ ਕਰਵਾਇਆ ਗਿਆ, ਜਦੋਂ ਕਿ ਸਰਪੰਚ ਵਲੋਂ ਬਕਾਇਦਾ ਉਸ ਮਹੀਨੇ ਦੀ ਪੈਨਸ਼ਨ ਦੀ ਰਾਸ਼ੀ ਕਰੀਬ 1 ਲੱਖ 50 ਹਜ਼ਾਰ ਬੈਂਕ 'ਚੋ ਕਢਵਾਈ ਗਈ ਹੈ | ਬੂਟਾ ਸਿੰਘ ਢਿੱਲੋਂ ਨੇ ਕਿਹਾ ਕਿ ਮਿ੍ਤਕਾਂ ਦੀ ਪੈਨਸ਼ਨਾਂ ਹੜੱਪਣ 'ਚ ਸਰਪੰਚ ਦੇ ਨਾਲ-ਨਾਲ ਪੈਨਸ਼ਨਾਂ ਵੰਡਣ ਵਾਲੀ ਕਮੇਟੀ ਦੇ ਮੈਂਬਰ ਅਤੇ ਸਬੰਧਿਤ ਵਿਭਾਗ ਦੇ ਕਰਮਚਾਰੀਆਂ ਦੀ ਮਿਲੀਭੁਗਤ ਹੋ ਸਕਦੀ ਹੈ | ਜਿਸਦਾ ਸੱਚ ਜਲਦੀ ਸਾਹਮਣੇ ਲਿਆਂਦਾ ਜਾਵੇਗਾ | ਪਿੰਡ ਮਲਕ 'ਚ ਅਕਾਲੀ ਸਰਪੰਚ ਵਲੋਂ ਪੈਨਸਨਾਂ ਵੰਡਣ 'ਚ ਕੀਤੀ ਗਈ ਹੇਰਾਫੇਰੀ ਦਾ ਪਰਦਾਫਾਸ਼ ਕਰਨ ਵਾਲੇ ਬੂਟਾ ਸਿੰਘ ਢਿੱਲੋਂ ਨੇ ਕਿਹਾ ਸਰਪੰਚ ਬਲਦੇਵ ਸਿੰਘ ਅਤੇ ਉਸਦੇ ਸਾਥੀਆਂ ਵਲੋਂ ਜਿੱਥੇ ਪਿੰਡ ਦੇ ਮਿ੍ਤਕਾਂ ਦੀਆਂ ਪੈਨਸ਼ਨਾਂ ਖਾਧੀਆਂ ਹਨ, ਉੱਥੇ ਸਰਪੰਚ ਵਲੋਂ ਪਿੰਡ ਦੇ ਵਿਕਾਸ ਕਾਰਜ਼ਾਂ ਲਈ ਖਰਚ ਕੀਤੀ 1 ਕਰੋੜ ਤੋਂ ਵੱਧ ਦੀ ਗ੍ਰਾਟ 'ਚ ਵੀ ਗੜਬੜੀ ਕੀਤੇ ਦਾ ਸ਼ੱਕ ਹੈ | ਬੂਟਾ ਸਿੰਘ ਢਿੱਲੋਂ ਨੇ ਕਿਹਾ ਕਿ ਪਿੰਡ ਦੀ ਪਿਛਲੀ ਗ੍ਰਾਮ ਪੰਚਾਇਤ ਵਲੋਂ ਕਰਵਾਏ ਗਏ ਵਿਕਾਸ ਕਾਰਜ਼ਾਂ ਦੀ ਵਿਜੀਲੈਂਸ ਤੋਂ ਨਿਰਪੱਖ ਜਾਂਚ ਕਰਵਾਈ ਜਾ ਰਹੀ ਹੈ ਅਤੇ ਸਰਪੰਚ ਬਲਦੇਵ ਸਿੰਘ ਅਤੇ ਉਸਦੇ ਸਾਥੀਆਂ ਵਲੋਂ ਮਿ੍ਤਕ ਵਿਅਕਤੀਆਂ ਦੇ ਫਰਜ਼ੀ ਅੰਗੂਠੇ ਲਾ ਕੇ ਹੜੱਪ ਕੀਤੀਆਂ ਪੈਨਸ਼ਨਾਂ ਦੀ ਸ਼ਿਕਾਇਤ ਮੁੱਖ ਮੰਤਰੀ ਪੰਜਾਬ, ਡੀ.ਜੀ.ਪੀ. ਪੰਜਾਬ ਅਤੇ ਐਸ.ਐਸ.ਪੀ. ਲੁਧਿਆਣਾ ਦਿਹਾਤੀ ਨੂੰ ਕੀਤੀ ਜਾ ਰਹੀ ਹੈ | ਉੱਧਰ ਮਿ੍ਤਕਾਂ ਦੀ ਪੈਨਸ਼ਨਾਂ ਖਾਣ ਸਬੰਧੀ ਸਰਪੰਚ ਬਲਦੇਵ ਸਿੰਘ ਨਾਲ ਗੱਲ ਕੀਤੀ ਤਾ ਉਸਨੇ ਪਹਿਲਾਂ ਕਿਹਾ ਕਿ ਖਾਧੀਆਂ ਪੈਨਸ਼ਨਾਂ ਉਸਨੇ ਹੁਣ ਜਮ੍ਹਾ ਕਰਵਾ ਦਿੱਤੀਆਂ ਹਨ | ਪਰ ਬਾਅਦ 'ਚ ਉਸਨੇ ਇਹ ਵੀ ਕਿਹਾ ਕਿ ਉਹ ਬੈਂਕ 'ਚੋ ਪੈਨਸ਼ਨਾਂ ਦੀ ਰਕਮ ਕਢਵਾ ਕੇ ਪਿੰਡ ਦੀ ਕਮੇਟੀ ਦੇ ਮੈਂਬਰਾਂ ਨੂੰ ਫੜਾ ਦਿੰਦਾ ਸੀ ਅਤੇ ਕਮੇਟੀ ਦੇ ਮੈਂਬਰ ਹੀ ਪੈਨਸ਼ਨਾਂ ਵੰਡਦੇ ਸਨ |