ਢਾਈ ਦਹਾਕਿਆਂ ਮਗਰੋਂ ਹੋਈ ਸੁਬੇਗ ਸਿੰਘ ਦੀ ਰਿਹਾਈ

ਰਿਹਾਈ ਤੋਂ ਬਾਦ ਸੁਬੇਗ ਸਿੰਘ ਪਹੁੰਚੇ ਲੁਧਿਆਣਾ , ਜਿਥੇ ਭਵਨਦੀਪ ਸਿੰਘ ਸਿੱਧੂ ਅਤੇ ਭਾਈ ਜੰਗ ਸਿੰਘ ਨਾਲ ਮੁਲਾਕਾਤ ਕੀਤੀ

ਬਾਪੂ ਸੂਰਤ ਸਿੰਘ ਖਾਲਸਾ ਨੂੰ ਵੀ ਮਿਲਣ CMC ਹਸਪਤਾਲ ਪਹੁੰਚੇ

ਲੁਧਿਆਣਾ, ਨਵੰਬਰ 2019-(ਮਨਜਿੰਦਰ ਗਿੱਲ)-

ਸਾਲ 1995 ਵਿੱਚ ਚੰਡੀਗੜ੍ਹ ’ਚ ਹੋਏ ਇੱਕ ਕਤਲ ਅਤੇ 2004 ’ਚ ਵਾਪਰੇ ਬੁੜੈਲ ਜੇਲ੍ਹ ਕਾਂਡ ’ਤੇ ਆਧਾਰਿਤ ਕੇਸਾਂ ਨੂੰ ਲੈ ਕੇ ਢਾਈ ਦਹਾਕਿਆਂ ਤੋਂ ਚੰਡੀਗੜ੍ਹ ਤੇ ਪੰਜਾਬ ਦੀਆਂ ਜੇਲ੍ਹਾਂ ’ਚ ਬੰਦ ਚੱਲੇ ਆ ਰਹੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਸੂਹਰੋਂ ਵਾਸੀ ਸੁਬੇਗ ਸਿੰਘ ਸੂਹਰੋਂ ਨੂੰ ਵੀ 18 ਨਵੰਬਰ ਦੇਰ ਸ਼ਾਮੀਂ ਰਿਹਾਅ ਕਰ ਦਿੱਤਾ ਗਿਆ ਹੈ। ਇਨ੍ਹਾਂ ਮਾਮਲਿਆਂ ਵਿੱਚ ਉਸ ਦੇ ਸਾਥੀ ਨੰਦ ਸਿੰਘ ਸੂਹਰੋਂ ਦੀ ਪਿਛਲੇ ਹਫ਼ਤੇ ਹੀ ਰਿਹਾਈ ਹੋ ਗਈ ਸੀ।
ਚੰਡੀਗੜ੍ਹ ਵਿੱਚ ਬਚਨ ਸਿੰਘ ਨਾਮ ਦੇ ਵਿਅਕਤੀ ਦੇ ਹੋਏ ਕਤਲ ਸਬੰਧੀ ਕੇਸ ’ਚ ਸੁਬੇਗ ਸਿੰਘ ਤੇ ਨੰਦ ਸਿੰਘ ਨੂੰ ਚੰਡੀਗੜ੍ਹ ਦੀ ਅਦਾਲਤ ਤੋਂ ਉਮਰ ਕੈਦ ਦੀ ਸਜ਼ਾ ਹੋਈ ਸੀ। ਉਹ ਦੋਵੇਂ ਬੁੜੈਲ ਜੇਲ੍ਹ ਵਿੱਚ ਅਜੇ ਉਮਰ ਕੈਦ ਦੀ ਸਜ਼ਾ ਭੁਗਤ ਹੀ ਰਹੇ ਸਨ ਕਿ ਸਾਲ 2004 ਵਿਚ ਬੁੜੈਲ ਜੇਲ੍ਹ ਵਿਚੋਂ ਸੁਰੰਗ ਪੁੱਟ ਕੇ ਬੇਅੰਤ ਸਿੰਘ ਕਤਲ ਕੇਸ ਦੇ ਦੋਸ਼ੀ ਜਗਤਾਰ ਹਵਾਰਾ, ਜਗਤਾਰ ਤਾਰਾ, ਪਰਮਜੀਤ ਭਿਓਰਾ ਤੇ ਇੱਕ ਹੋਰ ਕੈਦੀ ਫਰਾਰ ਹੋ ਗਏ ਸਨ। ਇਸ ਸਬੰਧੀ ਦਰਜ ਹੋਏ ਕੇਸ ’ਚ ਸੁਬੇਗ ਸਿੰਘ ਤੇ ਨੰਦ ਸਿੰਘ ਨੂੰ ਵੀ ਸਾਜ਼ਿਸ਼ੀਆਂ ਵਜੋਂ ਸ਼ਾਮਲ ਕੀਤਾ ਗਿਆ ਸੀ, ਪਰ ਇਸ ਕੇਸ ਵਿਚੋਂ ਦੋਵੇਂ ਕਈ ਸਾਲ ਪਹਿਲਾਂ ਹੀ ਬਰੀ ਹੋ ਗਏ ਸਨ। ਬੁੜੈਲ ਜੇਲ੍ਹ ਬਰੇਕ ਕੇਸ ਕਰਕੇ ਹੀ ਉਨ੍ਹਾਂ ਨੂੰ ਢਾਈ ਦਹਾਕਿਆਂ ਤੱਕ ਜੇਲ੍ਹ ’ਚ ਰਹਿਣਾ ਪਿਆ। ਇਹ ਕੇਸ ਨਾ ਹੁੰਦਾ ਤਾਂ ਉਹ ਕਦੋਂ ਦੇ ਬਾਹਰ ਆ ਜਾਂਦੇ। ਹਾਈ ਕੋਰਟ ਵੱਲੋਂ ਜਾਰੀ ਆਦੇਸ਼ਾਂ ’ਚ ਇਨ੍ਹਾਂ ਦੋਵਾਂ ਕੈਦੀਆਂ ਤੋਂ ਪਟਿਆਲਾ ਦੇ ਡੀਸੀ ਦਫ਼ਤਰ ਵਿੱਚ ਜ਼ਮਾਨਤੀ ਬੌਂਡ ਭਰਵਾਉਣ ਲਈ ਆਖਿਆ ਗਿਆ ਸੀ। ਪਰ ਸੁਬੇਗ ਸਿੰਘ ਦੇ ਜ਼ਮਾਨਤੀ ਬੌਂਡ ਭਰਨ ’ਚ ਹੋਈ ਦੇਰੀ ਕਰਕੇ ਹੀ ਉਹਦੀ ਰਿਹਾਈ ਪੱਛੜ ਗਈ ਸੀ। ਰਿਹਾਈ ਮੌਕੇ ਨੰਦ ਸਿੰਘ ਨੇ ਸੁਬੇਗ ਸਿੰਘ ਦਾ ਜੇਲ੍ਹ ਦੇ ਬਾਹਰ ਸਵਾਗਤ ਕੀਤਾ। 

ਰਿਹਾਈ ਤੋਂ ਇਕ ਦਿਨ ਬਾਅਦ ਸੁਬੇਗ ਸਿੰਘ ਲੁਧਿਆਣਾ ਪਹੁੰਚੇ ਜਿਥੇ ਉਹਨਾਂ ਰਿਹਾਈ ਮੋਰਚੇ ਦੀ ਟੀਮ ਭਵਨਦੀਪ ਸਿੰਘ ਸਿੱਧੂ ਅਤੇ ਭਾਈ ਜੰਗ ਸਿੰਘ ਨਾਲ ਵਿਸੇਸ ਗੱਲਬਾਤ ਕੀਤੀ। ਭਵਨਦੀਪ ਸਿੰਘ ਸਿੱਧੂ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਬੇਗ ਸਿੰਘ ਨੇ ਕਿਹਾ ਕਿ ਇਹ ਉਸ ਦਾ ਦੂਜਾ ਜਨਮ ਹੋਇਆ ਹੈ। ਉਸ ਨੇ ਕਿਹਾ ਕਿ ਹੁਣ ਉਹ ਵੱਧ ਤੋਂ ਵੱਧ ਸਮਾਂ ਪਰਿਵਾਰ ਨਾਲ ਹੀ ਬਿਤਾਏਗਾ ਤੇ ਆਪਣੇ ਪਿੰਡ ਸੂਹਰੋਂ ਵਿਚ ਖੇਤੀਬਾੜੀ ਕਰੇਗਾ। ਸੁਬੇਗ ਸਿੰਘ ਨੇ ਸ ਸਿੱਧੂ ਅਤੇ ਭਾਈ ਜੰਗ ਸਿੰਘ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਰਿਹਾਈ ਲਈ ਵੱਡੀ ਲੜਾਈ ਲੜੀ ਹੈ। 

ਉਸ ਤੋਂ ਉਪਰੰਤ ਬਾਪੂ ਸੂਰਤ ਸਿੰਘ ਖਾਲਸਾ ਨੂੰ ਮਿਲਣ CMC ਹਸਪਤਾਲ ਪਹੁੰਚੇ ਅਤੇ ਖਾਲਸਾ ਜੀ ਦਾ ਸਿੰਘਾਂ ਦੀ ਰਿਹਾਈ ਲਈ ਕੀਤੇ ਜਾ ਰਹੇ ਸੰਘਰਸ਼ ਲਈ ਧੰਨਵਾਦ ਕੀਤਾ।ਉਸ ਸਮੇ ਭਵਨਦੀਪ ਸਿੰਘ ਸਿੱਧੂ ਨੇ ਪ੍ਰੈਸ ਨਾਲ ਗੱਲ ਕਰਦਿਆਂ ਦੱਸਿਆ ਕਿ ਅਜੇ ਬਹੁਤ ਸਾਰੇ ਸਿੰਘਾਂ ਦੀ ਰਿਹਾਈ ਬਾਕੀ ਹੈ ।ਜਿਸ ਲਈ ਜਿਨੀ ਵੀ ਲੰਬੀ ਲੜਾਈ ਲੜਨੀ ਪਵੇ ਅਸੀਂ ਉਸ ਲਈ ਤਿਆਰ ਹਾਂ ਪਰ ਸਾਨੂੰ ਸਿੱਖਾਂ ਦੇ ਸਹਿਯੋਗ ਦੀ ਬਹੁਤ ਜਰੂਰਤ ਹੈ।ਅਸੀਂ ਖੁਸ ਹਾਂ ਕਿ ਮੋਦੀ ਦੀ ਸਰਕਾਰ ਨੇ ਸਾਡੀ ਬਹੁਤ ਸੁਣੀ ਹੈ । ਜਿਸ ਕਾਰਨ ਇਹਨਾਂ ਸਿੰਘਾਂ ਦੀ ਰਿਹਾਈ ਹੋਈ ਹੈ।