ਪੰਜਾਬ ਸਫ਼ਾਈ ਕਰਮਚਾਰੀ ਕਮਿਸ਼ਨ ਸਫ਼ਾਈ ਕਰਮੀਆਂ ਦੀ ਭਲਾਈ ਲਈ ਵਚਨਬੱਧ-ਚੇਅਰਮੈਨ ਗੇਜਾ ਰਾਮ ਵਾਲਮੀਕਿ

ਸਫ਼ਾਈ ਕਰਮੀਆਂ ਨਾਲ ਸਬੰਧਤ ਮਸਲੇ ਪਹਿਲ ਦੇ ਆਧਾਰ ’ਤੇ ਕੀਤੇ ਜਾਣਗੇ ਹੱਲ

ਡਾਕਟਰੀ ਤੇ ਹੋਰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ’ਤੇ ਦਿੱਤਾ ਜ਼ੋਰ

ਸਫ਼ਾਈ ਕਰਮੀਆਂ ਦੀਆਂ ਖਾਲੀ ਅਸਾਮੀਆਂ ਜਲਦ ਭਰਨ ਦਾ ਦਿੱਤਾ ਭਰੋਸਾ

ਮੁਸ਼ਕਲਾਂ ਦੇ ਢੁਕਵੇਂ ਹੱਲ ਲਈ ਅਧਿਕਾਰੀਆਂ ਅਤੇ ਸਫ਼ਾਈ ਕਰਮੀਆਂ ਨਾਲ ਕੀਤੀ ਮੀਟਿੰਗ

ਕਪੂਰਥਲਾ, ਜਨਵਰੀ 2020 - (ਹਰਜੀਤ ਸਿੰਘ ਵਿਰਕ)-

ਪੰਜਾਬ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਗੇਜਾ ਰਾਮ ਵਾਲਮੀਕਿ ਨੇ ਇਥੇ ਕਿਹਾ ਕਿ ਕਮਿਸ਼ਨ ਸੂਬੇ ਦੇ ਸਫ਼ਾਈ ਕਰਮਚਾਰੀਆਂ ਦੀ ਭਲਾਈ ਲਈ ਵਚਨਬੱਧ ਹੈ। ਅੱਜ ਸਥਾਨਕ ਡਾ. ਬੀ. ਆਰ ਅੰਬੇਡਕਰ ਭਵਨ ਵਿਖੇ ਕਮਿਸ਼ਨ ਦੇ ਉੱਪ ਚੇਅਰਮੈਨ ਸ. ਰਾਮ ਸਿੰਘ ਅਤੇ ਮੈਂਬਰ ਸ. ਇੰਦਰਜੀਤ ਸਿੰਘ ਦੀ ਹਾਜ਼ਰੀ ਵਿਚ ਜ਼ਿਲੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਫ਼ਾਈ ਕਰਮਚਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਉਨਾਂ ਕਿਹਾ ਕਿ ਸਫ਼ਾਈ ਕਰਮਚਾਰੀਆਂ ਨਾਲ ਸਬੰਧਤ ਸਾਰੇ ਮਸਲੇ ਪਹਿਲ ਦੇ ਆਧਾਰ ’ਤੇ ਹੱਲ ਕੀਤੇ ਜਾਣਗੇ। ਉਨਾਂ ਕਿਹਾ ਕਿ ਕਮਿਸ਼ਨ ਦਾ ਮੁੱਖ ਉਦੇਸ਼ ਰਾਜ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿਚ ਕੰਮ ਕਰਦੇ ਸਫ਼ਾਈ ਕਰਮਚਾਰੀਆਂ ਦੀ ਭਲਾਈ ਹੈ ਅਤੇ ਉਨਾਂ ਦਾ ਕਿਸੇ ਵੀ ਢੰਗ ਨਾਲ ਸ਼ੋਸ਼ਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। 

  ਇਸ ਦੌਰਾਨ ਸਫ਼ਾਈ ਸੇਵਕਾਂ ਦੀ ਬਿਹਤਰੀ ਲਈ ਲੋੜੀਂਦੀਆਂ ਹਦਾਇਤਾਂ ਜਾਰੀ ਕਰਦਿਆਂ ਅਧਿਕਾਰੀਆਂ ਨੂੰ ਕਿਹਾ ਕਿ ਕਿ ਸਫ਼ਾਈ ਕਰਮਚਾਰੀਆਂ ਦੇ ਹਿੱਤਾਂ ਦਾ ਪੂਰਾ ਖਿਆਲ ਰੱਖਿਆ ਜਾਵੇ। ਉਨਾਂ ਸਫਾਈ ਸੇਵਕਾਂ ਨੂੰ ਮੈਡੀਕਲ, ਵਰਦੀਆਂ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ’ਤੇ ਜ਼ੋਰ ਦਿੱਤਾ। ਉਨਾਂ ਕਿਹਾ ਕਿ ਮਾਸਕ ਅਤੇ ਸੇਫਟੀ ਕਿੱਟ ਤੋਂ ਬਗੈਰ ਉਨਾਂ ਨੂੰ ਸੀਵਰੇਜ ਵਿਚ ਨਾ ਵਾੜਿਆ ਜਾਵੇ। ਉਨਾਂ ਕਿਹਾ ਕਿ ਤਿੰਨ ਮਹੀਨਿਆਂ ਬਾਅਦ ਸਫ਼ਾਈ ਕਰਮਚਾਰੀਆਂ ਦਾ ਮੈਡੀਕਲ ਕਰਵਾਉਣਾ ਲਾਜ਼ਮੀ ਹੈ। ਇਸੇ ਤਰਾਂ ਸਕੂਲਾਂ ਵਿਚ ਖਾਣਾ ਤਿਆਰ ਕਰਨ ਵਾਲੀਆਂ ਔਰਤਾਂ ਕੋਲੋਂ ਸਫ਼ਾਈ ਦਾ ਕੰਮ ਨਾ ਲਿਆ ਜਾਵੇ। 

  ਇਸ ਮੌਕੇ ਉਨਾਂ ਸਫ਼ਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਨੂੰ ਦਿੱਤੀਆਂ ਜਾ ਰਹੀਆਂ ਤਨਖਾਹਾਂ, ਮੁਆਵਜ਼ਾ, ਵਰਦੀਆਂ, ਤਰੱਕੀਆਂ, ਐਕਸਗ੍ਰੇਸ਼ੀਆ ਰਾਸ਼ੀ, ਸੇਫਟੀ ਕਿੱਟਾਂ ਅਤੇ ਹੋਰਨਾਂ ਸਹੂਲਤਾਂ ਆਦਿ ਬਾਰੇ ਵਿਸਥਾਰ ਵਿਚ ਜਾਣਕਾਰੀ ਹਾਸਲ ਕਰਨ ਤੋਂ ਇਲਾਵਾ ਡੈੱਥ ਕੇਸਾਂ ਅਤੇ ਸਵੱਛ ਭਾਰਤ ਮਿਸ਼ਨ ਤਹਿਤ ਆਏ ਫੰਡਾਂ ਬਾਰੇ ਵੀ ਬਿਓਰਾ ਲਿਆ। ਇਸੇ ਤਰਾਂ ਉਨਾਂ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਅਤੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿਚ ਖਾਲੀ ਅਸਾਮੀਆਂ ਆਦਿ ਨਾਲ ਜੁੜੇ ਮੁੱਦਿਆਂ ਬਾਰੇ ਰਿਪੋਰਟ ਹਾਸਲ ਕੀਤੀ। ਉਨਾਂ ਨਿਗਮ ਕਮਿਸ਼ਨਰ ਫਗਵਾੜਾ ਨੂੰ ਮੁਹੱਲਾ ਸੈਨੀਟੇਸ਼ਨ ਕਮੇਟੀਆਂ ਤਹਿਤ ਕੰਮ ਕਰ ਰਹੇ ਸਫ਼ਾਈ ਕਰਮੀਆਂ ਦਾ ਮਸਲਾ 15 ਦਿਨਾਂ ਵਿਚ ਹੱਲ ਕਰਨ ਦੀ ਹਦਾਇਤ ਕੀਤੀ। 

  ਇਸ ਦੌਰਾਨ ਉਨਾਂ ਸਫ਼ਾਈ ਕਰਮਚਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨਾਂ ਨੂੰ ਜਲਦ ਤੋਂ ਜਲਦ ਹੱਲ ਕਰਨ ਦਾ ਭਰੋਸਾ ਦਿਵਾਇਆ। ਉਨਾਂ ਵਿਸ਼ਵਾਸ ਦਿਵਾਇਆ ਕਿ ਸਰਕਾਰੀ ਵਿਭਾਗਾਂ ਵਿਚ ਖਾਲੀ ਪਈਆਂ ਸਾਰੀਆਂ ਅਸਾਮੀਆਂ ਪਹਿਲ ਦੇ ਆਧਾਰ ’ਤੇ ਭਰੀਆਂ ਜਾਣਗੀਆਂ। ਉਨਾਂ ਸਫ਼ਾਈ ਕਰਮਚਾਰੀਆਂ ਨੂੰ ਵੀ ਆਪਣੀ ਡਿੳੂਟੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਦੀ ਅਪੀਲ ਕੀਤੀ ਅਤੇ ਚਿਤਾਵਨੀ ਵੀ ਦਿੱਤੀ ਕਿ ਕਮਿਸ਼ਨ ਉਨਾਂ ਸਫ਼ਾਈ ਕਰਮਚਾਰੀਆਂ ਦਾ ਬਿਲਕੁਲ ਸਮਰਥਨ ਨਹੀਂ ਕਰੇਗਾ, ਜੋ ਆਪਣੀ ਡਿੳੂਟੀ ਸਹੀ ਢੰਗ ਨਾਲ ਨਹੀਂ ਨਿਭਾਉਂਦੇ। ਉਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਸਵੱਛ ਭਾਰਤ ਮਿਸ਼ਨ ਤਹਿਤ ਸਫ਼ਾਈ ਕਰਮਚਾਰੀਆਂ ਦੀ ਭਲਾਈ ਲਈ ਵੀ ਫੰਡ ਮੁਹੱਈਆ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਵਿਛੜੇ ਸਫ਼ਾਈ ਕਰਮੀਆਂ ਨੂੰ ਸ਼ਰਧਾਂਜਲੀ ਵਜੋਂ ਮੋਨ ਵੀ ਰੱਖਿਆ ਗਿਆ। 

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਕਮਿਸ਼ਨਰ ਨਗਰ ਨਿਗਮ ਕਪੂਰਥਲਾ ਸ੍ਰੀ ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ-ਕਮ-ਕਮਿਸ਼ਨਰ ਨਗਰ ਨਿਗਮ ਫਗਵਾੜਾ ਸ. ਗੁਰਮੀਤ ਸਿੰਘ ਮੁਲਤਾਨੀ, ਐਸ. ਡੀ. ਐਮ ਕਪੂਰਥਲਾ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਡੀ. ਐਸ. ਪੀ ਸ. ਸੰਦੀਪ ਸਿੰਘ ਮੰਡ, ਜ਼ਿਲਾ ਭਲਾਈ ਅਫ਼ਸਰ ਸ. ਜਸਦੇਵ ਸਿੰਘ ਪੁਰੇਵਾਲ, ਡੀ. ਡੀ. ਪੀ. ਓ ਸ. ਹਰਜਿੰਦਰ ਸਿੰਘ ਸੰਧੂ, ਸਹਾਇਕ ਕਿਰਤ ਕਮਿਸ਼ਨਰ ਸ. ਸੁਖਜਿੰਦਰ ਸਿੰਘ ਸਰਾਂ, ਜ਼ਿਲਾ ਸਿਹਤ ਅਫ਼ਸਰ ਡਾ. ਕੁਲਜੀਤ ਸਿੰਘ, ਜ਼ਿਲਾ ਸਿੱਖਿਆ ਅਫ਼ਸਰ (ਸ) ਸ. ਮੱਸਾ ਸਿੰਘ ਸਿੱਧੂ, ਜ਼ਿਲਾ ਸਿੱਖਿਆ ਅਫ਼ਸਰ (ਅ) ਸ. ਗੁਰਭਜਨ ਸਿੰਘ ਲਾਸਾਨੀ, ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਗੁਲਬਰਗ ਲਾਲ, ਜ਼ਿਲਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਸਨੇਹ ਲਤਾ, ਸਹਾਇਕ ਕਮਿਸ਼ਨਰ ਨਗਰ ਨਿਗਮ ਕਪੂਰਥਲਾ ਸ੍ਰੀ ਆਦਰਸ਼ ਕੁਮਾਰ ਸ਼ਰਮਾ, ਐਸ. ਸੀ ਕਾਰਪੋਰੇਸ਼ਨ ਦੇ ਜ਼ਿਲਾ ਮੈਨੇਜਰ ਸ੍ਰੀ ਅਸ਼ੋਕ ਕੁਮਾਰ, ਡੀ. ਐਫ. ਐਸ. ਓ ਸ. ਪ੍ਰੀਤ ਕੰਵਲ ਸਿੰਘ, ਡਾ. ਅੰਬੇਡਕਰ ਮਿਸ਼ਨ ਸੁਸਾਇਟੀ ਦੇ ਪ੍ਰਧਾਨ ਸ੍ਰੀ ਗੁਰਮੁਖ ਸਿੰਘ ਢੋਡ, ਸ੍ਰੀ ਵਿਕਾਸ ਸ਼ਰਮਾ, ਸ੍ਰੀ ਗੁਰਦੀਪ ਸਿੰਘ ਬਿਸ਼ਨਪੁਰ, ਸ੍ਰੀ ਤਜਿੰਦਰ ਭੰਡਾਰੀ, ਸ੍ਰੀ ਰੋਸ਼ਨ ਸੱਭਰਵਾਲ, ਸ੍ਰੀ ਸਲੋਤਰਾ, ਸ੍ਰੀ ਧਰਮਵੀਰ ਸੇਠੀ, ਸ੍ਰੀ ਕਿਸ਼ਨ ਲਾਲ, ਐਡਵੋਕੇਟ ਜੋਤੀ, ਐਡਵੋਕੇਟ ਰਾਹੁਲ, ਸ੍ਰੀ ਗੋਪਾਲ ਥਾਪਰ ਤੋਂ ਇਲਾਵਾ ਸਫ਼ਾਈ ਕਰਮਚਾਰੀਆਂ ਦੇ ਨੁਮਾਇੰਦੇ ਵੱਡੀ ਗਿਣਤੀ ਵਿਚ ਹਾਜ਼ਰ ਸਨ।