ਜ਼ਰਬਾਂ ਤਕਸੀਮਾਂ

ਜ਼ਿੰਦਗੀ ਦੀਆਂ ਜ਼ਰਬਾਂ ਤੇ ਤਕਸੀਮਾਂ,
ਸੁਪਨਿਆਂ ਵਿੱਚ ਬੜਾ ਹੀ ਸਤਾਉਂਦੀਆ ਨੇ।
ਅਣਘੜੇ ਜਿਹੇ ਸਵਾਲ ਲੈ ਕੇ,
ਕਈ ਵੇਰਾਂ ਬੜਾ ਹੀ ਡਰਾਉਦੀਆਂ ਨੇ।
ਜਵਾਬ ਜੋ ਖੋ ਗਏ ਮੁੱਦਤ ਪਹਿਲਾਂ,
ਉਨ੍ਹਾਂ ਨੂੰ ਵੀ ਲੱਭਣ ਲਾਉਦੀਆਂ ਨੇ।
ਨਿਸ਼ਾਨ ਲਾਈਏ ਕਿਸ ਅੱਗੇ ਜਮ੍ਹਾਂ ਦੇ,
ਕਈਆਂ ਨੂੰ ਮਨਫੀ ਆਣ ਕਰਾਉਦੀਆਂ ਨੇ।
ਖੜ੍ਹੇ ਹੋ ਜਾਣ ਜੇ ਸਵਾਲੀਆ ਨਿਸ਼ਾਨ,
ਫੇਰ ਬਰਾਬਰ ਆਣ ਖੜਾਉਦੀਆਂ ਨੇ।
ਕਦੇ ਚੋਰਸ ਅਤੇ ਕਦੇ ਤਿਕੋਣ ਬਣ ਕੇ,
ਐਵੇਂ ਗੋਲ ਗੋਲ ਚੱਕਰਾਂ ਚ ਪਾਉਦੀਆਂ ਨੇ।
ਬਿੰਦੀ, ਕੌਮਾਂ ਤੇ ਕਦੇ ਬਣ ਡੰਡੀਆਂ,
ਲਫ਼ਜ਼ਾਂ ਦੇ ਮਤਲਬ ਹੀ ਹੋਰ ਕਢਾਉਦੀਆਂ ਨੇ।
ਕਦੇ ਬਰੈਕਟਾਂ ਦੇ ਵਿੱਚ ਬੰਦ ਕਰਕੇ,
ਫਾਰਮੂਲੇ ਆਪਣੇ ਹੀ ਆਣ ਸਿਖਾਉਦੀਆਂ ਨੇ।
ਵਿਸਮਾਦ ਚਿੰਨ੍ਹ ਲਾ ਕੇ ਜਿੰਦਗੀ ਨੂੰ,
ਤਾਣੇ ਬਾਣੇ ਚ ਹੋਰ ਉਲਝਾਉਦੀਆਂ ਨੇ।
ਵੱਧ ਘੱਟ ਜੇ ਸਿਫਰਾਂ ਲੱਗ ਜਾਵਣ,
ਹਜ਼ਾਰਾਂ ਲੱਖਾਂ ਦੇ ਘਾਟੇ ਪਵਾਉਦੀਆਂ ਨੇ।
ਜਿੰਦਗੀ ਦੀਆਂ ਜ਼ਰਬਾਂ ਤੇ ਤਕਸੀਮਾਂ,
ਸੁਪਨਿਆਂ ਵਿੱਚ ਬੜਾ ਹੀ ਸਤਾਉਂਦੀਆ ਨੇ।
                    ਜਸਵੰਤ ਕੌਰ ਬੈਂਸ(ਲੈਸਟਰ)

Displaying 20180805_173224.jpg