ਜ਼ਿਲਾ ਲੁਧਿਆਣਾ ਵਿੱਚ ਪਸ਼ੂ ਹਸਪਤਾਲ ਅਤੇ ਡਿਸਪੈਂਸਰੀਆਂ ਵੱਲੋਂ ਪਸ਼ੂ ਪਾਲਕਾਂ ਲਈ ਸੇਵਾਵਾਂ ਨਿਰੰਤਰ ਜਾਰੀ

ਹੰਗਾਮੀ ਹਾਲਤ ਵਿੱਚ ਚਾਰੇ ਅਤੇ ਫੀਡ ਦੀ ਕੋਈ ਸਮੱਸਿਆ ਨਹੀਂ-ਡਿਪਟੀ ਡਾਇਰੈਕਟਰ
ਲੁਧਿਆਣਾ, ਅਪ੍ਰੈਲ 2020-(ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)-

ਪੰਜਾਬ ਸਰਕਾਰ ਵੱਲੋਂ ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਕਾਰਨ ਪੈਦਾ ਹੋਈ ਸਥਿਤੀ ਦੇ ਚੱਲਦਿਆਂ ਸੂਬੇ ਵਿਚ ਕਰਫਿਊ/ਲੌਕਡਾਊਨ ਲਾਗੂ ਕੀਤਾ ਹੋਇਆ ਹੈ। ਪਰ ਇਸ ਸੰਕਟ ਦੀ ਘੜੀ ਵਿਚ ਵੀ ਦੁੱਧ ਲੋਕਾਂ ਦੀ ਅਹਿਮ ਲੋੜ ਹੈ, ਇਸ ਤੋਂ ਇਲਾਵਾ ਮੀਟ ਅਤੇ ਅੰਡੇ ਵੀ ਲੋਕਾਂ ਦੇ ਭੋਜਨ ਦਾ ਅਹਿਮ ਹਿੱਸਾ ਹਨ, ਜਿਸ ਨੂੰ ਦੇਖਦਿਆਂ ਲੋਕਾਂ ਦੀ ਸਹੂਲਤ ਅਤੇ ਪਸ਼ੂ ਪਾਲਕਾਂ ਦੀ ਮਦਦ ਲਈ ਜ਼ਿਲਾ ਲੁਧਿਆਣਾ ਦੇ ਸਾਰੇ ਪਸ਼ੂ ਹਸਪਤਾਲ ਅਤੇ ਡਿਸਪੈਂਸਰੀਆਂ ਖੁੱਲੀਆਂ ਰੱਖੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਅਸ਼ੋਕ ਕੁਮਾਰ ਨੇ ਦੱਸਿਆ ਕਿ ਪੰਜਾਬ ਵਿਚ ਖੇਤੀ ਦੇ ਨਾਲ ਨਾਲ ਲੋਕਾਂ ਵੱਲੋਂ ਪਸ਼ੂ ਪਾਲਣ ਨੂੰ ਸਹਾਇਕ ਧੰਦੇ ਵਜੋਂ ਵੱਡੀ ਪੱਧਰ 'ਤੇ ਕੀਤਾ ਜਾਂਦਾ ਹੈ ਅਤੇ ਇਹੀ ਲੋਕ ਦੁੱਧ ਦੀ ਪੈਦਾਵਰ ਕਰਨ ਵਿਚ ਵੱਡੀ ਭੂਮਿਕਾ ਨਿਭਾਉਂਦੇ ਹਨ, ਜੋ ਅਜਿਹੇ ਸਮੇਂ ਵਿੱਚ ਵੀ ਵੱਡੀ ਲੋੜ ਹੈ, ਇਸ ਦੇ ਨਾਲ ਹੀ ਅੰਡੇ ਅਤੇ ਮੀਟ ਵੀ ਅਹਿਮ ਲੋੜਾਂ ਵਿਚ ਆਉਂਦੇ ਹਨ। ਪਸ਼ੂ ਪਾਲਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦਿਆਂ ਪਸ਼ੂ ਪਾਲਣ ਵਿਭਾਗ ਵੱਲੋਂ ਸੂਬੇ ਭਰ ਵਿਚ ਨਿਰੰਤਰ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ ਇਸ ਵੇਲੇ ਵਿਭਾਗ ਵੱਲੋਂ 251 ਸਰਕਾਰੀ ਹਸਪਤਾਲ ਅਤੇ ਡਿਸਪੈਂਸਰੀਆਂ ਚਲਾਈਆਂ ਜਾ ਰਹੀਆਂ ਹਨ, ਜੋ ਕਿ ਰੋਜ਼ਾਨਾ ਸਵੇਰੇ 9 ਵਜੇ ਤੋਂ ਲੈ ਕੇ ਬਾਅਦ ਦੁਪਹਿਰ 3 ਵਜੇ ਤੱਕ ਖੁੱਲੀਆਂ ਰਹਿੰਦੀਆਂ ਹਨ। ਜਿੱਥੇ ਕਿ ਪਸ਼ੂ ਮਾਹਿਰਾਂ ਅਤੇ ਹੋਰ ਸਟਾਫ਼ ਦੀ ਰੋਸਟਰ ਮੁਤਾਬਿਕ ਡਿਊਟੀ ਲਗਾਈ ਹੋਈ ਹੈ। ਉਨਾਂ ਕਿਹਾ ਕਿ ਜਿਸ ਹਸਪਤਾਲ ਜਾਂ ਡਿਸਪੈਂਸਰੀ ਵਿੱਚ ਡਾਕਟਰਾਂ ਜਾਂ ਹੋਰ ਸਟਾਫ਼ ਦੀ ਕਮੀ ਹੈ, ਉਥੇ ਵੀ ਰੋਟੇਸ਼ਨ ਵਾਈਜ਼ ਪ੍ਰਬੰਧ ਚਲਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਘਰੇਲੂ ਪਸ਼ੂ ਪਾਲਕਾਂ ਦੇ ਪਸ਼ੂਆਂ ਲਈ ਬਨਾਉਟੀ ਗਰਭਦਾਨ ਦੀਆਂ ਸੇਵਾਵਾਂ ਵੀ ਨਿਰੰਤਰ ਜਾਰੀ ਹਨ। ਜੇਕਰ ਕੋਈ ਪਸ਼ੂ ਪਾਲਕ ਆਪਣੇ ਪਸ਼ੂ ਨੂੰ ਹਸਪਤਾਲ ਲੈ ਕੇ ਆਉਂਦਾ ਹੈ ਜਾਂ ਘਰ ਜਾ ਕੇ ਸਿਹਤ ਸਹੂਲਤ ਦੇਣੀ ਪੈਂਦੀ ਹੈ ਤਾਂ ਉਹ ਦਿੱਤੀ ਜਾਂਦੀ ਹੈ। ਸਿਹਤ ਸੇਵਾ ਦੇਣ ਵੇਲੇ ਸਿਹਤ ਵਿਭਾਗ ਵੱਲੋਂ ਸਮਾਜਿਕ ਦੂਰੀ ਅਤੇ ਹੋਰ ਬਚਾਅ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਂਦੀ ਹੈ। ਉਨਾਂ ਦੱਸਿਆ ਕਿ ਜੇਕਰ ਹੰਗਾਮੀ ਹਾਲਤ ਪੈਦਾ ਹੁੰਦੀ ਹੈ ਤਾਂ ਜ਼ਿਲਾ ਲੁਧਿਆਣਾ ਵਿੱਚ ਚਾਰੇ ਅਤੇ ਫੀਡ ਆਦਿ ਦੀ ਕੋਈ ਸਮੱਸਿਆ ਨਹੀਂ ਹੈ। ਇਨਾਂ ਵਸਤਾਂ ਸਪਲਾਈ ਯਕੀਨੀ ਬਣਾਉਣ ਲਈ ਵਿਭਾਗ ਵੱਲੋਂ ਜ਼ਿਲਾ ਪੱਧਰ 'ਤੇ ਪਾਸ ਜਾਰੀ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਮੀਟ ਅਤੇ ਅੰਡੇ ਦੀ ਹੋਮ ਡਲਿਵਰੀ ਲਈ ਵੀ ਪਾਸ ਜਾਰੀ ਕੀਤੇ ਗਏ ਹਨ।