ਫਰਾਂਸ ਘੱਟ ਖਰਚੇ ਕਾਰਨ ਮੱਧਵਰਗੀ ਲੋਕਾਂ ਦੀ ਖਿੱਚ ਦਾ ਕੇਂਦਰ

ਪੰਜਾਬੀਆਂ ਦਾ ਗ਼ੈਰਕਾਨੂੰਨੀ ਪਰਵਾਸ ਵਧਿਆ

ਪੈਰਿਸ- ਗੈਰਕਾਨੂੰਨੀ ਲੋਕਾਂ ਪ੍ਰਤੀ ਨਰਮ ਰਵੱਈਆ, ਦੇਸ਼ ਦੀ ਮਜ਼ਬੂਤ ਅਰਥ ਵਿਵਸਥਾ ਅਤੇ ਕੈਨੇਡਾ, ਅਮਰੀਕਾ ਦੇ ਮੁਕਾਬਲੇ ਘੱਟ ਖਰਚੇ ਕਾਰਨ ਫਰਾਂਸ ਮੱਧਵਰਗੀ ਲੋਕਾਂ ਦੀ ਖਿੱਚ ਦਾ ਕੇਂਦਰ ਹੈ। ਭਾਵੇਂ ਫਰਾਂਸ ਸਰਕਾਰ ਵੱਲੋਂ ਵਿਦਿਆਰਥੀ ਵੀਜ਼ਾ ਜਾਂ ਕੰਮ ਦੇ ਆਧਾਰ ’ਤੇ ਸ਼ਰਤਾਂ ਪੂਰੀਆਂ ਕਰਕੇ ਵੀਜ਼ਾ ਪ੍ਰਾਪਤ ਕਰਨ ਦੀ ਸਹੂਲਤ ਹੈ ਪਰ ਫਿਰ ਵੀ ਲੋਕ ਏਜੰਟਾਂ ਦੇ ਜਾਲ ਵਿੱਚ ਫਸ ਕੇ ਲੱਖਾਂ ਰੁਪਏ ਖਰਾਬ ਕਰਦੇ ਹਨ। ਇਥੋਂ ਦੇ ਪੱਚੀ ਹਜ਼ਾਰ ਦੇ ਕਰੀਬ ਪੰਜਾਬੀਆਂ ਵਿੱਚੋਂ ਜ਼ਿਆਦਾਤਰ ਲੋਕ ਇਥੇ ਗੈਰਕਾਨੂੰਨੀ ਤਰੀਕੇ ਨਾਲ ਹੀ ਦਾਖਲ ਹੋਏ ਹਨ ਅਤੇ ਸਮੇਂ ਦੇ ਬੀਤਣ ਨਾਲ ਵੱਖ ਵੱਖ ਢੰਗ ਤਰੀਕਿਆਂ ਨਾਲ ਪੱਕੇ ਵੀ ਹੋ ਗਏ ਹਨ। ਬੀਤੇ ਕੁਝ ਸਾਲਾਂ ਤੋਂ ਪੰਜਾਬੀਆਂ ਦਾ ਇਸ ਮੁਲਕ ਵਿੱਚ ਗੈਰਕਾਨੂੰਨੀ ਪਰਵਾਸ ਕਾਫੀ ਵਧਿਆ ਹੈ। ਇਥੇ ਦਸ ਬਾਰਾਂ ਲੱਖ ਰੁਪਏ ’ਚ ਗੇਮ ਫਿਟ ਕਰਕੇ ਜ਼ਿਆਦਾਤਰ ਏਜੰਟਾਂ ਵੱਲੋਂ ਸੈਲਾਨੀ ਵੀਜ਼ੇ ’ਤੇ ਗੈਰਕਾਨੂੰਨੀ ਪਰਵਾਸ ਕਰਵਾਇਆ ਜਾਂਦਾ ਹੈ। ਕਈਆਂ ਨੂੰ ਇਟਲੀ ਦੇ ਕੱਚੇ ਕੰਮ ਵਾਲੇ ਕਾਗਜ਼ਾਂ ’ਤੇ ਅਤੇ ਕਈਆਂ ਨੂੰ ਵੱਖ ਵੱਖ ਦੇਸ਼ਾਂ ਰਾਹੀਂ ਇਥੇ ਪਹੁੰਚਾਇਆ ਜਾਂਦਾ ਹੈ। ਮੁਕੇਰੀਆਂ ਦੇ ਰਹਿਣ ਵਾਲੇ ਸ਼ਾਂਟੂ ਨੇ ਦੱਸਿਆ ਕਿ ਘਰ ਦੀ ਗਰੀਬੀ ਦੂਰ ਕਰਨ ਉਹ ਛੇ ਸਾਲ ਪਹਿਲਾਂ ਇਥੇ ਆਇਆ ਸੀ। ਉਹ ਕਈ ਮੁਲਕਾਂ ਤੋਂ ਹੁੰਦਾ ਹੋਇਆ ਇਕ ਸਾਲ ਵਿੱਚ ਫਰਾਂਸ ਪਹੁੰਚਿਆ। ਉਸ ਨੂੰ ਗਰੀਸ ਤੋਂ ਇਟਲੀ ਦੀ ਡੌਂਕੀ ਲਵਾਉਣ ਲਈ ਜਹਾਜ਼ ਰਾਹੀਂ ਮੰਜ਼ਿਲ ’ਤੇ ਪਹੁੰਚਾਇਆ ਗਿਆ। ਇਸ ਦੌਰਾਨ ਤਰਾਸਦੀ ਰਹੀ ਕਿ 30 ਬੰਦਿਆਂ ਦੀ ਸਮਰੱਥਾ ਵਾਲੇ ਜਹਾਜ਼ ਵਿੱਚ 90 ਬੰਦਿਆਂ ਨੂੰ ਲਿਜਾਇਆ ਗਿਆ। ਬਾਲਗਾਂ ਦੇ ਨਾਲ ਬੱਚੇ ਵੀ ਗੈਰਕਾਨੂੰਨੀ ਪਰਵਾਸ ਵਿੱਚ ਪਿੱਛੇ ਨਹੀਂ ਹਨ। ਕਈ ਮਾਪੇ ਆਪਣੇ ਨਾਬਾਲਗ ਬੱਚਿਆਂ ਨੂੰ ਬਾਹਰ ਸੈੱਟ ਕਰਨ ਲਈ ਹਰ ਗੈਰਕਾਨੂੰਨੀ ਤਰੀਕਾ ਵਰਤ ਰਹੇ ਹਨ। ਪੰਜਾਬ ਦੀ ਦੋਆਬਾ ਬੈਲਟ ਅਤੇ ਹਰਿਆਣਾ ਦਾ ਕੈਥਲ ਏਰੀਆ ਇਸ ਵਿੱਚ ਮੋਹਰੀ ਹਨ। ਇਸ ਕੰਮ ਲਈ ਏਜੰਟ ਵੀ ਕਈ ਜੁਗਾੜ ਲਗਾ ਰਹੇ ਹਨ। ਉਹ ਛੋਟੇ ਬੱਚਿਆਂ ਨੂੰ ਕਿਸੇ ਖੇਡ ਟੀਮ ਦਾ ਹਿੱਸਾ ਬਣਾ ਕੇ ਜਾਂ ਨਕਲੀ ਮਾਪੇ ਬਣਾ ਕੇ ਵੀਜ਼ਾ ਲਵਾ ਕੇ ਇਨ੍ਹਾਂ ਮੁਲਕਾਂ ’ਚ ਗੈਰਕਾਨੂੰਨੀ ਪਰਵਾਸ ਕਰਵਾਉਂਦੇ ਹਨ। ਸੋਲ੍ਹਾਂ ਸਾਲਾ ਰਾਜਵਿੰਦਰ ਸਿੰਘ ਰਾਜਾ ਕੋਲੋਂ ਏਜੰਟ ਨੇ ਬਾਰ੍ਹਾਂ ਲੱਖ ਰੁਪਏ ਲੈ ਕੇ ਉਸ ਨੂੰ ਫੁਟਬਾਲ ਟੀਮ ਦਾ ਮੈਂਬਰ ਬਣਾ ਕੇ ਭੇਜਿਆ। ਉਹ ਇਸ ਵੇਲੇ ਸਕੂਲ ਪੜ੍ਹ ਰਿਹਾ ਹੈ। 15 ਸਾਲਾ ਵਿਸ਼ਾਲ ਕਹਿੰਦਾ ਹੈ ਕਿ ਉਹ ਇਥੇ ਕਰਾਟੇ ਮੁਕਾਬਲੇ ਲਈ ਆਇਆ ਸੀ ਭਾਵੇਂ ਉਸ ਦਾ ਕਰਾਟਿਆਂ ਨਾਲ ਦੂਰ ਦਾ ਵਾਸਤਾ ਵੀ ਨਹੀਂ ਸੀ। ਸੋਲ੍ਹਵੇਂ ਸਾਲ ’ਚ ਪੈਰ ਧਰ ਰਹੇ ਵਿਸ਼ਾਲ ਨੂੰ ਏਜੰਟ ਨੇ ਕਿਸੇ ਹੋਰ ਦਾ ਲੜਕਾ ਬਣਾ ਕੇ ਫਰਾਂਸ ਦਾ ਵੀਜ਼ਾ ਲਵਾਇਆ। ਇਸ ਕੰਮ ਲਈ ਉਸ ਤੋਂ ਸਾਢੇ ਗਿਆਰਾਂ ਲੱਖ ਰੁਪਏ ਲਏ ਗਏ। ਰਣਜੀਤ ਸਿੰਘ ਨੇ ਦੱਸਿਆ ਕਿ ਫਰਾਂਸ ਦੇ ਕਾਨੂੰਨ ਮੁਤਾਬਿਕ ਜੋ ਬੱਚਾ ਅਠਾਰਾਂ ਸਾਲ ਤੋਂ ਘੱਟ ਉਮਰ ਵਿੱਚ ਇਥੇ ਪੜ੍ਹਦਾ ਹੈ ਤੇ ਕਾਨੂੰਨ ਦੀਆਂ ਸ਼ਰਤਾਂ ਪੂਰੀਆਂ ਕਰਦਾ ਹੈ ਤਾਂ ਉਸ ਨੂੰ ਸਥਾਈ ਨਿਵਾਸ ਜਲਦੀ ਮਿਲ ਜਾਂਦਾ ਹੈ ਜਿਸ ਕਾਰਨ ਲੋਕ ਆਪਣੇ ਬੱਚਿਆਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਇਥੇ ਭੇਜਦੇ ਹਨ ਪਰ ਕਈ ਵਾਰੀ ਇਹ ਬੱਚੇ ਗਲਤ ਸੰਗਤ ਵਿੱਚ ਪੈ ਕੇ ਆਪਣੀ ਜ਼ਿੰਦਗੀ ਖਰਾਬ ਕਰ ਲੈਂਦੇ ਹਨ। ਪਰਮਜੀਤ ਸਿੰਘ ਸੋਹਲ ਨੇ ਦੱਸਿਆ ਕਿ 1980 ਵਿੱਚ ਫਰਾਂਸ ਦੀ ਇਮੀਗਰੇਸ਼ਨ ਖੁੱਲ੍ਹਣ ਤੋਂ ਬਾਅਦ ਲੋਕਾਂ ਨੇ ਵੱਡੀ ਗਿਣਤੀ ਵਿਚ ਫਰਾਂਸ ਦਾ ਰੁਖ਼ ਕੀਤਾ। ਹੋਟਲ ਵਿੱਚ ਹੈਲਪਰ ਤੋਂ ਹੋਟਲ ਕਾਰੋਬਾਰੀ ਬਣਨ ਤੱਕ ਦਾ ਸਫਰ ਤੈਅ ਕਰਨ ਵਾਲੇ ਦਲਵਿੰਦਰ ਸਿੰਘ ਘੁੰਮਣ ਅਨੁਸਾਰ ਇੱਥੇ ਕੀਤੀ ਮਿਹਨਤ ਦਾ ਮੁੱਲ ਪੈਂਦਾ ਹੈ ਜਿਸ ਕਾਰਨ ਪੰਜਾਬੀਆਂ ਦਾ ਲਗਾਤਾਰ ਆਉਣਾ ਜਾਰੀ ਹੈ।