ਕੁਦਰਤ ਦੇ ਦਾਇਰੇ ਵਿੱਚ ਰਹਿ ਕੇ ਜ਼ਿੰਦਗੀ ਬਸਰ ਕਰੀਏ ✍️ ਸੰਜੀਵ ਸਿੰਘ ਸੈਣੀ; ਮੁਹਾਲੀ 

ਸਤਿ ਸ੍ਰੀ ਅਕਾਲ, ਸੰਪਾਦਕ ਸਾਹਿਬ ।

ਕੁਦਰਤ ਦੇ ਦਾਇਰੇ ਵਿੱਚ ਰਹਿ ਕੇ ਜ਼ਿੰਦਗੀ ਬਸਰ ਕਰੀਏ :

22 ਮਾਰਚ ਤੋਂ ਤਕਰੀਬਨ ਸਾਰੇ ਹੀ ਲੋਕ ਆਪਣੇ ਘਰਾਂ ਵਿਚ ਕੈਦ ਹਨ ।ਭਾਰਤ ਵਿੱਚ  ਲੋਕ ਡਾਊਨ ,ਪੰਜਾਬ ਵਿੱਚ ਕਰਫ਼ਿਊ ਲੱਗਿਆ ਹੋਇਆ ਹੈ ।  ਕਰੋਨਾ ਵਾਇਰਸ ਨੇ ਪੂਰੇ ਵਿਸ਼ਵ ਵਿੱਚ ਹਾਹਾਕਾਰ ਮਚਾਈ ਹੋਈ ਹੈ ।  22ਮਾਰਚ ਤੋਂ ਧੂੰਆਂ ਉਗਲਣ ਵਾਲੀ ਫੈਕਟਰੀਆਂ ਦੀਆਂ ਚਿਮਨੀਆਂ, ਭੱਠੇ ਵੀ ਬੰਦ ਹਨ  ।ਤੇ ਸੜਕਾਂ ਤੇ ਵੀ ਵਾਹਨਾਂ ਦੀ ਆਵਾਜਾਈ ਨਾ ਬਰਾਬਰ ਹੀ ਹੈ। ਰੇਲ ਗੱਡੀਆਂ, ਜਹਾਜਾਂ ਸਾਰੇ ਹੀ ਰੁਕੇ ਹੋਏ ਹਨ। ਰੈਸਟੋਰੈਂਟ ਪੰਜ ਤਾਰਾਂ ਹੋਟਲ ਸਭ ਬੰਦ ਹਨ ।ਜ਼ਿੰਦਗੀ ਥੰਮ ਚੁੱਕੀ ਹੈ ।ਜਿੱਥੇ ਤੱਕ ਮਨੁੱਖ ਦੀ ਚੱਲੀ ਮਨੁੱਖ ਨੇ ਪੂਰਾ ਵਾਹ ਲਾਇਆ ।

 

    ਆਪਣੇ ਨਿੱਜੀ ਸਵਾਰਥਾਂ ਲਈ ਕੁਦਰਤ ਨਾਲ ਛੇੜਖਾਨੀ ਕੀਤੀ ।  ਪੈਸੇ ਦੀ ਹੋੜ ਕਾਰਨ ਮਨੁੱਖ ਨੇ ਵੱਡੀਆਂ ਵੱਡੀਆਂ ਇਮਾਰਤਾਂ ਉਸਾਰ ਦਿੱਤੀਆਂ, ਕਿਉਂਕਿ ਜਨ ਸੰਖਿਆ ਵੱਧ ਚੁੱਕੀ ਹੈ ।ਪਹਾੜੀ ਖੇਤਰਾਂ ਵਿੱਚ ਵੀ ਮਨੁੱਖ ਨੇ ਨਦੀਆਂ ਨੂੰ ਸੌੜਾ ਕਰ ਕੇ ਵੱਡੇ ਵੱਡੇ ਹੋਟਲ ਬਣਾ ਦਿੱਤੇ ।ਉੱਤਰਾਖੰਡ ਵਿੱਚ ਜੋ ਹੜ੍ਹਾਂ ਨੇ ਤਬਾਹੀ ਮਚਾਈ, ਦਿਲ ਕੰਬਾਉਣ ਵਾਲੀ ਸੀ।ਇਨਸਾਨ ਨੂੰ ਫਿਰ ਵੀ ਸਮਝ ਨਾ ਆਈ ।ਦਰੱਖਤ ਕੱਟਣ ਨਾਲ ਪ੍ਰਦੂਸ਼ਣ ਵੱਧ ਗਿਆ। ਲੋਕ ਫੇਫੜੇ, ਦਿਲ ਦੇ ਰੋਗੀ ਹੋ ਚੁੱਕੇ ਹਨ । 

 

 ਕਿਸੇ ਕੋਲ ਕਿਸੇ ਨੂੰ ਮਿਲਣ ਲਈ ਸਮਾਂ ਨਹੀਂ ਸੀ ।ਬਜ਼ੁਰਗਾਂ ਦੀ ਬੇਕਦਰੀ ਬਹੁਤ ਹੋਈ ।ਬਜ਼ੁਰਗਾਂ ਦੀ ਗੱਲ ਸੁਣਨ ਲਈ ਬੱਚਿਆਂ ਕੋਲ ਸਮਾਂ ਨਹੀਂ ਸੀ ।ਹਰ ਪਾਸੇ ਪੈਸੇ ਦਾ ਬੋਲ ਬਾਲਾ ਸੀ ।ਇਨਸਾਨੀਅਤ  ਖ਼ਤਮ ਹੀ ਹੋ ਚੁੱਕੀ ਸੀ ।ਭਰਾ ਨੇ ਜ਼ਮੀਨ ਖਾਤਰ ਭਰਾ ਮਾਰ ਦਿੱਤਾ । ਫੈਕਟਰੀਆਂ ਦੀ ਰਹਿੰਦ ਖੂੰਦ ਵੀ ਦਰਿਆਵਾਂ ਵਿੱਚ ਸੁੱਟੀ ਗਈ ।ਪਿੱਛੇ ਜਿਹੇ ਖ਼ਬਰ ਪੜ੍ਹਨ ਨੂੰ ਮਿਲੀ ਕਿ ਬਿਆਸ ਦਰਿਆ ਵਿੱਚ ਕਈ ਜੰਗਲੀ ਜੀਵਾਂ ਦੀ ਮੌਤ ਹੋ ਚੁੱਕੀ ਸੀ ।ਪ੍ਰਦੂਸ਼ਣ ਵੱਧ ਗਿਆ। ਜਿੰਨੇ ਮੈਂਬਰ ਨੇ ਉਨੀਆਂ ਹੀ ਘਰ ਵਿੱਚ ਗੱਡੀਆਂ ।ਨਸ਼ੇ ਨੇ ਜਵਾਨੀ ਖ਼ਤਮ ਕਰ ਦਿੱਤੀ ।ਦਰੱਖਤਾਂ ਤੇ ਗੰਦਗੀ ਜੰਮ ਚੁੱਕੀ ਸੀ ।ਆਪਣੇ  ਸੁਆਦਾਂ  ਲਈ ਜੀਵ ਜੰਤੂਆਂ ਤੱਕ ਨੂੰ ਨਹੀਂ ਬਖਸ਼ਿਆ ।ਸਮਾਂ ਤਾਂ ਸਭ ਦਾ ਹੀ ਹੁੰਦਾ ਹੈ ।ਕਈ ਪੰਛੀ ,ਚਿੜੀਆਂ ਅਲੋਪ ਹੋ ਚੁੱਕੇ ਸਨ ।

     ਅੱਜ ਕੁਦਰਤ ਦੀ ਅਜਿਹੀ ਖੇਡ ਹੋਈ ,ਮਨੁੱਖ ਕੈਦ ਹੈ ਤੇ ਜੀਵ ਜੰਤੂ ਆਜ਼ਾਦ ਹਨ।ਪੰਛੀਆਂ ਨੂੰ ਵੀ ਧਰਤੀ ਤੇ ਰਹਿਣ ਦਾ ਪੂਰਾ ਹੱਕ ਹੈ । ਕੁਦਰਤੀ ਜੀਵ ਜੰਤੂਆਂ ਨੂੰ ਸੁੱਖ ਦਾ ਸਾਹ ਆਇਆ ਹੈ ।ਪ੍ਰਦੂਸ਼ਣ ਘੱਟ ਗਿਆ ਹੈ। ਸਾਰੇ ਦੇਸ਼ ਵਿੱਚ ਪ੍ਰਦੂਸ਼ਣ ਦਾ ਪੱਧਰ ਸੁਧਰਿਆ ਹੈ ।ਸਾਰੇ ਪਾਸੇ ਹਰਿਆਲੀ ਹੈ ।ਪੰਛੀ ਆਜ਼ਾਦ ਘੁੰਮ ਰਹੇ ਹਨ। ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਸਾਰਾ ਭਾਰਤ ਵਿੱਚ ਪ੍ਰਦੂਸ਼ਣ ਦਾ ਪੱਧਰ  ਬਹੁਤ ਘੱਟ ਗਿਆ ਹੈ।ਗੰਗਾ ਜਮਨਾ ਤੋਂ ਲੈ ਕੇ ਸਤਲੁਜ ਵਰਗੇ ਦਰਿਆ  ਸਾਫ ਸੁਥਰੇ ਛੱਲਾਂ ਮਾਰ ਮਾਰ ਕੇ ਵੱਗ   ਰਹੇ ਹਨ  ।        ਪੰਛੀਆਂ ਦੀਆਂ ਚਹਿ ਚਹਾਉਣ ਦੀਆਂ ਆਵਾਜ਼ਾਂ ਸਵੇਰੇ ਸ਼ਾਮ ਆਮ  ਸੁਣਨ ਨੂੰ ਮਿਲ ਰਹੀਆਂ ਹਨ।ਸ਼ਹਿਰੀ ਖੇਤਰਾਂ ਵਿੱਚ ਮੋਰ ਪੈਲਾਂ ਪਾ ਰਹੇ ਹਨ । ਸਵੇਰ ਦਾ ਨਜ਼ਾਰਾ ਤਾਂ ਦੇਖਣ ਵਾਲਾ ਹੀ ਹੁੰਦਾ ਹੈ। ਠੰਡੀ ਹਵਾ ਚੱਲ ਰਹੀ ਹੁੰਦੀ ਹੈ।  ਹਾਲਾਂਕਿ ਅਪਰੈਲ ਵਿੱਚ ਏਸੀ ਲੱਗਣੇ ਸ਼ੁਰੂ ਹੋ ਜਾਂਦੇ ਹਨ ।ਮੁਰਝਾਏ ਹੋਏ ਪੱਤੇ ,ਦਰੱਖਤ ,ਬੂਟੇ ਖਿੱਲ ਖਿਲਾ ਰਹੇ ਹੁੰਦੇ ਹਨ ।ਪਹਾੜਾਂ ਤੇ ਬਰਫ ਜੰਮੀ ਹੋਈ ਦਿਖ ਰਹੀ ਹੈ ।ਕਸ਼ਮੀਰ ਤੋਂ ਪੀਰ ਪੰਜਾਲ ਪਹਾੜ ਬਰਫ਼ ਨਾਲ ਲੱਦੇ ਹੋਏ ਵੇਖੇ ਜਾ  ਰਹੇ ਹਨ। ਅਸਮਾਨ ਚ ਗ੍ਰਹਿ ਦੇ ਤਾਰੇ ਚਮਕਣ ਲੱਗੇ ਹਨ। ਅਸਮਾਨ ਚ ਧਰੂ ਤਾਰਾ ਵੀ ਵੇਖਣ ਨੂੰ ਮਿਲਿਆ, ਜੋ ਕਿ ਖਿੱਚ ਦਾ ਕੇਂਦਰ ਰਿਹਾ। ਨਹੀਂ ਤਾਂ ਟੈਲੀਸਕੋਪ ਦੀ ਮਦਦ ਰਾਹੀਂ ਹੀ ਇਹ ਵੇਖਿਆ ਜਾਂਦਾ ਸੀ ਜਾਂ ਬੱਚੇ ਆਪਣੇ ਮਾਂ ਬਾਪ ਜਾਂ ਕਿਤਾਬਾਂ ਵਿੱਚ ਹੀ ਪੜ੍ਹਦੇ ਸਨ ।

 

    ਇਹ ਹੁਣ ਸੰਭਲਣ ਦਾ ਸਮਾਂ ਹੈ ।ਜੇ ਇੰਨਾ ਕੁਝ ਹੋ ਕੇ ਵੀ ਇਨਸਾਨ ਨਹੀਂ ਸੰਭਲਿਆ ਤਾਂ ਉਹ ਇਨਸਾਨ ਕਹਾਉਣ ਦੇ ਲਾਇਕ ਨਹੀਂ ਹੈ। ਸਾਨੂੰ ਕੋਈ ਵੀ ਕੰਮ ਹੈ ,ਕੁਦਰਤ ਦੇ ਦਾਇਰੇ ਵਿੱਚ ਰਹਿ ਕੇ ਕਰਨਾ ਚਾਹੀਦਾ ਹੈ ।ਕੁਦਰਤੀ ਹੀ ਰੱਬ ਹੈ ।ਆਓ !ਰਲ ਮਿਲ ਕੇ ਸਾਰੇ ਹੀ ਪ੍ਰਣ ਕਰੀਏ ਕੀ ਇਸੇ ਤਰ੍ਹਾਂ ਵਾਤਾਵਰਨ ਤੇ ਕੁਦਰਤ ਨੂੰ ਸਾਫ਼ ਸੁਥਰਾ ਰੱਖੀਏ ।ਕਿਉਂਕਿ ਮਨੁੱਖ ਅਤੇ ਕੁਦਰਤ ਦਾ ਸਦੀਆਂ ਤੋਂ ਹੀ ਗਹਿਰਾ ਰਿਸ਼ਤਾ ਰਿਹਾ ਹੈ। ਇਸ ਨੂੰ ਬਰਕਰਾਰ ਰੱਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ।

 

 

ਸੰਜੀਵ ਸਿੰਘ ਸੈਣੀ; ਮੁਹਾਲੀ