ਦੇਸ਼ ਵਿਚ ਹੁਣ ਤਕ ਸਾਹਮਣੇ ਆਏ ਕੁੱਲ 27,892 ਮਾਮਲੇ, 872 ਲੋਕਾਂ ਦੀ ਹੋਈ ਮੌਤ

 ਨਵੀਂ ਦਿੱਲੀ , ਅਪ੍ਰੈਲ 2020 -(ਏਜੰਸੀ)- 

ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵਧ ਕੇ 28 ਹਜ਼ਾਰ ਦੇ ਕਰੀਬ ਪਹੁੰਚ ਗਏ ਹਨ। ਦੇਸ਼ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ ਵੀ ਵਧ ਕੇ ਲਗਪਗ 900 ਤਕ ਪਹੁੰਚ ਗਿਆ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਿਕ ਸੋਮਵਾਰ (27 ਅਪ੍ਰੈਲ) ਸਵੇਰੇ 8 ਵਜੇ ਤਕ ਦੇਸ਼ ਵਿਚ ਕੋਰੋਨਾ ਵਾਇਰਸ ਦੇ ਹੁਣ ਤਕ 27,892 ਮਾਮਲੇ ਸਾਹਮਣੇ ਆ ਚੁੱਕੇ ਹਨ।

ਉੱਥੇ ਹੀ ਦੇਸ਼ ਵਿਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦਾ ਅੰਕੜਾ ਵੀ ਵਧ ਕੇ 872 ਤਕ ਚਲਾ ਗਿਆ ਹੈ। ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਵਿਚ ਆਏ ਕੁੱਲ 27,892 ਮਾਮਲਿਆਂ 'ਚੋਂ 20,835 ਮਰੀਜ਼ਾਂ ਦਾ ਫਿਲਹਾਲ ਇਲਾਜ ਚੱਲ ਰਿਹਾ ਹੈ। ਉੱਥੇ ਹੀ 6185 ਮਰੀਜ਼ ਠੀਕ ਹੋ ਚੁੱਕੇ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਵਿਚ ਪਿਛਲੇ 24 ਘੰਟਿਆਂ 'ਚ 1396 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਦੇਸ਼ ਵਿਚ 48 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋਈ ਹੈ।

ਮਹਾਰਾਸ਼ਟਰ 'ਚ ਸਭ ਤੋਂ ਜ਼ਿਆਦਾ ਮਾਮਲੇ

ਸਿਹਤ ਮੰਤਰਾਲੇ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਮਹਾਰਾਸ਼ਟਰ ਕੋਰੋਨਾ ਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੂਬਾ ਨਜ਼ਰ ਆਉਂਦਾ ਹੈ। ਇੱਥੇ ਕੋਰੋਨਾ ਦੇ ਹੁਣ ਤਕ ਕੁੱਲ 8068 ਮਾਮਲੇ ਸਾਹਮਣੇ ਆ ਚੁੱਕੇ ਹਨ। ਸੂਬੇ 'ਚ ਕੋਰੋਨਾ ਵਾਇਰਸ ਨਾਲ ਮੌਤਾਂ ਦਾ ਅੰਕੜਾ 342 ਤਕ ਪਹੁੰਚ ਗਿਆ ਹੈ। ਹਾਲਾਂਕਿ ਇੱਥੇ 1076 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਬਾਅਦ ਕੋਰੋਨਾ ਨਾਲ ਦੂਸਰਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੂਬਾ ਗੁਜਰਾਤ ਹੈ। ਇੱਥੇ ਕੋਰੋਨਾ ਵਾਇਰਸ ਦੇ ਕੁੱਲ 3301 ਮਾਮਲੇ ਸਾਹਮਣੇ ਆ ਚੁੱਕੇ ਹਨ। ਗੁਜਰਾਤ 'ਚ 151 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ, ਉੱਥੇ ਹੀ 313 ਮਰੀਜ਼ ਇੱਥੇ ਠੀਕ ਹੋ ਚੁੱਕੇ ਹਨ।

ਇਸ ਤੋਂ ਬਾਅਦ ਦਿੱਲੀ ਜੋ ਕਿ ਕੋਰੋਨਾ ਪ੍ਰਭਾਵਿਤ ਸੂਬਿਆਂ 'ਚ ਤੀਸਰੇ ਨੰਬਰ 'ਤੇ ਹੈ, ਇੱਥੇ ਹੁਣ ਤਕ ਕੁੱਲ 2918 ਮਾਮਲੇ ਸਾਹਮਣੇ ਆ ਚੁੱਕੇ ਹਨ। ਕੋਰੋਨਾ ਵਾਇਰਸ ਨਾਲ ਮੌਤਾਂ ਦਾ ਅੰਕੜਾ 54 ਹੈ, ਉੱਥੇ ਹੀ 877 ਮਰੀਜ਼ ਹਸਪਤਾਲ ਤੋਂ ਡਿਸਚਾਰਜ ਹੋ ਚੁੱਕੇ ਹਨ। ਇਸ ਤੋਂ ਬਾਅਦ ਰਾਜਸਥਾਨ 'ਚ ਕੁੱਲ 2185 ਮਾਮਲੇ ਸਾਹਮਣੇ ਆਏ ਹਨ, ਇੱਥੇ ਕੋਰੋਨਾ ਨਾਲ 33 ਲੋਕਾਂ ਦੀ ਮੌਤ ਹੋ ਚੁੱਕੀ ਹੈ ਉੱਥੇ ਹੀ 518 ਲੋਕ ਹਸਪਤਾਲ ਤੋਂ ਛੁੱਟੀ ਲੈ ਚੁੱਕੇ ਹਨ।