ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਸਮੇਤ ਨੌਂ ਜਣਿਆਂ ਖ਼ਿਲਾਫ਼ ਮਾਮਲਾ ਦਰਜ, ਪੰਜ ਪੁਲਿਸ ਮੁਲਾਜ਼ਮ ਵੀ ਨਾਮਜ਼ਦ, ਇਕ ਡੀਐੱਸਪੀ ਮੁਅੱਤਲ

ਚੰਡੀਗੜ੍ਹ/ਬਰਨਾਲਾ , ( ਰਾਣਾ ਸੇਖਦੌਲਤ/ਮਨਜਿੰਦਰ ਗਿੱਲ)-ਪ੍ਰਸਿੱਧ ਗਾਇਕ ਸਿੱਧੂ ਮੂਸੇ ਵਾਲਾ ਤੇ ਉਸ ਦੇ ਚਾਰ ਸਾਥੀਆਂ ਸਮੇਤ ਇੱਕ ਥਾਣੇਦਾਰ, ਦੋ ਹੌਲਦਾਰ ਤੇ ਪੰਜ ਪੁਲਿਸ ਮੁਲਾਜ਼ਮਾਂ ਸਮੇਤ ਜ਼ਿਲ੍ਹਾ ਬਰਨਾਲਾ ਦੇ ਥਾਣਾ ਧਨੌਲਾ 'ਚ ਨੌਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ । ਇਸ ਦੇ ਨਾਲ ਹੀ ਡੀਜੀਪੀ ਦਿਨਕਰ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਡੀਐੱਸਪੀ ਹੈੱਡਕੁਆਰਟਰ ਸੰਗਰੂਰ ਦਲਜੀਤ ਸਿੰਘ ਨੂੰ ਵੀ ਤੁਰੰਤ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ।

ਵੀਡੀਓ ਵਾਇਰਲ ਹੋਣ ਤੋਂ ਬਾਅਦ, ਡੀਜੀਪੀ ਨੇ ਐਸਐਸਪੀ ਸੰਗਰੂਰ ਨੂੰ ਮੁੱਢਲੀ ਜਾਂਚ ਕਰਨ ਦਾ ਨਿਰਦੇਸ਼ ਦਿੱਤਾ, ਜਿਸ ਨੇ ਸਭ ਤੋਂ ਪਹਿਲਾਂ ਇਹ ਸਾਬਤ ਕੀਤਾ ਕਿ ਡੀਐਸਪੀ ਨੇ ਪਿੰਡ ਬੱਬਰ ਵਿੱਚ ਫਾਇਰਿੰਗ ਰੇਂਜ ਤੇ ਗੋਲੀ ਚਲਾਉਣ ਵਿੱਚ ਸਹਾਇਤਾ ਕੀਤੀ ਸੀ, ਉਸ ਸਮੇਂ ਜਦੋਂ ਸਾਰਾ ਰਾਜ ਕਰਫਿਊ ਵਿੱਚ ਹੈ। ਰਿਪੋਰਟ ਮਿਲਣ 'ਤੇ ਡੀਐਸਪੀ ਖਿਲਾਫ ਵਿਭਾਗੀ ਜਾਂਚ ਸ਼ੁਰੂ ਕੀਤੀ ਗਈ ਅਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤੇ ਗਏ।

ਇਕੱਤਰ ਕੀਤੀ ਜਾਣਕਾਰੀ ਅਨੁਸਾਰ, ਹਮੇਸ਼ਾ ਹੀ ਚਰਚਾਵਾਂ ਦਾ ਵਿਸ਼ਾ ਰਹੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੇ ਖਿਲਾਫ਼ ਸੋਮਵਾਰ ਬਾਅਦ ਦੁਪਹਿਰ ਜ਼ਿਲ੍ਹਾ ਬਰਨਾਲਾ ਦੇ ਥਾਣਾ ਧਨੌਲਾ 'ਚ ਮਾਮਲਾ ਦਰਜ ਕੀਤਾ ਗਿਆ ਹੈ। ਹਾਲ ਹੀ 'ਚ ਰੀਲੀਜ਼ ਹੋਏ ਸਿੱਧੂ ਮੂਸੇਵਾਲੇ ਦੇ ਗੀਤ ਦਾ ਫ਼ਿਲਮਾਂਕਣ ਜ਼ਿਲ੍ਹਾ ਬਰਨਾਲਾ ਦੇ ਥਾਣਾ ਧਨੌਲਾ ਅਧੀਨ ਪਿੰਡ ਬਡਬਰ 'ਚ ਕੀਤਾ ਗਿਆ ਸੀ। ਗਾਇਕ ਸਿੱਧੂ ਮੂਸੇਵਾਲਾ ਵਲੋਂ ਆਪਣੇ ਟਿੱਕਟਾਕ 'ਤੇ ਵਾਇਰਲ ਵੀਡਿਓ ਦੇ ਤਹਿਤ ਇਹ ਮਾਮਲਾ ਦਰਜ ਹੋਇਆ ਹੈ, ਜਿਸ 'ਚ ਉਹ ਉਸ ਮੌਕੇ ਹਥਿਆਰ ਚਲਾਉਣ ਦੀ ਟ੍ਰੇਨਿੰਗ ਲੈ ਰਿਹਾ ਸੀ, ਜੋ ਗੈਰ ਕਾਨੂੰਨੀ ਸੀ। ਭਾਵੇਂ ਮੌਕੇ 'ਤੇ ਕੁੱਝ ਪੁਲਿਸ ਕਰਮਚਾਰੀ ਵੀ ਉਸ ਦੇ ਨਾਲ ਸਨ, ਇਹ ਗੀਤ ਰੀਲੀਜ਼ ਹੋਣ ਤੋਂ ਬਾਅਦ ਮਾਮਲਾ ਪੁਲਿਸ ਦੇ ਧਿਆਨ 'ਚ ਆਇਆ ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਡੀਜੀਪੀ ਪੰਜਾਬ ਸ਼੍ਰੀ ਦਿਨਕਰ ਗੁਪਤਾ ਦੇ ਹੁਕਮਾਂ 'ਤੇ ਜ਼ਿਲ੍ਹਾ ਪੁਲਿਸ ਕਪਤਾਨ ਸੰਦੀਪ ਗੋਇਲ ਦੇ ਆਦੇਸਾਂ ਤਹਿਤ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਖਿਲਾਫ਼ ਮਹਾਂਮਾਰੀ ਕੋਰੋਨਾ ਵਾਇਰਸ ਦੇ ਦਿਨਾਂ 'ਚ ਕਰਫਿਊ ਦੀ ਉਲੰਘਣਾ ਕਰਨ 'ਤੇ ਮਾਮਲਾ ਦਰਜ ਕੀਤਾ ਗਿਆ ਹੈ।

ਪੁਲਿਸ ਮੁਲਾਜ਼ਮਾਂ ਸਮੇਤ 9 ਖ਼ਿਲਾਫ਼ ਮਾਮਲਾ ਦਰਜ

ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਤੇ ਉਸ ਦੇ ਸਾਥੀ ਕਰਮ ਸਿੰਘ ਲਹਿਲ, ਇੰਦਰ ਸਿੰਘ ਗਰੇਵਾਲ, ਜੰਗ ਸ਼ੇਰ ਸਿੰਘ ਪਟਿਆਲਾ ਸਮੇਤ ਥਾਣੇਦਾਰ ਬਲਕਾਰ ਸਿੰਘ,ਹੌਲਦਾਰ ਗੁਰਜਿੰਦਰ ਸਿੰਘ, ਹੌਲਦਾਰ ਗਗਨਦੀਪ ਸਿੰਘ, ਸਿਪਾਹੀ ਜਸਵੀਰ ਸਿੰਘ ਤੇ ਸਿਪਾਹੀ ਹਰਵਿੰਦਰ ਸਿੰਘ ਸਮੇਤ ਨੌਂ ਖ਼ਿਲਾਫ਼ ਬਰਨਾਲਾ ਜ਼ਿਲ੍ਹੇ ਦੇ ਥਾਣਾ ਧਨੌਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ।