You are here

ਲੌਕਡਾਊਨ ਤਾਂ ਲਾਗੂ ਕਰ ਦਿੱਤਾ, ਪਰ ਜ਼ਮੀਨੀ ਪੱਧਰ 'ਤੇ ਪ੍ਰਬੰਧ ਹਨ ਜ਼ੀਰੋ? ✍️ ਅਜੀਤ ਸਿੰਘ ਅਖਾੜਾ

ਲੌਕਡਾਊਨ ਤਾਂ ਲਾਗੂ ਕਰ ਦਿੱਤਾ, ਪਰ ਜ਼ਮੀਨੀ ਪੱਧਰ 'ਤੇ ਪ੍ਰਬੰਧ ਹਨ ਜ਼ੀਰੋ?

ਅੱਜ ਤੋਂ ਹਾਲਾਤਾਂ ਤੋਂ ਜੇਕਰ ਪਹਿਲਾਂ ਦੀ ਗੱਲ ਕਰੀਏ ਤਾਂ ਹਰ ਇਕ ਚੰਗਾ ਮਾੜਾ ਮਨੁੱਖ  ਆਪਣੇ ਆਲੇ ਦੁਆਲੇ ਚਾਰ ਪੰਜ ਆਪਣੇ ਸਾਥੀਆਂ ਨੂੰ ਨਾਲ ਰੱਖਣਾ ਇਕ ਮਾਣ ਸਨਮਾਨ ਸਮਝਦਾ ਸੀ, ਪਰ ਕੁਦਰਤ ਨੇ ਮਨੁੱਖ ਨਾਲ ਐਸੀ ਖੇਡ ਖੇਡੀ ਹੈ ਕਿ ਹੁਣ ਮਨੁੱਖ ਦੂਜੇ ਮਨੁੱਖ ਨੂੰ ਦੇਖ ਕੇ ਦੂਰ ਭੱਜ ਰਿਹਾ ਹੈ ਤੇ ਇਕ ਦੂਜੇ ਨਾਲ ਸੰਪਰਕ ਕਰਨ ਤੋਂ ਗੁਰੇਜ਼ ਕਰ ਰਿਹਾ ਹੈ। ਇਕ ਹੋਰ ਅਹਿਮ ਤੇ ਖਾਸ ਗੱਲ ਕਿ ਉਕਤ ਵਰਤਾਰਾ ਕਿਸੇ ਵਿਸ਼ੇਸ਼ ਜਗ੍ਹਾ ਜਾਂ ਵਿਸ਼ੇਸ਼ ਦੇਸ਼ 'ਚ ਨਹੀਂ ਸਗੋਂ ਪੂਰੀ ਦੁਨੀਆਂ 'ਚ ਹੀ ਵਾਪਰ ਰਿਹਾ ਹੈ। ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਸ਼ਾਇਦ ਅੱਜ ਅਸੀਂ ਜਿਸ ਭਿਆਨਕ ਦੌਰ ਵਿਚੋਂ ਦੀ ਗੁਜ਼ਰ ਰਹੇ ਹਾਂ, ਉਹ ਸੰਤਾਲੀ ਸਮੇਂ ਦੇਸ਼ ਵੰਡ ਵਾਂਗ ਤਾਂ ਨਹੀਂ, ਪਰ ਹਾਲਾਤ ਉਸ ਦੌਰ ਦੀ ਤਰ੍ਹਾਂ ਕਾਫ਼ੀ ਨਾਜੁਕ ਹੀ ਜਾਪਦੇ ਹਨ। ਅੱਜ ਦੇ ਇਨ੍ਹਾਂ ਹਾਲਾਤਾਂ ਨਾਲ ਨਿਜੱਠਣ ਤੋਂ ਬਾਅਦ ਅਸੀਂ ਵੀ ਸ਼ਾਇਦ ਆਪਣੀ ਆਉਂਣ ਵਾਲੀ ਪੀੜੀ ਨੂੰ ਇਸ ਖਤਰਨਾਕ ਦੌਰ ਬਾਰੇ ਦੱਸਿਆ ਕਰਾਂਗੇ, ਪਰ ਮੈਨੂੰ ਲੱਗਦਾ ਕਿ ਕੋਈ ਵੀ ਅੱਜ ਦੇ ਇਨ੍ਹਾਂ ਹਾਲਾਤਾਂ ਬਾਰੇ ਮੰਨਣ ਨੂੰ ਤਿਆਰ ਨਹੀਂ ਹੋਇਆ ਕਰੇਗਾ, ਕਿਉਂਕਿ ਅੱਜ ਤੱਕ ਸ਼ਾਇਦ ਕਿਸੇ ਨੇ ਕਦੇ ਵੀ ਸੋਚਿਆ ਹੀ ਨਹੀਂ ਹੋਵੇਗਾ ਕਿ ਇੰਝ ਵੀ ਕਦੇ ਦੁਨੀਆਂ ਰੁਕ ਸਕਦੀ ਹੈ,
ਮਨੁੱਖ ਵੱਲੋਂ ਜਾਨਵਰਾਂ ਅਤੇ ਜੀਵ ਜੰਤੂਆਂ 'ਤੇ ਕੀਤੇ ਗਏ ਅੰਨੇਵਾਹ ਤਸ਼ੱਦਦ ਅਤੇ ਕੁਦਰਤ ਨਾਲ ਕੀਤੇ ਜਾ ਰਹੇ ਵੱਡੇ ਪੱਧਰ 'ਤੇ ਖਿਲਵਾੜ ਦਾ ਸਮੁੱਚੀ ਮਨੁੱਖ ਜਾਤੀ ਨੂੰ ਐਨਾ ਮਹਿੰਗਾ ਅਤੇ ਵੱਡਾ ਮੁੱਲ ਤਾਰਨਾ ਪਵੇਗਾ। ਅਸੀਂ ਸਾਰੇ ਇਸ ਗੱਲ ਤੋਂ ਚੰਗੀ ਤਰ੍ਹਾਂ ਵਾਕਫ ਹਾਂ ਕਿ ਚੀਨ ਤੋਂ ਪੂਰੀ ਦੁਨੀਆਂ 'ਚ ਫੈਲਿਆਂ ਇਹ ਕੋਰੋਨਾ ਨਾਮਕ ਵਾਇਰਸ ਮਨੁੱਖ ਵੱਲੋਂ ਬੇਜ਼ੁਬਾਨਾਂ ਨੂੰ ਜ਼ਾਲਮ ਤਰੀਕੇ ਨਾਲ ਪਕਾ ਕੇ ਖਾਣ ਦੇ ਨਤੀਜੇ 'ਚੋਂ ਉਪਜਿਆਂ ਹੈ ਤੇ ਪਿਛਲੇ ਦੋ ਕੁ ਮਹੀਨਿਆਂ ਦੌਰਾਨ ਚੀਨ 'ਚੋਂ ਉਨ੍ਹਾਂ ਬੇਜ਼ੁਬਾਨਾਂ ਨੂੰ ਮਾਰ ਕੇ ਖਾਣਯੋਗ ਬਣਾਉਂਣ ਦੀਆਂ ਤਰਸਯੋਗ ਤਸਵੀਰਾਂ ਅਤੇ ਵੀਡਿਓ ਕਲਿੱਪਾਂ ਅਤੇ ਫਿਰ ਚੀਨੀ ਮਾਵਾਂ ਵੱਲੋਂ ਛੋਟੇ ਛੋਟੇ ,ਬੱਚਿਆਂ ਨੂੰ ਮਹਿਜ਼ ਦੇਖ ਹੀ ਸਕਣ ਅਤੇ ਨਾ ਮਿਲਣ ਦੀਆਂ ਵੀਡਿਓ ਕਲਿੱਪਾਂ ਨੇ ਹਰ ਇਕ ਦਿਲ ਨੂੰ ਪਸੀਜ ਕੇ ਰੱਖ ਦਿੱਤਾ। ਇਨਸਾਨੀ ਕਿਆਸਰਾਈਆਂ ਦੇ ਉਲਟ ਕਿਸੇ ਦੇ ਵੀ ਜਿਹਨ 'ਚ ਏਅਰਪੋਰਟਾਂ 'ਤੇ ਖੜੇ ਜ਼ਹਾਜ਼ਾਂ, ਖੜੀਆਂ ਰੇਲ ਗੱਡੀਆਂ, ਬੰਦ ਪਈਆਂ ਵੱਡੀਆਂ ਫੈਕਟਰੀਆਂ, ਬੱਚਿਆਂ ਦੇ ਪੇਪਰ, ਧਾਰਮਿਕ ਸਮਾਗਮ, ਖੇਡ ਟੂਰਨਾਮੈਂਟ ਆਦਿ ਮੁਲਤਵੀ ਹੋਣ ਬਾਰੇ ਕਦੇ ਸੋਚਿਆ ਤੱਕ ਨਹੀਂ ਸੀ ਤੇ ਨਾ ਹੀ ਕਦੇ ਇਹ ਸੋਚਿਆ ਸੀ ਕਿ ਦੁਨੀਆਂ ਵੀ ਇੰਝ ਰੁਕ ਸਕਦੀ ਹੈ। ਪਰ ਹਾਂ ਇਹ ਸਭ ਕੁਝ ਵਾਪਰ ਰਿਹਾ ਹੈ ਤੇ ਇਹ ਸਾਨੂੰ ਮੰਨਣਾ ਵੀ ਪੈਣਾ, ਕਿਉਂਕਿ ਕੋਰੋਨਾ ਵਾਇਰਸ ਕਰਕੇ ਮੌਜੂਦਾ ਜੋ ਵੀ ਇਹ ਭਿਆਨਕ ਹਾਲਾਤ ਬਣੇ ਹਨ, ਹੁਣ ਕੋਰੋਨਾ ਖਿਲਾਫ਼ ਇਸ ਲੜਾਈ ਨੂੰ ਜਿੱਤਣ ਲਈ ਸਾਡੇ ਕੋਲ ਅਜੇ ਤੱਕ ਕੋਈ ਵੀ ਠੋਸ ਹਥਿਆਰ ਭਾਵ ਕਿ ਇਲਾਜ ਸੰਭਵ ਨਹੀਂ ਹੋ ਸਕਿਆ ਅਤੇ ਇਹ ਵਾਇਰਸ ਦੀ ਵਧਣ ਦੀ ਗਤੀ ਐਨੀ ਜ਼ਿਆਦਾ ,ਤੇਜ਼ ਹੈ ਕਿ ਪੂਰੀ ਦੁਨੀਆਂ ਅੰਦਰ ਰੋਜ਼ਾਨਾ ਲੱਖਾਂ ਦੀ ਗਿਣਤੀ ਵਿਚ ਮਰੀਜ਼ ਇਸ ਦੀ ਲਪੇਟ 'ਚ ਆ ਰਹੇ ਹਨ, ਜਿੰਨ੍ਹਾਂ 'ਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ ਵੀ ਲੱਖਾਂ 'ਚ ਹੋ ਚੁੱਕੀ ਹੈ, ਪਰ ਦੂਜਾ ਪੱਖ ਹਜ਼ਾਰਾਂ ਦੀ ਗਿਣਤੀ ਵਿਚ ਕੋਰੋਨਾ ਦੀ ਦੇ ਮਰੀਜ਼ ਠੀਕ ਵੀ ਹੋ ਰਹੇ ਹਨ। ਇਹ ਵਾਇਰਸ ਇਕ ਦੂਜੇ ਨਾਲ ਸੰਪਰਕ 'ਚ ਆਉਂਣ 'ਤੇ ਜਾਂ ਫਿਰ ਕੋਰੋਨਾ ਨਾਲ ਪੀੜਤ ਵੱਲੋਂ ਕਿਸੇ ਵਸਤੂ ਨੂੰ ਹੱਥ ਲਗਾਉਂਣ 'ਤੇ ਹੀ ਇਹ ਵਾਇਰਸ ਬੜੀ ਤੇਜ਼ੀ ਨਾਲ ਵੱਧਦਾ ਹੈ ਤੇ ਜਿਸ ਕਰਕੇ ਇਸ 'ਤੇ ਕਾਬੂ ਪਾਉਂਣਾ ਬੇਹੱਦ ਮੁਸ਼ਕਿਲ ਕੰਮ ਹੈ। ਜੰਗਲ 'ਚ ਲੱਗੀ ਅੱਗ ਵਾਂਗ ਵੱਧ ਰਹੇ ਇਸ ਵਾਇਰਸ ਨੂੰ ਰੋਕਣ ਲਈ ਤਾਕਤਵਰ ਦੇਸ਼ਾਂ ਦੇ ਰਾਜਨੀਤਿਕ ਆਗੂਆਂ ਦੀਆਂ ਮੱਥੇ ਦੀਆਂ ਸ਼ਿਕਨਾਂ ਦਿਨ ਬ ਦਿਨ ਵੱਧਦੀਆਂ ਹੀ ਜਾ ਰਹੀਆਂ ਹਨ। ਆਰਥਿਕ ਪੱਖੋਂ ਬੇਹੱਦ ਮਜ਼ਬੂਤ ਸਥਿਤੀ 'ਚ ਮੰਨੇ ਜਾਂਦੇ ਵੱਡੇ ਵੱਡੇ ਦੇਸ਼ ਵੀ ਇਸ ਕੋਰੋਨਾ ਵਾਇਰਸ ਤੋਂ ਬਚਾਅ ਲਈ ਕੀਤੇ ਗਏ ,ਲੌਕਡਾਊਨ ਦੇ ਚੱਲਦਿਆਂ ਆਪਣੀ ਚੰਗੀ ਅਰਥਵਿਵਸਥਾ ਤੋਂ ਹੱਥ ਧੋ ਬੈਠੇ ਹਨ। ਕਿਉਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਇਸ ਵਾਇਰਸ ਨੂੰ 24 ਘੰਟੇ ਕੋਈ ਸੰਪਰਕ ਨਾ ਮਿਲੇ ਤਾਂ ਇਹ ਖਤਮ ਹੋ ਜਾਂਦਾ ਹੈ। ਜਿਕਰਯੋਗ ਹੈ ਕਿ ਕਈ ਮੁਲਕਾਂ ਦੀ ਹਾਲਤ ਸੱਪ ਦੇ ਮੂੰਹ 'ਚ ਆਏ ਕੋਹੜਕਿਰਲੇ ਵਰਗੀ ਹੋ ਗਈ ਹੈ, ਕਿਉਂਕਿ ਜੇਕਰ ਉਹ ਲੋਕਡਾਊਨ ਕਰਦੇ ਤਾਂ ਉਹਨਾਂ ਦੀ ਜਨਤਾ ਭੁੱਖ ਕਾਰਨ ਮਰ ਸਕਦੀ ਹੈ ਤੇ ਜੇਕਰ ਲੌਕਡਾਊਨ ਨਹੀਂ ਕਰਦੇ ਤਾਂ ਕੋਰੋਨਾ ਵਾਇਰਸ ਦੀ ਲਪੇਟ 'ਚ ਆਉਂਣ ਕਰਕੇ ਮੌਤ ਦਾ ਰਸਤਾ। ਇਸ ਮੁਸ਼ਕਿਲ ਘੜੀ ਵਿਚੋਂ ਦੀ ਗੁਜ਼ਰ ਕੇ ਅਜਿਹੇ ਮਾੜੀ ਅਰਥਵਿਵਸਥਾ ਵਾਲੇ ਮੁਲਕ ਕਈ ਸਾਲ ਆਪਣੀ ਡਾਵਾਂਡੋਲ ਹੋ ਚੁੱਕੀ ਅਰਥਵਿਵਸਥਾ ਨੂੰ ਠੀਕ ਕਰਨ 'ਚ ਜੂਝਣਗੇ। ਹਾਲ ਦੀ ਘੜੀ ਵਿਚ ਦੁਨੀਆਂ ਦੀਆਂ ਲਗਭਗ ਸਾਰੀਆਂ ਸਰਕਾਰਾਂ ਨੇ ਇਨ੍ਹਾਂਹਾਲਾਤਾਂ ਨਾਲ ਨਿਜੱਠਣ ਦਾ ਇਕੋ ਇਕ ਰਾਹ ਲੱਭਿਆ ਹੈ ਲੋਕਾਂ ਦਾ ਆਪਸੀ ਮੇਲਜੋਲ ਬੰਦ ਭਾਵ ਕਿ ਲੌਕਡਾਊਨ ਅਤੇ ਸਿੱਧੇ ਸ਼ਬਦਾਂ 'ਚ ਆਖੀਏ ਤਾਂ ਕਰਫਿਊ ਲਗਾਉਂਣਾ ਹੀ ਯੋਗ ਹੈ। ਮਹਾਨ ਬੁੱਧੀਜੀਵੀਆਂ ਦੀ ਬੋਲਾਂ ਅਨੁਸਾਰ ਜਦੋਂ ਮਨੁੱਖ ਕਿਸੇ ਮੁਸੀਬਤ 'ਚ ਫਸਦਾ ਹੈ ਤਾਂ ਸਹਿਣਸ਼ੀਲਤਾ ਅਤੇ ਸਬਰ ਹੀ ਸਭ ਤੋਂ ਵੱਡਾ ਹਥਿਆਰ ਮੰਨਿਆ ਜਾਂਦਾ ਹੈ ਤੇ ਅੱਜ ਉਸ ,ਸਹਿਣਸ਼ੀਲਤਾ ਤੋਂ ਕੰਮ ਲੈਣ ਦੀ ਘੜੀ ਆ ਚੁੱਕੀ ਹੈ ਤੇ ਪਿਛਲੇ ਕਰੀਬ ਇਕ ਮਹੀਨੇ ਤੋਂ ਇਹ ਹਥਿਆਰ ਕਾਫ਼ੀ ਹੱਦ ਤੱਕ ਕਈ ਥਾਵਾਂ 'ਤੇ ਸਫਲ ਵੀ ਸਾਬਤ ਚੱਲਿਆ ਆ ਰਿਹਾ ਹੈ। ਅੱਜ ਪੂਰੀ ਦੁਨੀਆਂ 'ਚ ਲੌਕਡਾਊਨ ਕਾਰਨ ਵੱਡੇ-ਛੋਟੇ ਮੁਲਕਾਂ ਨੂੰ ਲੱਖਾਂ ਕਰੋੜਾਂ ਰੁਪਏ ਡਾਲਰਾਂ ਦੇ ਨੁਕਸਾਨ ਝੱਲਣੇ ਪੈ ਰਹੇ ਹਨ ਤੇ ਹਾਲਾਤ ਵੀ ਇਸ ਤਰ੍ਹਾਂ ਦੇ ਹੀ ਹਨ ਕਿ ਜਾਂ ਤਾਂ ਲੋਕ ਚੰਗੀ ਪਰਜਾ ਦੀ ਤਰ੍ਹਾਂ ਆਪਣੇ ਸ਼ਾਸਕ ਦਾ ਕਹਿਣਾ ਮੰਨਦੇ ਹੋਏ ਲੋਕਡਾਊਨ ਦਾ ਪਾਲਣ ਕਰਨ ਜਾਂ ਫਿਰ ਬਗਾਵਤ ਦਾ ਰਸਤਾ ਅਪਣਾਉਂਦੇ ਹੋਏ ਕੋਰੋਨਾ ਦੀ ਲਪੇਟ 'ਚ ਆ ਕੇ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਖਤਰੇ 'ਚ ਪਾਉਣ। ਜਿੱਥੇ ਪੂਰੀ ਦੁਨੀਆਂ 'ਤੇ ਕੋਰੋਨਾ ਵਾਇਰਸ ਕਰਕੇ ਖਤਰੇ ਦੇ ਬੱਦਲ ਛਾਏ ਹੋਏ ਹਨ, ਉਥੇ ਭਾਰਤ 'ਚ ਵੀ ਇਸ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਦਿਨ ਬ ਦਿਨ ਵੱਧਦੀ ਜਾ ਰਹੀ ਹੈ। ਇਥੇ ਵੀ ਲੌਕਡਾਊਨ ਜ਼ਰੀਏ ਹਾਲਾਤਾਂ 'ਤੇ ਕਾਬੂ ਪਾਉਂਣ ਦੀਆਂ ਕੋਸ਼ਿਸਾਂ ਲਗਾਤਾਰ ਜਾਰੀ ਹਨ, ਪਰ ਜ਼ਮੀਨੀ ਪੱਧਰ 'ਤੇ ਕੋਰੋਨਾ ਖਿਲਾਫ਼ ਸਰਕਾਰ ਅਤੇ ਪ੍ਰਸ਼ਾਸ਼ਨ ਦੇ ਪ੍ਰਬੰਧਾਂ ਦੀ ਗੱਲ ਕਰਦੇ ਹਾਂ, ਤਾਂ ਨਤੀਜਾ ਸਿਫਰ ਹੀ ਆਉਂਦਾ ਹੈ। ਦੇਖਿਆ ਗਿਆ ਹੈ ਕਿ ਦੇਸ਼ ਦੇ ਪ੍ਰਧਾਨ ਸ੍ਰੀ ਨਰਿੰਦਰ ਮੋਦੀ ਜੀ ਵੱਲੋਂ ਸਮੇਂ ਸਮੇਂ 'ਤੇ ਦੇਸ਼ਵਾਸੀਆਂ ਦੀ ਏਕਤਾ, ਅਖੰਡਤਾ ਅਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਸਿੱਧੇ ਜਾਂ ਅਸਿੱਧੇ ਰੂਪ 'ਚ 'ਤਾੜੀ ਵਜਾਓ, ਥਾਲੀ ਖੜਕਾਉ' ਅਤੇ ਰਾਤ ਨੂੰ 'ਨੌ ਮਿੰਟ ਮੋਮਬੱਤੀ ਜਗਾਉਣ' ਦਾ ਸੰਦੇਸ਼ ਦਿੱਤਾ, ਜਿਸ 'ਤੇ ਕਾਫ਼ੀ ਹੱਦ ਤੱਕ ਦੇਸ਼ ਵਾਸੀਆਂ ਨੇ ਭਰਵਾਂ ਹੁੰਗਾਰਾ ਵੀ ਦਿੱਤਾ। ਕਿਉਂਕਿ ਆਖਦੇ ਹਨ ਕਿ ਜਦੋਂ ਕੋਈ ਮਰੀਜ਼ ਇਲਾਜ ਖੁਣੋ ਤਰਸ ਰਿਹਾ ਹੋਵੇ ਤਾਂ ਉਸ ਨੂੰ ਹਰ ਇਕ ਬੂਟੀ ਹੀ ਸੰਜੀਵਨੀ ਬੂਟੀ ਲੱਗਦੀ ਹੈ ਤੇ ਉਹ ਆਪਣੀ ਤੰਦਰੁਸਤੀ ਲਈ ਬਿਨ੍ਹਾਂ ਕਿਸੇ ਝਿਜਕ ਦੇ ਸਭ ਕੁਝ ਕਰਨ ਲਈ ਤਿਆਰ ਹੋ ਜਾਂਦਾ ਹੈ ਤੇ ਸ਼ਾਇਦ ਅਜਿਹਾ ਹੀ ਸਾਡੇ ਦੇਸ਼ਵਾਸੀਆਂ ਨਾਲ ਹੋ ਰਿਹਾ ਹੈ ਤੇ ਸਾਡੇ ਇਹ ਭੋਲੇ ਭਾਲੇ ਲੋਕਾਂ ਨੂੰ ਪ੍ਰਧਾਨ ਮੰਤਰੀ ਜੀ ਦੇ ਅਦੇਸ਼ ਕੋਰੋਨਾ ਵਾਇਰਸ ਤੋਂ ਮੁਕਤੀ ਦਵਾਉਂਣ ਤੋਂ ਘੱਟ ਨਹੀਂ ਲੱਗ ਰਹੇ। ਪਰ ਅੱਜ ਦੇ ਹਾਲਾਤ ਆਪਣੇ ਆਪ 'ਚ ਇਕ ਬਹੁਤ ਵੱਡੀ ਪਰਖ ਅਤੇ ਸਬਰ ਦਾ ਸਮਾਂ ਹੈ। ਪਰ ਕੀ ਅਜਿਹੇ ਗੰਭੀਰ ਮਹੌਲ 'ਚ ਅਜਿਹੇ ਢੰਗ ਤਰੀਕੇ ਅਪਨਾਉਂਣੇ ਜਾਇਜ਼ ਹਨ? ਅਨੇਕਾਂ ਸਵਾਲ ਮਨ ਦੇ ਸਮੁੰਦਰ ਅੰਦਰ ਲਹਿਰਾਂ ਵਾਂਗ ਆਉਂਦੇ ਪਰ ਬਿਨ੍ਹਾਂ ਕੋਈ ਉਤਰ ਦਿੱਤੇ ਵਾਪਸ ਚਲੇ ਜਾਂਦੇ। ਇਕ ਹੋਰ ਤਾਜ਼ਾ ਉਦਾਹਰਨ ਮਿਲੀ ਜਿਸ ਵਿਚ ਜ਼ਿਲ੍ਹਾ ਲੁਧਿਆਣਾ ਦੀ ਜਗਰਾਉਂ ਤਹਿਸੀਲ ਦੇ ਪਿੰਡ ਰਸੂਲਪੁਰ (ਮੱਲ੍ਹਾ) ਵਿਖੇ ਸਿਹਤ ਵਿਭਾਗ ਦੀ ਅਣਗਹਿਲੀ ਦੇਖਣ ਨੂੰ ਮਿਲੀ, ਜਿਥੇ ਪਤਾ ਲੱਗਾ ਕਿ ਪਿੰਡ ਦੇ ਸਰਪੰਚ ਗੁਰਸਿਮਰਨ ਸਿੰਘ ਵੱਲੋਂ ਸਿਹਤ ਵਿਭਾਗ ਨੂੰ ਕੋਰੋਨਾ ਦੇ ਸ਼ੱਕੀ ਮਰੀਜ਼ ਬਾਰੇ ਸੂਚਿਤ ਕੀਤਾ
ਗਿਆ, ਪਰ ਹੈਰਾਨੀਜਨਕ ਘਟਨਾ ਤਾਂ ਉਸ ਸਮੇਂ ਵਾਪਰੀ ਜਦੋਂ ਸਿਹਤ ਵਿਭਾਗ ਨੇ ਸੂਚਿਤ ਕਰਨ ਵਾਲੇ ਸਰਪੰਚ ਨੂੰ ਹੀ ਕੋਰੋਨਾ ਵਾਇਰਸ ਦਾ ਮਰੀਜ਼ ਐਲਾਨ ਕੇ ਉਸਦੇ ਨਾਮ ਦੀ ਸਲਿੱਪ ਜਾਰੀ ਕਰ ਦਿੱਤੀ। ਇਸ ਤੋਂ ਵੱਧ ਹੈਰਾਨੀ ਤੇ ਤਰਸਯੋਗ ਗੱਲ ਤਾਂ ਉਸ ਸਮੇਂ ਹੋਈ ਜਦੋਂ ਸਰਪੰਚ ਵੱਲੋਂ ਸ਼ਾਮ ਦੇ ਕਰੀਬ 4 ਵਜੇ ਤੋਂ ਫੋਨ ਰਾਹੀਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕੋਰੋਨਾ ਦੇ ਸ਼ੱਕੀ ਮਰੀਜ਼ ਦੀ ਪੜਤਾਲ ਕਰਨ ਲਈ ਪਿੰਡ 'ਚ ਆਉਂਣ ਲਈ ਬੁਲਾਇਆ ਜਾ ਰਿਹਾ ਸੀ, ਪਰ ਇਹ ਟੀਮ ਕਰੀਬ 4-5 ਘੰਟਿਆਂ ਬਾਅਦ ਰਾਤ ਦੇ ਕਰੀਬ 10 ਵਜੇ ਪਿੰਡ 'ਚ ਪੁਹੰਚਦੀ ਹੈ, ਜਿਸ ਤੋਂ ਕੋਰੋਨਾ ਵਾਇਰਸ ਖਿਲਾਫ਼ ਸਾਡੀ ਇਸ ਜੰਗ ਪ੍ਰਤੀ ਸਰਕਾਰ ਕਿੰਨੀ ਕੁ ਸੁਹਰਿਦ ਹਾਂ, ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਇਕ ਹੋਰ ਘਟਨਾ ਜਿਸ ਨੂੰ ਦੇਖ ਕੇ ਸ਼ਾਇਦ ਹੀ ਕੋਈ ਅੱਖ ਨਮ ਹੋਣੋ ਰਹੀ ਹੋਵੇਗੀ, ਇਕ ਵੀਡਿਓ ਕਲਿਪ ਜਿਸ ਵਿਚ ਇਕ ਔਰਤ ਇਕ ਬੈਗ ਨੂੰ ਖਿੱਚੀ ਲਈ ਜਾ ਰਹੀ ਹੈ ਅਤੇ ਉਸਦਾ ਇਕ ਥੱਕਿਆ ਹੋਇਆ ਬੱਚਾ ਲੱਤਾ ਲਮਕਾ ਕੇ ਮੂਦੇਮੂੰਹ ਉਸ ਬੈਗ 'ਤੇ ਲੰਮਾ ਪੈ ਕੇ ਸਫਰ ਤੈਅ ਕਰ ਰਿਹਾ ਹੈ। ਅਜਿਹੀਆਂ ਘਟਨਾਵਾਂ ਤੋਂ ਇਹ ਲੱਗ ਰਿਹਾ ਹੈ ਕੀ ਸਰਕਾਰਾਂ ਪਹਿਲਾਂ ਦੀ ਤਰ੍ਹਾਂ ਮਹਿਜ਼ ਕਾਗਜ਼ੀ ਕਾਰਵਾਈ ਜਾਂ ਸ਼ੋਸ਼ਲ ਮੀਡੀਆ 'ਤੇ ਆਪਣੇ ਪ੍ਰਬੰਧਾਂ ਨੂੰ ਮੁਕੰਮਲ ਦੱਸ ਕੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ। ਪਰ ਅਸਲ 'ਚ ਜ਼ਮੀਨੀ ਪੱਧਰ 'ਤੇ ਕੋਰੋਨਾ ਸਬੰਧੀ ਪ੍ਰਬੰਧ ਨਾ ਦੇ ਬਰਾਬਰ ਜਾਪ ਰਹੇ ਹਨ। ਇਸੇ ਤਰ੍ਹਾਂ ਇਕ ਹੋਰ ਗੱਲ ਜਿਹੜੀ ਕਿ ਲੌਕਡਾਊਨ ਦੇ ਦਿਨਾਂ 'ਚ ਸਰਕਾਰ ਦੇ ਪ੍ਰਬੰਧਾਂ 'ਤੇ ਸਵਾਲੀਆਂ ਨਿਸ਼ਾਨ ਲਗਾਉਂਦੀ ਨਜ਼ਰ ਆਉਂਦੀ ਹੈ, ਸਰਕਾਰ ਨੇ ਕੋਰੋਨਾਵਾਇਰਸ ਦੇ ਚੱਲਦਿਆਂ ਦੇਸ਼ ਅੰਦਰ ਲੌਕਡਾਊਨ ਦਾ ਐਲਾਨ ਦਾ ਕਰ ਦਿੱਤਾ, ਪਰ ਲੋੜਵੰਦ ਅਜਿਹੇ ਪਰਿਵਾਰ ਜਿਨ੍ਹਾਂ ਦਾ ਜੀਵਨ ਨਿਰਵਾਹ ਮਹਿਜ਼ ਮਜ਼ਦੂਰੀ ਤੇ ਜਾਂ ਫਿਰ ਮਹੀਨੇ ਬਾਅਦ ਆਉਂਦੀ ਤਨਖਾਹ 'ਤੇ ਸੀ। ਉਸ ਸਬੰਧੀ ਕੋਈ ਵਿਸ਼ੇਸ਼ ਸਹੂਲਤਾਂ ਨਹੀਂ ਲਾਗੂ ਕੀਤੀਆਂ ਗਈਆਂ, ਜਿਹੜੀ ਕਿ ਆਪਣੇ ਆਪ 'ਚ ਸਰਕਾਰ ਦੀ ਵੱਡੀ ਨਾਕਾਮੀ ਪੇਸ਼ ਕਰਦੀ ਹੈ। ਕਈ ਪਰਿਵਾਰ ਅਜਿਹੇ ਵੀ ਹਨ ਜਿੰਨ੍ਹਾਂ ਲਈ ਦੋ ਵਕਤ ਦੀ ਰੋਟੀ ਦੀ ਵੀ ਚਿੰਤਾ ਹੈ ਅਤੇ ਅਜਿਹੇ ਸਮੇਂ 'ਚ ਐਨ.ਜੀ.ਓ ਰੱਬੀ ਰੂਪ ਬਣ ਕੇ ਸਾਹਮਣੇ ਆਈਆਂ ਹਨ। ਇਕ ਗੱਲ ਸੋਚ ਕੇ ਸਰੀਰ ਅੰਦਰ ਇਕ ਕੰਬਣੀ ਜਿਹੀ ਛਿੜ ਜਾਂਦੀ ਹੈ ਕਿ ਜੇਕਰ ਕਿਤੇ ਇਹ ਸਮਾਜ ਸੇਵੀ ਸੰਸਥਾਵਾਂ ਨਾ ਹੋਣ ਤਾਂ ਹਾਲਾਤ ਕੀ ਹੋਣਗੇ? ਕਿਉਂਕਿ ਹੁਣ ਦੇਖਿਆ ਜਾ ਰਿਹਾ ਹੈ ਕਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮਾਜ ਸੇਵੀ ਸੰਸਥਾਵਾਂ ਜਾਂ ਹੋਰ ਸਮਾਜ ਸੇਵੀ ਆਗੂ ਰੋਜਾਨਾ ਲੰਗਰ ਤਿਆਰ ਕਰਕੇ ਲੋੜਵੰਦਾਂ ਨੂੰ ਵਰਤਾ ਰਹੇ ਹਨ ਤੇ ਉਨ੍ਹਾਂ ਦੀ ਇਸ ਸੇਵਾ ਨੂੰ ਦੇਖ ਕੇ ਲੱਗ ਰਿਹਾ ਹੈ ਦੇਸ਼ ਸ਼ਾਇਦ ਰੱਬ ਆਸਰੇ ਹੀ ਚੱਲ ਰਿਹਾ ਹੈ। ਇਕ ਹੋਰ ਸਭ ਤੋਂ ਅਹਿਮ ਗੱਲ ਸ਼ਾਇਦ ਲੌਕਡਾਊਨ ਦੇ ਦਿਨਾਂ 'ਚ ਕਾਫੀ ਲੋਕਾਂ ਦੇ ਮਨਾਂ ਅੰਦਰ ਦੇਸ਼ ਦੇ ਮੌਜੂਦਾ ਹਾਲਾਤਾਂ 'ਚ ਅਪਰਾਧ ਦਰ ਦੇ ਨਾ ਮਾਤਰ ਹੋਣ ਬਾਰੇ ਵੀ ਕਈ ਸਵਾਲ ਪੈਦਾ ਹੋਏ ਹਨ। ਕਿਉਂਕਿ ਇਸ ਲੌਕਡਾਊਨ ਦੇ ਦਿਨਾਂ ਤੋਂ ਲੈ ਕੇ ਅੱਜ ਤੱਕ ਤੇ ਸ਼ਾਇਦ ਜਦੋਂ ਤੱਕ ਲੌਕਡਾਊਨ ਰਹੇਗਾ ਉਦੋਂ ਤੱਕ ਦੇਸ਼ ਅੰਦਰ ਨਾ ਤਾਂ ਰਾਹ ਜਾਂਦੇ ਕਿਸੇ ਗਰੀਬ ਮਜ਼ਦੂਰ ਦੀ ਕੁੱਟਮਾਰ ਕਰਕੇ ਪੈਸੇ ਖੋਹੇ ਗਏ, ਨਾ ਕਿਸੇ ਨਸ਼ੇੜੀ ਪੁੱਤ ਵੱਲੋਂ ਪੈਸਿਆਂ ਕਰਕੇ ਆਪਣੇ ਮਾਪਿਆਂ ਦਾ ਕਤਲ ਕੀਤਾ, ਨਾ ਹੀ ਨੰਨੀਆਂ ਬਾਲੜੀਆਂ ਅਤੇ ਲੜਕੀਆਂ ਨੂੰ ਬਹਿਸ਼ੀ ਦਰੰਦਿਆਂ ਵੱਲੋਂ ਹਵਸ਼ ਦਾ ਸ਼ਿਕਾਰ ਕਰਕੇ ਕਤਲ ਕੀਤਾ ਗਿਆ, ਨਾ ਕਿਸੇ ਭਰਾ ਵੱਲੋਂ ਜ਼ਮੀਨ ਕਰਕੇ ਆਪਣੇ ਹੀ ਭਰਾ ਦਾ ਕਤਲ ਕੀਤਾ, ਨਾ ਹੀ ਕੋਈ ਧੀ ਦਾਜ ਦੀ ਬਲੀ ਚੜੀ ਅਤੇ ਇਸ ਤੋਂ ਇਲਾਵਾ ਹੋਰ ਪਤਾ ਨੀ ਕਿੰਨੀਆਂ ਹੀ ਅਣਜੰਮੀਆਂ ਧੀਆਂ ਕੁੱਖਾਂ 'ਚ ਕਤਲ ਹੋਣੋ ਬਚ ਗਈਆਂ। ਇਸ ਲਈ ਸਰਕਾਰਾਂ ਦੀ ਆਪÎਣੇ ਲੋਕਾਂ ਪ੍ਰਤੀ ਯੋਗ ਅਤੇ ਸਚੁੱਜੇ ਪ੍ਰਬੰਧਾਂ ਦੀ ਘਾਟ ਤੋਂ ਇਹ ਮਹਿਸੂਸ ਹੋ ਰਿਹਾ ਹੈ ਕਿ ਅਜ਼ਾਦ ਸਮਾਜ ਦੀ ਇਸ ਅਜ਼ਾਦ ਫਿਜਾ 'ਚ ਘੁੰਮਣ ਨਾਲੋਂ ਘਰਾਂ 'ਚ ਕੈਦ ਕਰਨ ਵਾਲਾ ਇਹ ਲੌਕਡਾਊਨ ਹੀ ਚੰਗਾ ਹੈ, ਭਾਵੇਂ ਕਿ ਜਿਹੜੇ ਮਜ਼ਦੂਰ ਅਤੇ ਮੱਧਵਰਗੀ ਪਰਿਵਾਰਾਂ ਲਈ ਇਹ ਇਕ ਬੇਹੱਦ ਔਖੀ ਘੜੀ ਹੈ, ਪਰ ਸ਼ਾਇਦ ਭੁੱਖ ਤੋਂ ਪਹਿਲਾਂ ਧੀਆਂ ਦੀ ਇੱਜ਼ਤ, ਮਾਪਿਆਂ ਦਾ ਸਤਿਕਾਰ, ਭਰਾਵਾਂ 'ਚ ਪਿਆਰ, ਭਾਈਚਾਰਕ ਸਾਂਝ ਅਤੇ ਕੁੱਖਾਂ 'ਚ ਕਤਲ ਹੁੰਦੀਆਂ ਧੀਆਂ ਦੀ ਜਿੰਦਗੀ ਜ਼ਿਆਦਾ ਜ਼ਰੂਰੀ ਹੈ।
ਅਜੀਤ ਸਿੰਘ ਅਖਾੜਾ
ਪੱਤਰਕਾਰ ਜਗਰਾਉਂ
95925 51348
ਫੋਟੋ- ਅਜੀਤ ਸਿੰਘ ਅਖਾੜਾ