You are here

ਪੰਜਾਬ 'ਚ ਕੋਰੋਨਾ ਨਾਲ 4 ਹੋਰ ਮੌਤਾਂ, 102 ਨਵੇਂ ਪਾਜ਼ੇਟਿਵ

ਚੰਡੀਗੜ੍ਹ, ਜੁਲਾਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-ਪੰਜਾਬ 'ਚ ਮੰਗਲਵਾਰ ਨੂੰ ਕੋਰੋਨਾ ਦੇ ਕਾਰਨ ਚਾਰ ਹੋਰ ਲੋਕਾਂ ਦੀ ਮੌਤ ਹੋ ਗਈ। ਅੰਮ੍ਰਿਤਸਰ 'ਚ ਦੋ, ਜਦਕਿ ਜਲੰਧਰ ਤੇ ਲੁਧਿਆਣਾ 'ਚ ਇਕ-ਇਕ ਵਿਅਕਤੀ ਦੀ ਜਾਨ ਗਈ। ਇਸਦੇ ਨਾਲ ਹੀ ਪੰਜਾਬ 'ਚ ਮਰਨ ਵਾਲਿਆਂ ਦੀ ਗਿਣਤੀ 143 ਹੋ ਗਈ ਹੈ। ਇਨ੍ਹਾਂ 'ਚ 98 ਮੌਤਾਂ ਸਿਰਫ਼ ਜੂਨ ਮਹੀਨੇ 'ਚ ਹੀ ਹੋਈਆਂ ਹਨ। ਮਈ 'ਚ 25, ਅਪ੍ਰੈਲ 'ਚ 16, ਜਦਕਿ ਮਾਰਚ 'ਚ ਚਾਰ ਲੋਕਾਂ ਦੀ ਮੌਤ ਹੋਈ।

ਮੰਗਲਵਾਰ ਨੂੰ ਅੰਮ੍ਰਿਤਸਰ ਦੀ ਫ੍ਰੈਂਡਜ਼ ਕਾਲੋਨੀ ਦੇ 60 ਸਾਲਾ ਵਿਅਕਤੀ ਨੇ ਗੁਰੂ ਨਾਨਕ ਦੇਵ ਹਸਪਤਾਲ 'ਚ ਦਮ ਤੋੜਿਆ, ਜਦਕਿ 78 ਸਾਲਾ ਇਕ ਹੋਰ ਬਜ਼ੁਰਗ ਦੀ ਨਿੱਜੀ ਹਸਪਤਾਲ 'ਚ ਮੌਤ ਹੋ ਗਈ। ਅੰਮ੍ਰਿਤਸਰ 'ਚ ਮ੍ਰਿਤਕਾਂ ਦੀ ਗਿਣਤੀ 43 ਹੋ ਗਈ ਹੈ, ਜਦਕਿ ਜਲੰਧਰ 'ਚ ਹੁਣ ਤਕ 22 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਥੇ ਮੰਗਲਵਾਰ ਨੂੰ ਗੁਰੂ ਨਾਨਕਪੁਰਾ ਦੇ ਰਹਿਣ ਵਾਲੇ 55 ਸਾਲਾ ਵਿਅਕਤੀ ਨੇ ਦਮ ਤੋੜ ਦਿੱਤਾ। ਉਹ ਪੇਸ਼ੇ ਤੋਂ ਕੰਪਿਊਟਰ ਆਪ੍ਰੇਟਰ ਸੀ। ਲੁਧਿਆਣਾ 'ਚ ਵੀ 43 ਸਾਲਾ ਵਿਅਕਤੀ ਦੀ ਮੌਤ ਹੋ ਗਈ। ਉੱਥੇ, ਸੂਬੇ 'ਚ ਮੰਗਲਵਾਰ ਨੂੰ 102 ਨਵੇਂ ਕੇਸ ਆਏ। ਲੁਧਿਆਣਾ 'ਚ ਸਭ ਤੋਂ ਜ਼ਿਆਦਾ 37, ਸੰਗਰੂਰ 'ਚ 18 ਤੇ ਅੰਮ੍ਰਿਤਸਰ 'ਚ 12 ਕੇਸ ਆਏ, ਜਦਕਿ ਹੋਰ ਜ਼ਿਲ੍ਹਿਆਂ 'ਚ 35 ਮਾਮਲੇ ਰਿਪੋਰਟ ਹੋਏ। ਸੂਬੇ 'ਚ ਕੁੱਲ ਪੀੜਤਾਂ ਦੀ ਗਿਣਤੀ 5637 ਹੋ ਗਈ ਹੈ। ਇਨ੍ਹਾਂ 'ਚ ਸਰਗਰਮ ਲੋਕਾਂ ਦੀ ਗਿਣਤੀ 1627 ਹੀ ਹੈ। ਮੰਗਲਵਾਰ ਨੂੰ 103 ਲੋਕ ਸਿਹਤਯਾਬ ਹੋਏ।